ਪਹਾੜੀ ਇਲਾਕਿਆਂ ਵਿੱਚ ਹੋਈ ਬਰਫਬਾਰੀ ਕਾਰਨ ਉੱਤਰ ਭਾਰਤ 'ਚ ਠੰਡ ਨੇ ਜੋਰ ਫੜ ਲਿਆ ਹੈ। ਹੱਡ ਚੀਰਵੀ ਸੀਤ ਲਹਿਰ ਕਾਰਨ ਲੋਕ ਆਪਣੇ ਘਰਾਂ 'ਚ ਦੁੱਬਕੇ ਬੈਠਣ ਲਈ ਮਜਬੂਰ ਹਨ।
Winter Weather: ਇੱਕ ਪਾਸੇ ਜਿੱਥੇ ਦਿਸੰਬਰ ਦੇ ਪਹਿਲੇ ਹਫ਼ਤੇ 'ਚ ਉੱਤਰ ਭਾਰਤ ਦੇ ਸਾਰਿਆਂ ਸੂਬਿਆਂ ਵਿੱਚ ਠੰਡ ਵਧ ਗਈ ਹੈ। ਉੱਥੇ ਵੀ ਦੂਜੇ ਪਾਸੇ ਠੰਡ ਕਾਰਨ ਦਿੱਲੀ ਦਾ ਏਕਿਊਆਈ (AQI) ਬਹੁਤ ਖ਼ਰਾਬ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। ਸ਼ੀਤ ਲਹਿਰ ਕਾਰਨ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ ਦੇ ਘੱਟੋ-ਘੱਟ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਪੰਜਾਬ 'ਚ ਠੰਡ ਨੇ ਛੇੜੀ ਕੰਬਣੀ
ਪਹਾੜੀ ਇਲਾਕਿਆਂ 'ਚ ਬਰਫਬਾਰੀ ਕਾਰਨ ਪੰਜਾਬ ਵਰਗੇ ਮੈਦਾਨੀ ਇਲਾਕਿਆਂ 'ਚ ਠੰਡ ਨੇ ਜੋਰ ਫੜ ਲਿਆ ਹੈ। ਇੱਕ ਪਾਸੇ ਜਿੱਥੇ ਲੋਕ ਠੰਡ ਤੋਂ ਬਚਣ ਲਈ ਅੱਗ ਸੇਕਦੇ ਨਜ਼ਰ ਆ ਰਹੇ ਹਨ, ਉੱਥੇ ਹੀ ਬਾਜਾਰਾਂ ਵਿੱਚ ਗਰਮ ਕੱਪੜਿਆਂ ਦੀ ਵਿਕਰੀ ਵੀ ਤੇਜ਼ ਹੋ ਗਈ ਹੈ। ਅੱਜ ਸਵੇਰੇ ਧੁੰਦ ਦੀ ਚਾਦਰ ਨੇ ਸੂਬੇ ਦੇ ਵੱਖ-ਵੱਖ ਥਾਵਾਂ ਨੂੰ ਅਪਣੀ ਬੁੱਕਲ ਵਿੱਚ ਘੇਰ ਲਿਆ, ਜਿਸ ਕਰਕੇ ਵਾਹਨ ਚਾਲਕਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪਈਆਂ। ਧੁੰਦ ਕਾਰਨ ਸੜਕਾਂ 'ਤੇ ਵਿਜੀਵਿਲਿਟੀ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਅਪਣੇ ਵਾਹਨਾਂ ਦੀਆਂ ਹੈੱਡ ਲਾਇਟਾਂ ਚਲਾ ਕੇ ਸਫਰ ਕਰਦੇ ਦੇਖਿਆ ਗਿਆ।
ਹਰਿਆਣਾ ਦੇ ਸਕੂਲਾਂ ਦਾ ਬਦਲਿਆ ਸਮਾਂ
ਵਧਦੀ ਠੰਡ ਕਾਰਨ ਬਜ਼ੁਰਗ ਹੀ ਨਹੀਂ ਬੱਚੇ ਵੀ ਕਾਫੀ ਪਰੇਸ਼ਾਨ ਹਨ। ਜਿਸਦੇ ਚਲਦਿਆਂ ਹਰਿਆਣਾ ਦੇ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। ਦਿਨ-ਬ-ਦਿਨ ਡਿੱਗ ਰਹੇ ਪਾਰੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਹੁਣ ਸਕੂਲ ਸਵੇਰੇ ਜਲਦੀ ਸ਼ੁਰੂ ਹੋਣ ਦੀ ਥਾਂ ਥੋੜ੍ਹੀ ਦੇਰੀ ਨਾਲ ਸ਼ੁਰੂ ਹੋਣਗੇ। ਹਰਿਆਣਾ ਸਰਕਾਰ ਨੇ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਹੁਣ ਸਕੂਲਾਂ ਦਾ ਸਮਾਂ ਸਵੇਰੇ 9.30 ਵਜੇ ਰੱਖਿਆ ਹੈ। ਇਸ ਤੋਂ ਇਲਾਵਾ ਠੰਡ ਤੋਂ ਰਾਹਤ ਪਾਉਣ ਲਈ ਲੋਕ ਟੋਲੀਆਂ ਬਣਾ ਕੇ ਅੱਗ ਸੇਕਦੇ ਵਿਖਾਈ ਦੇ ਰਹੇ ਹਨ।
ਬਹੁਤ ਖ਼ਰਾਬ ਸ਼੍ਰੇਣੀ 'ਚ ਦਿੱਲੀ ਦਾ AQI
ਦਿਸੰਬਰ ਦੇ ਪਹਿਲੇ ਹਫ਼ਤੇ ਹੀ ਰਾਜਧਾਨੀ ਵਿੱਚ ਕੜਾਕੇ ਦੀ ਠੰਡ ਨਾਲ ਧੁੰਦ ਦੀ ਚਿੱਟੀ ਚਾਦਰ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਹੀ ਨਹੀਂ ਠੰਡ ਕਾਰਨ ਦਿੱਲੀ ਦਾ ਏਕਿਊਆਈ ਵੀ ਬੇਹੱਦ ਖ਼ਰਾਬ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਰਾਜਧਾਨੀ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਕੀਤਾ ਜਾ ਸਕਦਾ ਹੈ। ਆਉਣ ਵਾਲੇ ਦਿਨਾਂ 'ਚ ਘੱਟੋ-ਘੱਟ ਤਾਪਮਾਨ 'ਚ 2-3 ਡਿਗਰੀ ਸੈਲਸੀਅਸ ਦੀ ਗਿਰਾਵਟ ਵੀ ਦਰਜ ਕੀਤੀ ਜਾਵੇਗੀ।
ਯੂਪੀ-ਬਿਹਾਰ ਦਾ ਮੌਸਮ
ਪੱਛਮੀ ਹਵਾਵਾਂ ਕਾਰਨ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਠੰਡ ਅਚਾਨਕ ਵਧ ਗਈ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਅਚਾਨਕ ਗਿਰਾਵਟ ਦਰਜ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਠੰਡ ਦਾ ਸਿਤਮ ਹੋਰ ਵੀ ਵਧ ਸਕਦਾ ਹੈ। ਇਸ ਦੇ ਨਾਲ ਹੀ ਯੂਪੀ, ਉਤਰਾਖੰਡ ਅਤੇ ਝਾਰਖੰਡ ਵਿੱਚ ਵੀ ਮੌਸਮ ਦਾ ਇਹੀ ਹਾਲ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦਿੱਲੀ ਵਿੱਚ ਅਗਲੇ ਦੋ-ਤਿੰਨ ਦਿਨਾਂ ਤੱਕ ਸਵੇਰੇ ਧੁੰਦ ਛਾਈ ਰਹੇਗੀ ਅਤੇ ਦਿਨ ਵਿੱਚ ਧੁੱਪ ਨਿਕਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਹਿਮਾਚਲ ਤੋਂ ਪੰਜਾਬ ਤੱਕ ਸੰਘਣੀ ਧੁੰਦ, ਦਿੱਲੀ-ਐਨਸੀਆਰ 'ਚ ਜ਼ਹਿਰੀਲੀ ਹਵਾ ਕਾਰਨ ਘੁੱਟ ਰਿਹਾ ਦਮ
ਇਨ੍ਹਾਂ ਸੂਬਿਆਂ 'ਚ ਮੀਂਹ ਦੇ ਆਸਾਰ
● ਅਗਲੇ 3-4 ਦਿਨਾਂ ਤੱਕ ਤਾਮਿਲਨਾਡੂ, ਕੇਰਲ, ਲਕਸ਼ਦੀਪ ਅਤੇ ਕਰਨਾਟਕ 'ਚ ਬਾਰਿਸ਼ ਹੋਵੇਗੀ।
● ਤਾਮਿਲਨਾਡੂ 'ਚ 3 ਦਸੰਬਰ ਯਾਨੀ ਅੱਜ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
● 4 ਦਸੰਬਰ ਦੇ ਆਸਪਾਸ ਦੱਖਣੀ ਅੰਡੇਮਾਨ ਸਾਗਰ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਵਿਕਸਤ ਹੋਣ ਦੀ ਬਹੁਤ ਸੰਭਾਵਨਾ ਹੈ।
● 5 ਦਸੰਬਰ ਦੇ ਆਸਪਾਸ ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਦੱਖਣੀ ਅੰਡੇਮਾਨ ਸਾਗਰ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਬਣ ਸਕਦਾ ਹੈ।
● ਅਗਲੇ 48 ਘੰਟਿਆਂ ਦੌਰਾਨ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਇੱਕ ਦਬਾਅ ਬਣੇਗਾ।
● ਇਸ ਦੇ ਪੱਛਮ-ਉੱਤਰ-ਪੱਛਮ ਵੱਲ ਵਧਣ ਅਤੇ 8 ਦਸੰਬਰ ਨੂੰ ਤਾਮਿਲਨਾਡੂ-ਪੁਡੂਚੇਰੀ ਤੱਟਾਂ ਦੇ ਨੇੜੇ ਪਹੁੰਚਣ ਦੀ ਬਹੁਤ ਸੰਭਾਵਨਾ ਹੈ।
Summary in English: Winter torture continues, People's difficulties increased due to fog cover