Weather Forecast: ਉੱਤਰੀ ਭਾਰਤ ਦੇ ਕਈ ਸੂਬੇ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਦੀ ਲਪੇਟ 'ਚ ਹਨ। ਮੌਸਮ ਵਿਭਾਗ ਅਨੁਸਾਰ ਅੱਜ ਯਾਨੀ 4 ਜੂਨ ਨੂੰ ਚੋਣ ਉਤਸ਼ਾਹ ਦੇ ਵਿਚਕਾਰ ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ, ਬਿਹਾਰ, ਝਾਰਖੰਡ, ਹਰਿਆਣਾ, ਦਿੱਲੀ ਅਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਪੱਛਮੀ ਬੰਗਾਲ 'ਚ ਮੌਨਸੂਨ ਦੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਇਨ੍ਹੀਂ ਦਿਨੀਂ ਬਹੁਤ ਗਰਮੀ ਹੈ ਅਤੇ ਇੱਥੇ ਦਿਨ ਦਾ ਤਾਪਮਾਨ 44 ਡਿਗਰੀ ਦੇ ਨੇੜੇ ਹੈ। ਮੌਸਮ ਵਿਭਾਗ (IMD) ਨੇ ਅੱਜ ਯਾਨੀ 4 ਜੂਨ ਨੂੰ ਦਿੱਲੀ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਉੱਤਰ ਪ੍ਰਦੇਸ਼ ਦਾ ਮੌਸਮ
ਮੌਸਮ ਵਿੱਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਗੱਲ ਕਰੀਏ ਤਾਂ ਇੱਥੇ ਸਵੇਰ ਬਹੁਤ ਹੀ ਸੁਹਾਵਣੀ ਰਹੀ ਕਿਉਂਕਿ ਰਾਤ ਭਰ ਚੱਲੇ ਤੂਫਾਨ ਤੋਂ ਬਾਅਦ ਸਵੇਰੇ ਹਲਕੀ ਬਾਰਿਸ਼ ਕਾਰਨ ਤਾਪਮਾਨ 'ਚ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਲੋਕਾਂ ਨੂੰ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ। ਜਦੋਂਕਿ, ਹੋਰ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਅੱਜ ਲਖਨਊ, ਕਾਨਪੁਰ ਅਤੇ ਬਹਿਰਾਇਚ ਦੇ ਨਾਲ-ਨਾਲ ਯੂਪੀ ਦੇ ਮੱਧ ਅਤੇ ਪੂਰਬੀ ਹਿੱਸਿਆਂ ਵਿੱਚ ਵੀ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ, ਜਿਸ ਕਾਰਨ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ।
ਪੰਜਾਬ ਦਾ ਮੌਸਮ
ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਤੋਂ ਪਰੇਸ਼ਾਨ ਲੋਕਾਂ ਨੂੰ ਤੂਫਾਨ ਅਤੇ ਮੀਂਹ ਨੇ ਕੁਝ ਰਾਹਤ ਦਿੱਤੀ ਹੈ। ਦਰਅਸਲ, ਸੋਮਵਾਰ ਸ਼ਾਮ ਨੂੰ ਪੰਜਾਬ ਦੀਆਂ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਈ, ਜਿਸ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ। ਹਾਲਾਂਕਿ, ਅੱਜ ਯਾਨੀ ਮੰਗਲਵਾਰ ਸਵੇਰੇ ਵੀ ਸੂਬੇ ਵਿੱਚ ਬੱਦਲਵਾਈ ਦੇ ਨਜ਼ਾਰੇ ਦੇਖਣ ਨੂੰ ਮਿਲ ਰਹੇ ਹਨ, ਜਿਸਦੇ ਚਲਦਿਆਂ ਮੌਸਮ ਵਿਭਾਗ ਨੇ ਆਉਂਦੇ 3 ਦਿਨਾਂ ਲਈ ਪੰਜਾਬ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦੱਸ ਦੇਈਏ ਕਿ, ਇਸ ਤੋਂ ਪਹਿਲਾਂ ਬਠਿੰਡਾ 46.8 ਡਿਗਰੀ ਨਾਲ ਸਭ ਤੋਂ ਗਰਮ ਸੀ। ਬਠਿੰਡਾ ਦੇ ਨਾਲ-ਨਾਲ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਵੀ ਤੇਜ਼ ਗਰਮੀ ਅਤੇ ਲੂ ਦਾ ਕਹਿਰ ਦੇਖਣ ਨੂੰ ਮਿਲਿਆ।
ਮੌਸਮ ਦੀ ਗਤੀਵਿਧੀ
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਉੱਤਰ-ਪੂਰਬੀ ਭਾਰਤ, ਤਾਮਿਲਨਾਡੂ, ਕਰਨਾਟਕ, ਸਿੱਕਮ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ ਹੈ। ਇਸ ਦੇ ਨਾਲ ਹੀ ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਲਕਸ਼ਦੀਪ, ਉੜੀਸਾ ਦੇ ਕੁਝ ਹਿੱਸਿਆਂ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਦੱਖਣੀ ਮੱਧ ਪ੍ਰਦੇਸ਼, ਦੱਖਣੀ ਗੁਜਰਾਤ, ਪੰਜਾਬ ਦੇ ਕੁਝ ਹਿੱਸਿਆਂ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੱਛਮੀ ਹਿਮਾਲਿਆ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਜਦੋਂਕਿ, ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ, ਲੱਦਾਖ, ਉੜੀਸਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਵੱਖ-ਵੱਖ ਇਲਾਕਿਆਂ 'ਚ ਗਰਮੀ ਦੀ ਸੰਭਾਵਨਾ ਹੈ।
Summary in English: Weather Today: Chance of rain for 3 days in these places of Punjab, get ready for heat again after pleasant weather