ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂਹੰਦ ਨੂੰ ਨਾ ਸਾੜਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਇਸਦੇ ਲਈ ਸਰਕਾਰ ਵੱਲੋਂ ਜਿੱਲ੍ਹਾ ਪੱਧਰ `ਤੇ ਕਈ ਸਿਖਲਾਈ ਕੈੰਪ ਲਗਾਏ ਜਾਂਦੇ ਹਨ ਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਦੌਰਾਨ ਕਿਸਾਨਾਂ ਨੂੰ ਫਸਲੀ ਰਹਿੰਦ ਖੂੰਹਦ ਨੂੰ ਨਾ ਸਾੜਨ ਦੇ ਫਾਇਦਿਆਂ ਨਾਲ ਵੀ ਜਾਣੂ ਕਰਵਾਇਆ ਜਾਂਦਾ ਹੈ।
ਫਸਲੀ ਰਹਿੰਦ ਖੂੰਹਦ ਨੂੰ ਨਾ ਸਾੜਨ `ਤੇ ਖੇਤਾਂ ਵਿੱਚ ਦਬਾਉਣ ਦੇ ਕਈ ਫਾਇਦੇ ਹਨ, ਜਿਸ ਵਿਚੋਂ ਇੱਕ ਫਾਇਦੇ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰਾਮਪੁਰ ਨਰੋਤਮਪੁਰ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਨੇ ਉਦਾਹਰਨ ਦੇ ਨਾਲ ਕਿਸਾਨਾਂ ਅੱਗੇ ਰੱਖਿਆ ਹੈ ਤੇ ਇਸ ਤਰ੍ਹਾਂ ਹੀ ਉਹ ਹੋਰਨਾ ਕਿਸਾਨਾਂ ਲਈ ਮਿਸਾਲ ਬਣ ਗਏ ਹਨ। ਮੱਖਣ ਸਿੰਘ, ਇੱਕ ਅਗਾਂਹਵਧੂ ਕਿਸਾਨ, ਮਿਸ਼ਰਤ ਖੇਤੀ ਦਾ ਅਭਿਆਸ ਕਰਦੇ ਹਨ ਅਤੇ ਆਪਣੇ ਘਰੇਲੂ ਖਪਤ ਲਈ ਮੋਟੇ ਅਨਾਜ ਕੋਧਰਾ ਅਤੇ ਰਾਗੀ ਦੀ ਕਾਸ਼ਤ ਵੀ ਕਰਦੇ ਹਨ।
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰਾਮਪੁਰ ਨਰੋਤਮਪੁਰ ਬਲਾਕ ਖਡੂਰ ਸਾਹਿਬ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਸ. ਮੱਖਣ ਸਿੰਘ ਨੇ ਮੈਟ੍ਰਿਕ ਤੱਕ ਦੀ ਸਿੱਖਿਆ ਪ੍ਰਾਪਤ ਕਰਕੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਨੂੰ ਅਪਣਾਇਆ ਹੈ। ਖੇਤੀ ਵਿੱਚ ਕੁਝ ਵੱਖਰਾ ਕਰਨ ਦੀ ਤਾਂਘ ਨੇ ਸ. ਮੱਖਣ ਸਿੰਘ ਨੂੰ ਰਲਵੀਂ ਖੇਤੀ ਵੱਲ ਪ੍ਰੇਰਿਆ ਅਤੇ ਉਸ ਨੇ ਆਪਣੇ ਪਰਿਵਾਰ ਦੇ ਖਾਣ ਵਾਸਤੇ ਜ਼ਹਿਰ ਮੁਕਤ ਫਲ-ਸਬਜ਼ੀਆਂ ਅਤੇ ਅਨਾਜ ਬੀਜਣਾ ਸ਼ੁੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਚੰਗੇ ਨਤੀਜਿਆਂ ਨੇ ਉਨ੍ਹਾਂ ਨੂੰ ਦਾਲਾਂ, ਸਿੱਧੀ ਬਿਜਾਈ, ਕਮਾਦ, ਹਰੀ ਖਾਦ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ `ਚ ਦਬਾਉਣ ਲਈ ਪ੍ਰੇਰਿਤ ਕੀਤਾ।
ਅਗਾਂਹਵਧੂ ਕਿਸਾਨ ਮੱਖਣ ਸਿੰਘ ਨੇ ਪਿਛਲੇ ਪੰਜ-ਛੇ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਉਸ ਨੂੰ ਖੇਤ ਵਿਚ ਹੀ ਵਾਹ ਕੇ ਖਾਦ ਦਾ ਕੰਮ ਲਿਆ। ਮੱਖਣ ਸਿੰਘ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਦਬਾਉਣ ਨਾਲ ਤੀਜੇ ਸਾਲ ਖਾਦ ਦੀ ਲਾਗਤ ਅੱਧੀ ਰਹਿ ਜਾਂਦੀ ਹੈ। ਉਸ ਕੋਲ ਖੇਤੀ ਦੇ ਸਾਰੇ ਸੰਦ ਹਨ ਜਿਨ੍ਹਾਂ ਵਿੱਚ 2 ਟਰੈਕਟਰ, ਰੋਟਾਵੇਟਰ, ਹੱਲ, ਸੁਪਰ ਸੀਡਰ, ਤਵੀਆਂ, ਜਿੰਦ੍ਰਾ, 2 ਟਰਾਲੀਆਂ ਸ਼ਾਮਲ ਹਨ। ਮੱਖਣ ਸਿੰਘ ਆਪਣੇ ਫਸਲੀ ਚੱਕਰ ਵਿੱਚ ਝੋਨਾ-ਮਟਰ, ਆਲੂ-ਮੱਕੀ ਅਤੇ ਝੋਨਾ-ਮਟਰ-ਕਣਕ-ਮੂੰਗੀ ਦੀ ਵੀ ਕਾਸ਼ਤ ਕਰਦੇ ਹਨ।
ਇਹ ਵੀ ਪੜ੍ਹੋ : Punjab ਦੀ Manpreet Kaur ਨੇ Dairy Farm ਦੇ ਕਿੱਤੇ ਤੋਂ ਖੱਟਿਆ ਨਾਮਣਾ, ਖੁਦ ਤਿਆਰ ਕਰਦੀ ਹੈ ਪਸ਼ੂ ਫੀਡ
ਕਿਸਾਨ ਮੱਖਣ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਸਿਹਤ ਦਾ ਬਹੁਤ ਖਿਆਲ ਰੱਖਦੇ ਹਨ ਅਤੇ ਉਹ ਆਪ ਆਪਣੀ ਖ਼ੁਰਾਕ ਵਿੱਚ ਮੋਟੇ ਅਨਾਜ ਵੀ ਵਰਤਦੇ ਹਨ, ਇਸ ਵਾਸਤੇ ਉਹਨਾਂ ਨੇ ਆਪਣੇ ਘਰ ਪੀਹਣ ਵਾਲੀ ਛੋਟੀ ਚੱਕੀ ਵੀ ਲਿਆਂਦੀ ਹੈ ਅਤੇ ਉਹ ਵੱਖ-ਵੱਖ ਅਨਾਜਾਂ ਦਾ ਆਟਾ ਪੀਸ ਕੇ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਦੇ ਹਨ।
ਉਸ ਨੇ ਦੱਸਿਆ ਕਿ ਉਹ ਮੰਡੀਕਰਨ ਦੇ ਖੇਤਰ `ਚ ਵੀ ਆਉਣ ਦਾ ਇਰਾਦਾ ਰੱਖਦੇ ਹਨ ਅਤੇ ਉਹ ਆਪਣੇ ਘਰ ਦੇ ਕਮਾਦ ਦੀ ਬਿਜਾਈ ਕਰਦੇ ਹਨ ਅਤੇ ਇਸ ਵਾਰ ਗੁੜ ਦੀ ਕਾਸ਼ਤ ਕਰਕੇ ਮੰਡੀਕਰਨ ਦਾ ਇਰਾਦਾ ਰੱਖਦੇ ਹਨ। ਉਹ ਬਾਸਮਤੀ ਦੀ ਸਿੱਧੀ ਬਿਜਾਈ ਵੀ ਕਰਦੇ ਹਨ ਤਾਂ ਜੋ ਘਟਦੇ ਪਾਣੀ ਦੇ ਪੱਧਰ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕੇ ਅਤੇ ਉਹ ਪਾਣੀ ਧਰਤੀ ਹੇਠ ਜਾ ਸਕੇ। ਉਹ ਘਰੇਲੂ ਵਰਤੋਂ ਲਈ ਆਪਣੇ ਖੇਤਾਂ ਵਿੱਚ ਮੋਟੇ ਅਨਾਜ ਕੋਧਰਾ ਅਤੇ ਰਾਗੀ ਦੀ ਕਾਸ਼ਤ ਵੀ ਕਰਦੇ ਹਨ ਅਤੇ ਜੇਕਰ ਕੋਈ ਕਿਸਾਨ ਕੋਧਰਾ ਦਾ ਬੀਜ ਖਰੀਦਣਾ ਚਾਹੁੰਦਾ ਹੈ ਤਾਂ ਉਹ ਬੀਜ ਮੁਫ਼ਤ ਮੁਹੱਈਆ ਕਰਵਾਉਂਦੇ ਹਨ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਤਰਨ ਤਾਰਨ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: This progressive farmer explained how to halve the cost of fertilizers, became an example for farmers