Fish Farmer Jasvir Singh Aujla: ਅਕਸਰ ਇੱਕ ਨਵਾਂ ਕਿਸਾਨ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅਪਣਾਉਂਦਾ ਹੈ ਅਤੇ ਆਪਣੇ ਪੁਰਖਿਆਂ ਦੇ ਦਿਸ਼ਾਂ-ਨਿਰਦੇਸ਼ਾਂ ਦੀ ਪਾਲਣਾ ਕਰਕੇ ਵੱਡੀਆਂ ਉਚਾਈਆਂ ਪ੍ਰਾਪਤ ਕਰਦਾ ਹੈ। ਪਰ ਇਨ੍ਹਾਂ ਕਿਸਾਨਾਂ ਵਿੱਚੋਂ ਕੁਝ ਕਿਸਾਨ ਅਜਿਹੇ ਵੀ ਹਨ ਜੋ ਆਪਣੇ ਵੱਡੇ-ਵੱਡੇਰਿਆਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਦੇ ਨਾਲ-ਨਾਲ ਕੁਝ ਵੱਖਰਾ ਵੀ ਕਰ ਦਿਖਾਉਂਦੇ ਹਨ, ਜੋ ਵਧੀਆ ਉਦਾਹਰਣ ਵੱਜੋਂ ਸਾਹਮਣੇ ਆਉਂਦੇ ਹਨ।
ਅਸੀਂ ਗੱਲ ਕਰ ਰਹੇ ਹਾਂ ਪਿੰਡ ਕਰੌਦੀਆਂ, ਬਲਾਕ ਖੰਨਾ, ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਜਸਵੀਰ ਸਿੰਘ ਔਜਲਾ ਦੀ, ਜਿਨ੍ਹਾਂ ਨੇ ਮੱਛੀ ਪਾਲਣ ਨੂੰ ਸਹਾਇਕ ਕਿੱਤੇ ਵੱਜੋਂ ਅਪਣਾਇਆ ਅਤੇ ਵਧੀਆ ਸਫਲਤਾ ਹਾਸਿਲ ਕੀਤੀ। ਜਸਵੀਰ ਸਿੰਘ ਔਜਲਾ ਪੰਜਾਬ ਵਿੱਚ ਇੱਕ ਅਜਿਹੇ ਮੱਛੀ ਪਾਲਕ ਵੱਜੋਂ ਉਭਰੇ ਹਨ, ਜਿਨ੍ਹਾਂ ਨੂੰ ਆਪਣੀ ਉੱਤਮਤਾ ਲਈ ਕ੍ਰਿਸ਼ੀ ਜਾਗਰਣ ਦੇ MFOI ਅਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਸ ਕਿਸਾਨ ਦਾ ਫ਼ਸਲੀ ਚੱਕਰ ਤੋਂ ਮੱਛੀ ਪਾਲਣ ਤੱਕ ਦਾ ਸਫ਼ਰ...
ਸਫਲ ਮੱਛੀ ਪਾਲਕ ਜਸਵੀਰ ਸਿੰਘ ਔਜਲਾ
ਪੰਜਾਬ ਦੀ ਖੇਤੀ ਖੁਸ਼ਹਾਲ ਤਾਂ ਹੈ, ਪਰ ਸਮੇਂ ਦੇ ਚਲਦੇ ਅਤੇ ਮਹਿੰਗਾਈ ਦੇ ਵਧਣ ਕਰਕੇ ਇਕੱਲੀ ਖੇਤੀ ਤੇ ਨਿਰਭਰਤਾ ਸੰਭਵ ਨਹੀਂ ਰਹਿ ਗਈ। ਇਸੇ ਲਈ ਖੇਤੀ ਦੇ ਨਾਲ-ਨਾਲ ਕਿਸਾਨ ਕੋਈ ਨਾ ਕੋਈ ਖੇਤੀ ਸਹਾਇਕ ਧੰਦਾ ਵੀ ਆਪਣਾ ਰਹੇ ਹਨ। ਸਹਾਇਕ ਕਿੱਤੇ ਵਿੱਚ ਮੱਛੀ ਪਾਲਣ ਇੱਕ ਪ੍ਰਮੁੱਖ ਕਿੱਤਾ ਹੈ। ਇਸ ਕਿੱਤੇ ਨੂੰ ਬੜੀ ਹੀ ਕਾਮਯਾਬੀ ਨਾਲ ਕਰ ਰਹੇ ਹਨ ਪਿੰਡ ਕਰੌਦੀਆਂ, ਬਲਾਕ ਖੰਨਾ, ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਜਸਵੀਰ ਸਿੰਘ ਔਜਲਾ। ਉਂਝ ਤਾਂ ਹਰ ਕਾਮਯਾਬੀ ਪਿੱਛੇ ਇੱਕ ਕਹਾਣੀ ਹੁੰਦੀ ਹੈ, ਜਸਵੀਰ ਸਿੰਘ ਔਜਲਾ ਵੀ ਉਨ੍ਹਾਂ ਲੋਕਾਂ ਵਿਚੋਂ ਹੀ ਹਨ, ਜਿਨ੍ਹਾਂ ਨੇ ਇੱਕ ਲੰਬਾ ਸਫਰ ਤਹਿ ਕਰਕੇ ਮੱਛੀ ਪਾਲਣ ਵਿੱਚ ਵੱਖਰੀ ਪਛਾਣ ਬਣਾਈ ਹੈ। ਦਰਅਸਲ, ਇਹ ਕਿਸਾਨ ਪਹਿਲਾਂ ਆਮ ਕਿਸਾਨਾਂ ਵਾਂਗ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚ ਫੱਸਿਆ ਹੋਇਆ ਸੀ। ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਇਸ ਕਿਸਾਨ ਨੇ ਸਾਲ 1992 ਵਿੱਚ ਆਪਣੀ ਕੁੱਲ 20 ਏਕੜ ਜ਼ਮੀਨ ਤੋਂ ਖੇਤੀਬਾੜੀ ਕਿੱਤੇ ਦੀ ਸ਼ੁਰੂਆਤ ਕੀਤੀ, ਪਰ ਕਿਸਮਤ ਨੂੰ ਇੱਥੇ ਕੁਝ ਹੋਰ ਹੀ ਮਨਜ਼ੂਰ ਸੀ। ਕਰੀਬ 5 ਸਾਲ ਬਾਅਦ ਯਾਨੀ ਸਾਲ 1999 ਕਿਸਾਨ ਜਸਵੀਰ ਸਿੰਘ ਔਜਲਾ ਲਈ ਟਰਨਿੰਗ ਪੁਆਇੰਟ ਸਾਬਿਤ ਹੋਇਆ। ਇਹ ਉਹ ਸਾਲ ਸੀ ਜਦੋਂ ਇਸ ਕਿਸਾਨ ਨੇ ਮੱਛੀ ਪਾਲਣ ਦਾ ਧੰਦਾ ਕਰਨ ਦਾ ਫੈਸਲਾ ਕੀਤਾ ਅਤੇ ਇਸ ਧੰਦੇ ਦੀਆਂ ਪੇਚੀਦਗੀਆਂ ਨੂੰ ਸਮਝਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਪੂਰੀ ਸਿਖਲਾਈ ਲਈ। ਅੱਜ ਇਹ ਕਿਸਾਨ ਆਪਣੀ 27 ਏਕੜ ਜ਼ਮੀਨ 'ਤੇ ਸਫਲ ਮੱਛੀ ਪਾਲਣ ਅਤੇ 24 ਏਕੜ ਜ਼ਮੀਨ 'ਤੇ ਕਣਕ-ਝੋਨੇ ਦੀ ਸਫਲ ਕਾਸ਼ਤ ਕਰ ਰਿਹਾ ਹੈ।
ਮੱਛੀ ਪਾਲਣ ਤੋਂ ਮੁਨਾਫ਼ਾ
ਜਸਵੀਰ ਸਿੰਘ ਔਜਲਾ ਆਪਣੇ ਤਲਾਬਾਂ ਲਈ ਮੱਛੀ ਦਾ ਪੂੰਗ ਜਾਂ ਬੱਚ ਸਰਕਾਰੀ ਮੱਛੀ ਪੂੰਗ ਫ਼ਾਰਮ ਲੁਧਿਆਣਾ ਅਤੇ ਕੁਝ ਨਿਜੀ ਪੂੰਗ ਫ਼ਾਰਮਾਂ ਤੋਂ ਪ੍ਰਾਪਤ ਕਰਦਾ ਹੈ। ਜਸਵੀਰ ਸਿੰਘ ਔਜਲਾ ਆਪਣੀ ਮੱਛੀ ਦੀ ਖ਼ੁਰਾਕ ਆਪ ਤਿਆਰ ਕਰਵਾਉਂਦਾ ਹੈ ਜਿਸ ਵਿੱਚ ਸਰ੍ਹੋਂ ਦੀ ਖੱਲ਼੍ਹ, ਮੱਕੀ ਆਦਿ ਦੀ ਵਰਤੋਂ ਕਰਦਾ ਹੈ। ਤਲਾਬ ਵਿੱਚ ਪੂੰਗ ਪਾਉਣ ਤੋਂ ਬਾਅਦ 6 ਮਹੀਨੇ ਵਿੱਚ ਮੱਛੀ ਵੇਚਣ ਦੇ ਲਈ ਤਿਆਰ ਹੋ ਜਾਂਦੀ ਹੈ। ਜਸਵੀਰ ਸਿੰਘ ਔਜਲਾ ਅਨੁਸਾਰ ਇੱਕ ਏਕੜ ਵਿੱਚ ਲਗਭਗ 20 ਤੋਂ 25 ਕੁਇੰਟਲ ਤੱਕ ਝਾੜ ਪ੍ਰਾਪਤ ਹੋ ਜਾਂਦਾ ਹੈ। ਇਸ ਝਾੜ ਕਰਕੇ ਲਗਭਗ ਲੱਖ ਸਵਾ ਲੱਖ ਦੇ ਕਰੀਬ ਲਾਭ ਹੁੰਦਾ ਹੈ ਆਪਣੇ ਸਾਰੇ ਖਰਚੇ ਕੱਢ ਕੇ।
ਮੱਛੀ ਦੇ ਉਤਪਾਦ
ਜਸਵੀਰ ਸਿੰਘ ਔਜਲਾ ਵਧੇਰੇ ਆਮਦਨ ਲਈ ਮੱਛੀ ਦੇ ਉਤਪਾਦ ਬਣਾਉਣ ਦਾ ਕੰਮ ਵੀ ਕਰਦੇ ਹਨ, ਜਿਸ ਵਿੱਚ ਉਨ੍ਹਾਂ ਦੀ ਪਤਨੀ ਜਸਪ੍ਰੀਤ ਕੌਰ ਪੂਰਾ ਸਾਥ ਦੇ ਰਹੀ ਹੈ। ਬੇਟਾ ਸੁਖਜੀਤ ਸਿੰਘ ਮੱਛੀ ਮੰਡੀ ਵਿੱਚ ਜਸਵੀਰ ਸਿੰਘ ਔਜਲਾ ਨਾਲ ਮਿਲਕੇ ਮੱਛੀ ਦਾ ਪੂਰਾ ਕੰਮ ਸਾਂਭਦਾ ਹੈ। ਜਸਵੀਰ ਸਿੰਘ ਔਜਲਾ ਦਾ ਇੱਕ ਬੇਟਾ ਪਰਨੀਤ ਸਿੰਘ ਵਿਦੇਸ਼ ਵਿੱਚ ਪੜ੍ਹਾਈ ਲਈ ਵੀ ਗਿਆ ਹੋਇਆ ਹੈ। ਮੱਛੀ ਪਾਲਣ ਦੇ ਇੱਸ ਕਿੱਤੇ ਨੂੰ ਕਰਨ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਅਤੇ ਮੱਛੀ ਪਾਲਣ ਵਿਭਾਗ ਲੁਧਿਆਣਾ ਦਾ ਪੂਰਾ ਸਹਿਯੋਗ ਹੈ। ਮੱਛੀਆਂ ਦੀਆਂ ਬਿਮਾਰੀਆਂ ਜਾਂ ਕੋਈ ਹੋਰ ਸਮੱਸਿਆ ਆ ਜਾਵੇ ਤਾਂ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਅਤੇ ਮੱਛੀ ਪਾਲਣ ਵਿਭਾਗ ਦੇ ਵਿਗਿਆਨੀਆਂ ਦੀ ਸਲਾਹ ਲੈ ਕੇ ਜਸਵੀਰ ਸਿੰਘ ਔਜਲਾ ਇਸ ਕਿੱਤੇ ਵਿੱਚ ਹੋਰ ਜ਼ਿਆਦਾ ਕਾਮਯਾਬੀ ਹਾਸਲ ਕਰਦੇ ਹਨ। ਮੱਛੀਆਂ ਦੇ ਉਤਪਾਦ ਬਣਾਅ ਕੇ ਵੇਚਣ ਨਾਲ ਵੀ ਜਸਵੀਰ ਸਿੰਘ ਔਜਲਾ ਦੀ ਆਮਦਨ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਇਹਨਾਂ ਉਤਪਾਦਾਂ ਨੂੰ ਬਣਾਉਣ ਲਈ ਜਸਵੀਰ ਸਿੰਘ ਔਜਲਾ ਨੇ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਖਲਾਈ ਲਈ ਹੋਈ ਹੈ।
ਪਰਿਵਾਰ ਦਾ ਸਹਿਯੋਗ
ਮੱਛੀ ਦੇ ਮੰਡੀਕਰਨ ਲਈ ਜਸਵੀਰ ਸਿੰਘ ਔਜਲਾ ਸਿੱਧਾ ਮੱਛੀ ਦੇ ਠੇਕੇਦਾਰਾਂ ਨੂੰ ਵੇਚਦਾ ਹੈ ਅਤੇ ਇਸ ਦੇ ਨਾਲ ਹੀ ਇਨ੍ਹਾਂ ਨੇ ਮੱਛੀ ਮੰਡੀ ਲੁਧਿਆਣਾ ਵਿੱਚ ਆਪਣੀਆਂ 2 ਦੁਕਾਨਾਂ ਵੀ ਖਰੀਦੀਆਂ ਹੋਈਆਂ ਹਨ ਅਤੇ ਦੂਜੇ ਛੋਟੇ ਮੱਛੀ ਪਾਲਕਾਂ ਲਈ ਮੱਛੀ ਦੀ ਆੜ੍ਹਤ ਦਾ ਕੰਮ ਵੀ ਕਰਦਾ ਹੈ। ਇਸ ਕਿੱਤੇ ਵਿੱਚ ਜਸਵੀਰ ਸਿੰਘ ਔਜਲਾ ਦਾ ਪੂਰਾ ਪਰਿਵਾਰ ਇਸ ਕੰਮ ਵਿੱਚ ਉਸਦੀ ਮਦਦ ਕਰਦਾ ਹੈ।
ਇਹ ਵੀ ਪੜ੍ਹੋ: ਆਪਣੇ ਹੱਥੀਂ ਖੇਤੀ ਕਰਨ ਵਾਲੇ Bathinda ਦੇ ਸਫ਼ਲ ਕਿਸਾਨ ਸ. ਗੁਰਪ੍ਰੀਤ ਸਿੰਘ ਸਿੱਧੂ MFOI 2024 ਦੇ National Award ਨਾਲ ਸਨਮਾਨਿਤ
ਕਈ ਮਾਨ-ਸਨਮਾਨ ਪ੍ਰਾਪਤ
ਮੱਛੀ ਪਾਲਣ ਦੇ ਇਸ ਕਿੱਤੇ ਦੀ ਕਾਮਯਾਬੀ ਕਰਕੇ ਜਸਵੀਰ ਸਿੰਘ ਔਜਲਾ ਨੂੰ ਕਈ ਵਿਭਾਗਾਂ ਦੁਆਰਾ ਮਾਨ-ਸਨਮਾਨ ਵੀ ਦਿੱਤੇ ਜਾ ਚੁਕੇ ਹਨ ਜਿਨਾਂ ਵਿੱਚ ਮੁੱਖ ਤੌਰ 'ਤੇ 2015 ਵਿੱਚ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੁੱਖ ਮੰਤਰੀ ਸਨਮਾਨ ਪ੍ਰਦਾਨ ਕੀਤਾ ਜਾ ਚੁਕਾ ਹੈ। ਹਾਲ ਹੀ ਵਿੱਚ ਕਿਸਾਨ ਜਸਵੀਰ ਸਿੰਘ ਔਜਲਾ ਨੂੰ ਕ੍ਰਿਸ਼ੀ ਜਾਗਰਣ ਦੁਆਰਾ ਆਯੋਜਿਤ ਅਤੇ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ 'ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡਜ਼ 2024' ਵਿੱਚ ਜ਼ਿਲ੍ਹਾ ਪੱਧਰ 'ਤੇ ਸਨਮਾਨ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਇਹ ਪ੍ਰੋਗਰਾਮ ਦਿੱਲੀ ਦੇ ਪੂਸਾ ਆਈਏਆਰਆਈ ਮੇਲਾ ਗ੍ਰਾਉਂਡ ਵਿੱਚ 1 ਤੋਂ 3 ਦਸੰਬਰ ਨੂੰ ਕਰਵਾਇਆ ਗਿਆ ਸੀ।
ਕਣਕ-ਝੋਨੇ ਦੇ ਨਾਲ ਸਬਜ਼ੀਆਂ ਦੀ ਕਾਸ਼ਤ
ਜਸਵੀਰ ਸਿੰਘ ਔਜਲਾ ਨੇ ਤਜ਼ਰਬੇ ਦੇ ਤੌਰ ਤੇ ਮੱਛੀ ਪਾਲਣ ਦੇ ਨਾਲ ਸੂਰ ਪਾਲਣ ਦੇ ਕਿਤੇ ਨੂੰ ਵੀ ਅਪਨਾਇਆ ਸੀ ਅਤੇ ਲਗਭਗ 200 ਦੇ ਕਰੀਬ ਜਾਨਵਰ ਪਾਲੇ ਸਨ, ਪਰ ਜ਼ਿਆਦਾ ਕਾਮਯਾਬੀ ਹਾਸਲ ਨਾ ਹੋਣ ਕਰਕੇ ਇਸ ਕੰਮ ਨੂੰ ਬੰਦ ਕਰਨਾ ਪਿਆ। ਜਸਵੀਰ ਸਿੰਘ ਔਜਲਾ ਮੱਛੀ ਪਾਲਕ ਐਸੋਸੀਏਸ਼ਨ ਦੇ ਉਪ-ਪ੍ਰਧਾਨ ਵੀ ਹਨ। ਮੱਛੀ ਪਾਲਣ ਦੇ ਨਾਲ-ਨਾਲ ਜਸਵੀਰ ਸਿੰਘ ਔਜਲਾ ਆਪਣੀ ਜ਼ਮੀਨ 'ਤੇ ਖੇਤੀ ਵੀ ਕਰਦੇ ਹਨ, ਜਿਸ ਵਿੱਚ ਕਣਕ, ਝੋਨਾ, ਆਲੂ, ਮੱਕੀ, ਸਬਜ਼ੀਆਂ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਆਪਣਾ ਸਾਰਾ ਧਿਆਨ ਜਸਵੀਰ ਸਿੰਘ ਔਜਲਾ ਨੇ ਮੱਛੀ ਪਾਲਣ ਦੇ ਕਿੱਤੇ ਨੂੰ ਵਧਾਉਣ ਵਿੱਚ ਲਗਾਇਆ ਹੋਇਆ ਹੈ।
ਪਾਣੀ ਅਤੇ ਮਿੱਟੀ ਦੀ ਪਰਖ
ਜਸਵੀਰ ਸਿੰਘ ਔਜਲਾ ਸਮੇਂ-ਸਮੇਂ 'ਤੇ ਆਪਣੇ ਮੱਛੀ ਦੇ ਤਲਾਬਾਂ ਦੇ ਪਾਣੀ ਅਤੇ ਮਿੱਟੀ ਦੀ ਪਰਖ ਕਰਵਾਉਂਦੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਮੱਛੀ ਨੂੰ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ। ਬਰਸਾਤਾਂ ਅਤੇ ਬਹੁਤ ਸਰਦੀਆਂ ਦੇ ਮੌਸਮ ਵਿੱਚ ਮੱਛੀ ਨੂੰ ਆਕਸੀਜ਼ਨ ਦੀ ਕੋਈ ਕਮੀ ਨਾ ਹੋਵੇ ਇਸ ਲਈ ਜਸਵੀਰ ਸਿੰਘ ਔਜਲਾ ਨੇ ਆਪਣੇ ਮੱਛੀ ਤਲਾਬਾਂ ਵਿੱਚ ਏਰੀਏਟਰ ਵੀ ਲਗਾਏ ਹੋਏ ਹਨ। ਸਮੇਂ-ਸਮੇਂ ਆਪਣੇ ਮੱਛੀ ਤਲਾਬਾਂ ਨੂੰ ਖਾਲੀ ਕਰਕੇ ਉਸਦੀ ਸੋਧ ਅਤੇ ਸਾਫ਼ ਸਫ਼ਾਈ ਕਰਕੇ ਜਸਵੀਰ ਸਿੰਘ ਔਜਲਾ ਮੱਛੀ ਪਾਲਣ ਦੇ ਕਿਤੇ ਵਿੱਚ ਜ਼ਿਆਦਾ ਆਮਦਨ ਲੈਣ ਲਈ ਉਪਰਾਲੇ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: Millionaire Farmer of India Awards 2024: ਯੁਵਰਾਜ ਪਰਿਹਾਰ ਨੂੰ ਮਿਲਿਆ ਪਹਿਲਾ ਰਨਰ-ਅੱਪ 'ਰਿਚੈਸਟ ਫਾਰਮਰ ਆਫ ਇੰਡੀਆ' ਅਵਾਰਡ
ਕੋਰੋਨਾ ਵੀ ਅੜਿੱਕਾ ਨਹੀਂ ਬਣਿਆ
ਕਰੋਨਾ ਕਾਲ ਦੌਰਾਨ ਵੀ ਜਸਵੀਰ ਸਿੰਘ ਔਜਲਾ ਦੇ ਮੱਛੀ ਕਾਰੋਬਾਰ ਵਿੱਚ ਕੋਈ ਰੁਕਾਵਟ ਨਹੀਂ ਆਈ। ਉਨ੍ਹਾਂ ਦੀ ਮੱਛੀ ਦੀ ਮੰਡੀਕਾਰੀ ਪਹਿਲਾਂ ਵਾਂਗ ਬੇ-ਵਿਘਨ ਚਲਦੀ ਰਹੀ। ਭਵਿੱਖ ਵਿੱਚ ਜਸਬੀਰ ਸਿੰਘ ਔਜਲਾ ਆਪਣੇ ਇਸ ਮੱਛੀ ਪਾਲਣ ਦੇ ਕਿੱਤੇ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਹੋਰ ਤਲਾਬਾਂ ਦੀ ਪੁਟਾਈ ਦਾ ਕੰਮ ਉਨ੍ਹਾਂ ਦੇ ਖੇਤਾਂ ਵਿੱਚ ਚਲ ਰਿਹਾ ਹੈ। ਆਮਦਨ ਵਿੱਚ ਵਾਧੇ ਲਈ ਜਸਵੀਰ ਸਿੰਘ ਔਜਲਾ ਨੇ ਆਪਣੇ ਮੱਛੀ ਤਲਾਬਾਂ ਦੇ ਕਿਨਾਰਿਆਂ ਉੱਤੇ ਹਰੀਆਂ ਸਬਜ਼ੀਆਂ ਅਤੇ ਫ਼ਲਦਾਰ ਬੂਟੇ ਵੀ ਲਗਾਏ ਹੋਏ ਹਨ ਅਤੇ ਇਸ ਦੇ ਨਾਲ ਹੀ ਸਫ਼ੈਦੇ ਦੇ ਰੁੱਖ ਵੀ ਸਾਰੇ ਕਿਨਾਰਿਆਂ ਦੇ ਆਲੇ-ਦੁਆਲੇ ਲਗਾਏ ਹੋਏ ਹਨ ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਹੋਰ ਵਾਧਾ ਹੁੰਦਾ ਜਾ ਰਿਹਾ ਹੈ।
ਮੇਲਿਆਂ ਵਿੱਚ ਸ਼ਮੂਲੀਅਤ
ਕਿਸਾਨ ਮੇਲਿਆਂ ਅਤੇ ਪਸ਼ੂ ਪਾਲਣ ਮੇਲਿਆਂ ਵਿੱਚ ਵੀ ਜਸਵੀਰ ਸਿੰਘ ਔਜਲਾ ਪ੍ਰਦਰਸ਼ਨੀ ਲਗਾ ਕੇ ਆਪਣੇ ਮੱਛੀ ਉਤਪਾਦਾਂ ਨੂੰ ਵੇਚਦੇ ਹਨ ਅਤੇ ਮੱਛੀ ਪਾਲਣ ਦੇ ਇਸ ਕਿੱਤੇ ਦੀਆਂ ਬਰੀਕੀਆਂ ਬਾਰੇ ਹੋਰ ਦੂਜੇ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਹਨ। ਅੱਜ ਜਸਵੀਰ ਸਿੰਘ ਔਜਲਾ ਮੱਛੀ ਪਾਲਣ ਦੇ ਇਸ ਕਿੱਤੇ ਨੂੰ ਸਹਾਇਕ ਕਿਤੇ ਵਜੋਂ ਨਹੀਂ ਸਗੋਂ ਮੁੱਖ ਕਿਤੇ ਵੱਜੋ ਕਰ ਰਹੇ ਹਨ। ਕ੍ਰਿਸ਼ੀ ਜਾਗਰਣ ਆਸ ਕਰਦਾ ਹੈ ਕਿ ਮੱਛੀ ਪਾਲਣ ਦੇ ਇਸ ਕਿੱਤੇ ਵਿੱਚ ਜਸਵੀਰ ਸਿੰਘ ਔਜਲਾ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਨ ਅਤੇ ਕਾਮਯਾਬੀ ਉਹਨਾਂ ਦੇ ਕਦਮ ਚੁੰਮੇਂ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Successful Fish Farmer Jasvir Singh Aujla of Ludhiana honored with MFOI Award 2024, know this farmer's journey from crop rotation to fish farming