1. Home
  2. ਸਫਲਤਾ ਦੀਆ ਕਹਾਣੀਆਂ

ਆਪਣੇ ਹੱਥੀਂ ਖੇਤੀ ਕਰਨ ਵਾਲੇ Bathinda ਦੇ ਸਫ਼ਲ ਕਿਸਾਨ ਸ. ਗੁਰਪ੍ਰੀਤ ਸਿੰਘ ਸਿੱਧੂ MFOI 2024 ਦੇ National Award ਨਾਲ ਸਨਮਾਨਿਤ

ਕਿਸਮਤ ਵੀ ਮਿਹਨਤ ਕਰਨ ਵਾਲਿਆਂ ਦਾ ਹੀ ਸਾਥ ਦਿੰਦੀ ਹੈ। ਕੁਝ ਅਜਿਹਾ ਹੀ ਹੋਇਆ ਜ਼ਿਲ੍ਹਾ ਬਠਿੰਡਾ ਪਿੰਡ ਮਹਿਰਾਜ ਦੇ ਕਿਸਾਨ ਗੁਰਪ੍ਰੀਤ ਸਿੰਘ ਸਿੱਧੂ ਨਾਲ, ਜਿਨ੍ਹਾਂ ਨੂੰ ਆਪਣੀ ਅਣਥੱਕ ਮਿਹਨਤ, ਦ੍ਰਿੜ ਇਰਾਦੇ ਅਤੇ ਹਿੰਮਤ ਸਦਕਾ ਕ੍ਰਿਸ਼ੀ ਜਾਗਰਣ ਦੇ MFOI Awards 2024 ਵਿੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

Gurpreet Kaur Virk
Gurpreet Kaur Virk
ਸਫਲ ਕਿਸਾਨ ਗੁਰਪ੍ਰੀਤ ਸਿੰਘ ਸਿੱਧੂ

ਸਫਲ ਕਿਸਾਨ ਗੁਰਪ੍ਰੀਤ ਸਿੰਘ ਸਿੱਧੂ

Success Story: ਅਜੋਕਾ ਸਮਾਂ ਹਾਰਡ ਵਰਕ ਦਾ ਨਹੀਂ, ਸਗੋਂ ਸਮਾਰਟ ਵਰਕ ਦਾ ਹੈ। ਇਹੀ ਕਾਰਨ ਹੈ ਕਿ ਅੱਜ ਦੀ ਨੌਜਵਾਨ ਪਨੀਰੀ ਸਫਲਤਾ ਤਾਂ ਪ੍ਰਾਪਤ ਕਰਨਾ ਚਾਹੁੰਦੀ ਹੈ, ਪਰ ਉਹ ਮਿਹਨਤ ਕਰਨ ਤੋਂ ਭੱਜਦੀ ਹੈ। ਸਮਾਜ ਵਿੱਚ ਅਜਿਹੀ ਸੋਚ ਬਣਦੀ ਜਾ ਰਹੀ ਹੈ ਕਿ ਸਫਲਤਾ ਦੀ ਪ੍ਰਾਪਤੀ ਲਈ ਮਿਹਨਤ ਤੋਂ ਵੱਧ ਲੋੜ ਕਿਸਮਤ ਦੀ ਹੈ। ਇਸੇ ਸੋਚ ਕਰਕੇ ਹੀ ਨੌਜਵਾਨ ਆਪਣੇ ਜੀਵਨ ਦਾ ਕੀਮਤੀ ਸਮਾਂ ਗੁਆ ਲੈਂਦੇ ਹਨ ਅਤੇ ਨਿਰਾਸ਼ਾ ਵੱਲ ਤੁਰ ਪੈਂਦੇ ਹਨ।

ਬੇਸ਼ਕ ਸਫਲਤਾ ਪ੍ਰਾਪਤੀ ਲਈ ਕਿਸਮਤ ਦਾ ਹੋਣਾ ਜ਼ਰੂਰੀ ਹੈ, ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਤਪ ਕੇ ਹੀ ਸੋਨਾ ਕੁੰਦਨ ਬਣਦਾ ਹੈ। ਕਿਸਮਤ ਵੀ ਮਿਹਨਤ ਕਰਨ ਵਾਲਿਆਂ ਦਾ ਹੀ ਸਾਥ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਮਿਹਨਤੀ ਕਿਸਾਨ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਆਪਣੀ ਅਣਥੱਕ ਮਿਹਨਤ, ਦ੍ਰਿੜ ਇਰਾਦੇ ਅਤੇ ਹਿੰਮਤ ਸਦਕਾ ਕ੍ਰਿਸ਼ੀ ਜਾਗਰਣ ਦੇ ਐਮਐਫਓਆਈ ਅਵਾਰਡ 2024 ਵਿੱਚ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ ਹੈ। ਆਉ ਇਨ੍ਹਾਂ ਦੀ ਸਫਲਤਾ ਦੀ ਕਹਾਣੀ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ

ਖੇਤੀਬਾੜੀ ਵਿੱਚ ਸਫਲਤਾ ਦੇ ਝੰਡੇ ਗੱਡਣ ਵਾਲੇ ਜ਼ਿਲ੍ਹਾ ਬਠਿੰਡਾ ਪਿੰਡ ਮਹਿਰਾਜ ਦੇ ਕਿਸਾਨ ਗੁਰਪ੍ਰੀਤ ਸਿੰਘ ਸਿੱਧੂ ਇੱਕ ਅਗਾਂਹਵਧੂ ਸੋਚੀ ਦੇ ਮਾਲਿਕ ਹਨ, ਜਿਨ੍ਹਾਂ ਨੇ ਸਾਲ 2004 ਤੋਂ ਆਪਣੀ ਕੁੱਲ 40 ਏਕੜ ਜ਼ਮੀਨ ਤੋਂ ਖੇਤੀਬਾੜੀ ਸਫਰ ਸ਼ੁਰੂ ਕੀਤਾ ਅਤੇ ਵਧੀਆ ਨਾਮਣਾ ਖੱਟਿਆ। ਵਾਤਾਵਰਨ ਪ੍ਰੇਮੀ ਕਿਸਾਨ ਗੁਰਪ੍ਰੀਤ ਸਿੰਘ ਅੱਜ ਹੱਥੀਂ ਖੇਤੀ ਕਰਨ ਦੀ ਮਿਸਾਲ ਬਣ ਕੇ ਉਭਰੇ ਹਨ, ਜਿਨ੍ਹਾਂ ਨੇ ਨੌਜਵਾਨ ਪਨੀਰੀ ਨੂੰ ਮਿਹਨਤ ਦੇ ਅਰਥ ਹੀ ਨਹੀਂ ਸਿਖਾਏ ਸਗੋਂ ਉਨ੍ਹਾਂ ਲਈ ਪ੍ਰੇਰਨਾ ਸਰੋਤ ਵੀ ਬਣੇ ਹਨ। ਦੱਸ ਦੇਈਏ ਕਿ ਕਿਸਾਨ ਗੁਰਪ੍ਰੀਤ ਸਿੰਘ ਸਿੱਧੂ ਨੇ ਖੇਤੀ ਕਰਨ ਦੀਆਂ ਆਧੁਨਿਕ ਤਕਨੀਕਾਂ ਅਤੇ ਖੇਤੀ ਵਿਭਿੰਨਤਾ ਡੇਅਰੀ, ਸਬਜ਼ੀਆਂ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾ ਕੇ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਇਆ ਹੋਇਆ ਹੈ। ਇਸ ਕਿਸਾਨ ਦਾ ਮੰਨਣਾ ਹੈ ਕਿ ਖੇਤੀ ਕੋਈ ਜ਼ਿਆਦਾ ਲਾਹੇਵੰਦ ਧੰਦਾ ਨਹੀਂ ਰਿਹਾ, ਜੇਕਰ ਵਿਗਿਆਨਕ ਲੀਹਾਂ 'ਤੇ ਚੱਲ ਕੇ ਆਧੁਨਿਕ ਤਕਨੀਕਾਂ ਨੂੰ ਅਪਣਾ ਕੇ ਖੇਤੀ ਨਾ ਕੀਤੀ ਜਾਵੇ। ਉਹ ਇਹ ਵੀ ਮੰਨਦੇ ਹਨ ਕਿ ਖੇਤੀ ਵਿੱਚ ਮੁਨਾਫਾ ਕਮਾਉਣ ਲਈ ਕਿਸਾਨ ਵੀਰਾਂ ਨੂੰ ਇਸ ਧੰਦੇ ਦੀਆਂ ਬਾਰੀਕੀਆਂ ਤੋਂ ਜਾਣੂੰ ਹੋਣਾ ਬਹੁਤ ਜ਼ਰੂਰੀ ਹੈ ਅਤੇ ਫਸਲਾਂ ਦਾ ਪੂਰਾ ਝਾੜ ਲੈਣ ਲਈ ਜ਼ਮੀਨ ਦਾ ਉਪਜਾਊਪਣ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ।

ਖੇਤੀਬਾੜੀ ਦਾ ਸਫ਼ਰ

ਕਿਸਾਨ ਗੁਰਪ੍ਰੀਤ ਸਿੰਘ ਨੇ ਖੇਤੀਬਾੜੀ ਦਾ ਸਫਰ ਉਦੋਂ ਸ਼ੁਰੂ ਕੀਤਾ, ਜਦੋਂ ਉਹ ਅਜੇ ਸਕੂਲੀ ਵਿਦਿਆ ਹਾਸਲ ਕਰ ਰਹੇ ਸਨ। ਉਹ ਆਪਣੀ ਉਸਾਰੂ ਸੋਚ ਕਾਰਨ ਗੰਧਲੇ ਹੋ ਰਹੇ ਵਾਤਾਵਰਣ ਅਤੇ ਧਰਤੀ ਦੇ ਹੇਠਲੇ ਪਾਣੀ ਦੇ ਥੱਲੇ ਜਾ ਰਹੇ ਪੱਧਰ ਤੋਂ ਚਿੰਤਤ ਸਨ। ਉਸੇ ਸੋਚ ਨੂੰ ਲੈ ਕੇ ਜਦੋਂ ਖੇਤੀ ਦੇ ਕਿੱਤੇ ਵਿੱਚ ਪੈਰ ਧਰਿਆ ਤਾਂ ਇਸ ਮਸਲੇ ਦੇ ਹੱਲ ਲੱਭਣੇ ਸ਼ੁਰੂ ਕੀਤੇ ਕਿ ਇਹਨਾਂ ਸੋਮਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਚੰਗੇ ਵਿਚਾਰਾਂ ਦੇ ਆਧਾਰ ਤੇ ਸੰਨ 2009 ਵਿੱਚ ਢਾਈ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਮਸ਼ੀਨ ਨਾਲ ਕੀਤੀ ਤਾਂ ਬਹੁਤ ਵਧੀਆ ਝਾੜ ਪ੍ਰਾਪਤ ਹੋਇਆ। ਉਸ ਸਮੇਂ ਉਨ੍ਹਾਂ ਦੇ ਇਲਾਕੇ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦੀ ਸਫਲਤਾ ਤੇ ਸ਼ੱਕ ਕਰਦੇ ਸਨ, ਪ੍ਰੰਤੂ ਉਹਨਾਂ ਦੀ ਫਸਲ ਦਾ ਝਾੜ ਦੇਖ ਕੇ ਦੰਗ ਰਹਿ ਗਏ ਅਤੇ ਉਹਨਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਸਲਾਹ ਲੈਣ ਲੱਗੇ।

ਵਧੀਆ ਝਾੜ ਪ੍ਰਾਪਤ ਹੋਣ ਤੋਂ ਬਾਅਦ ਉਹਨਾਂ ਨੇ ਹੌਲੀ-ਹੌਲੀ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾ ਲਿਆ। ਇਸ ਤੋਂ ਉਪਰੰਤ ਖੇਤੀ ਨਾਲ ਸਬੰਧਤ ਕਈ ਅਧਿਕਾਰੀਆਂ ਅਤੇ ਸਾਇੰਸਦਾਨਾਂ ਨੇ ਉਨ੍ਹਾਂ ਦੇ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਦੇ ਫਾਰਮ 'ਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ। ਉਨ੍ਹਾਂ ਦੇ ਫਾਰਮ 'ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤੇ ਖੇਤ ਦਿਵਸ ਸਤੰਬਰ 2014 ਨੂੰ ਮਨਾਇਆ ਗਿਆ। ਉਹ ਝੋਨੇ, ਕਣਕ ਅਤੇ ਬਾਸਮਤੀ ਦੀਆਂ ਪੀ.ਏ.ਯੂ ਵੱਲੋਂ ਪ੍ਰਮਾਣਿਤ ਕਿਸਮਾਂ ਦੀ ਹੀ ਬਿਜਾਈ ਕਰਦੇ ਹਨ ਅਤੇ ਫ਼ਸਲਾਂ ਦਾ ਚੰਗਾ ਝਾੜ ਲੈ ਰਹੇ ਹਨ। ਫਾਰਮ ਦੀ ਵਿਉਂਤਬੰਦੀ ਕਰਨ ਤੋਂ ਪਹਿਲਾਂ ਉਹ ਦੀ ਮਾਹਿਰਾਂ ਦੀ ਰਾਏ ਲੈਂਦੇ ਹਨ।

ਇਹ ਵੀ ਪੜ੍ਹੋ : RFOI Award 2024: Gujarat ਦੀ ਮਹਿਲਾ ਕਿਸਾਨ ਨੀਤੂਬੇਨ ਪਟੇਲ ਬਣੀ 'Richest Farmer of India', ਖੇਤੀਬਾੜੀ ਉੱਦਮਤਾ ਅਤੇ ਕੁਦਰਤੀ ਖੇਤੀ ਵਿੱਚ ਵਿਲੱਖਣ ਯੋਗਦਾਨ ਲਈ ਮਾਨਤਾ ਪ੍ਰਾਪਤ

ਫਸਲਾਂ ਦੀ ਕਾਸ਼ਤ

ਹਾੜ੍ਹੀ ਸੀਜ਼ਨ ਵਿੱਚ ਇਸ ਕਿਸਾਨ ਵੱਲੋਂ ਕਣਕ, ਆਲੂ ਅਤੇ ਹਰੇ ਚਾਰੇ ਦੀ ਕਾਸ਼ਤ ਕੀਤੀ ਜਾਂਦੀ ਹੈ। ਜਦੋਂਕਿ, ਸਾਉਣੀ ਸੀਜ਼ਨ ਵਿੱਚ ਝੋਨੇ, ਬਾਸਮਤੀ, ਹਰੇ ਚਾਰੇ, ਮੱਕੀ, ਚਰ੍ਹੀ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਬਜ਼ੀਆਂ ਜਿਵੇਂ ਕਿ ਕੱਦੂ, ਤੋਰੀ, ਖੀਰਾ, ਭਿੰਡੀ ਆਦਿ ਡੇਢ ਏਕੜ ਰਕਬੇ ਵਿੱਚ ਲਾਉਂਦੇ ਹਨ, ਜਿਸ ਨਾਲ ਘਰ ਦੀਆਂ ਰੋਜ਼ਾਨਾਂ ਦੀਆਂ ਜਰੂਰਤਾਂ ਪੂਰੀਆਂ ਕਰਦੇ ਹਨ ਅਤੇ ਬਾਕੀ ਮੰਡੀ ਵਿੱਚ ਵੇਚ ਦਿੰਦੇ ਹਨ। ਸਬਜ਼ੀਆਂ ਦੀ ਰਹਿੰਦ-ਖੂੰਹਦ ਉਹ ਜ਼ਮੀਨ ਵਿੱਚ ਮਿਲਾਉਂਦੇ ਹਨ। ਉਹ ਕਦੀਂ ਵੀ ਸਬਜ਼ੀਆਂ ਬਜਾਰ ਵਿਚੋਂ ਨਹੀਂ ਖਰੀਦਦੇ, ਸਗੋਂ ਉਹ ਦਾਲਾਂ ਵੀ ਆਪਣੇ ਖੇਤਾਂ ਵਿੱਚ ਘਰੇਲੂ ਗੁਜਾਰੇ ਜੋਗੀਆਂ ਪੈਦਾ ਕਰਦੇ ਹਨ। ਕਿਸਾਨ ਗੁਰਪ੍ਰੀਤ ਸਿੰਘ ਸਿੱਧੂ ਸਾਰਾ ਸਾਲ ਦੇਸੀ ਘਿਉ ਘਰ ਦੀਆਂ ਮੱਝਾਂ ਦਾ ਹੀ ਵਰਤਦੇ ਹਨ ਅਤੇ ਸਰ੍ਹੋਂ ਦੇ ਤੇਲ ਲਈ ਉਹ ਆਪਣੇ ਖੇਤਾਂ ਵਿੱਚ ਕਨੌਲਾ ਸਰ੍ਹੋਂ ਉਗਾਉਂਦੇ ਹਨ। 

ਪਸ਼ੂ ਪਾਲਣ ਦਾ ਧੰਦਾ

ਕਿਸਾਨ ਗੁਰਪ੍ਰੀਤ ਸਿੰਘ ਸਿੱਧੂ ਨੇ ਚੰਗੇ ਮਿਆਰ ਵਾਲੇ ਪਸ਼ੂ ਰੱਖੇ ਹੋਏ ਹਨ ਜਿਵੇਂ ਕਿ ਗਾਵਾਂ, ਮੱਝਾਂ ਅਤੇ ਵੱਛੀਆਂ। ਉਹ ਦੁੱਧ ਆਪਣੇ ਨੇੜਲੇ ਇਲਾਕਿਆਂ ਵਿੱਚ ਵੇਚ ਕੇ ਵਧੀਆ ਆਮਦਨ ਲੈ ਰਹੇ ਹਨ। ਉਨ੍ਹਾਂ ਨੇ ਪਸ਼ੂਆਂ ਲਈ ਸੰਤੁਲਿਤ ਖੁਰਾਕ ਵਾਸਤੇ ਘਰ ਵਿੱਚ ਚੱਕੀ ਲਾਈ ਹੋਈ ਹੈ। ਪਸ਼ੂਆਂ ਦੀ ਖੁਰਾਕ ਤਿਆਰ ਕਰਨ ਲਈ ਉਹ ਵੈਟਨਰੀ ਯੂਨੀਰਸਿਟੀ ਦੇ ਮਾਹਿਰਾਂ ਦੀ ਰਾਏ ਅਨੁਸਾਰ ਪ੍ਰਮਾਣਿਤ ਤਰੀਕੇ ਨਾਲ ਘਰ ਦੀ ਸਰ੍ਹੋਂ ਦੀ ਖਲ, ਮੱਕੀ, ਕਣਕ ਤੇ ਚੌਲਾਂ ਦੀ ਟੁੱਟ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੇ ਡੰਗਰ ਵਧੀਆ ਕੁਆਲਿਟੀ ਦਾ ਦੁੱਧ ਦਿੰਦੇ ਹਨ।

ਇਹ ਵੀ ਪੜ੍ਹੋ: Millionaire Farmer of India Awards 2024: ਯੁਵਰਾਜ ਪਰਿਹਾਰ ਨੂੰ ਮਿਲਿਆ ਪਹਿਲਾ ਰਨਰ-ਅੱਪ 'ਰਿਚੈਸਟ ਫਾਰਮਰ ਆਫ ਇੰਡੀਆ' ਅਵਾਰਡ

ਸਫਲ ਕਿਸਾਨ ਗੁਰਪ੍ਰੀਤ ਸਿੰਘ ਸਿੱਧੂ

ਸਫਲ ਕਿਸਾਨ ਗੁਰਪ੍ਰੀਤ ਸਿੰਘ ਸਿੱਧੂ

ਗੋਬਰ ਗੈਸ ਪਲਾਂਟ

ਕਿਸਾਨ ਗੁਰਪ੍ਰੀਤ ਸਿੰਘ ਦੇ ਫਾਰਮ 'ਤੇ ਪਰਿਵਾਰਕ ਮੈਂਬਰਾਂ ਦੇ ਹਿਸਾਬ ਅਨੁਸਾਰ ਵੱਡਾ ਗੋਬਰ ਗੈਸ ਪਲਾਂਟ ਲੱਗਾ ਹੋਇਆ ਹੈ ਅਤੇ ਸਾਰਾ ਸਾਲ ਉਹ ਘਰੇਲੂ ਜ਼ਰੂਰਤ ਲਈ ਐਲ.ਪੀ.ਜੀ ਗੈਸ ਵਰਤਣ ਦੀ ਥਾਂ ਗੋਬਰ ਗੈਸ ਪਲਾਂਟ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਗੋਬਰ ਗੈਸ ਦੀ ਵਰਤੋਂ ਉਹ ਪਸ਼ੂਆਂ ਲਈ ਹਰਾ ਚਾਰਾ ਕੁਤਰਣ ਵਾਲੀ ਮਸ਼ੀਨ ਨੂੰ ਚਲਾਉਣ ਲਈ ਵੀ ਕਰਦੇ ਹਨ। ਸਲੋਰੀ ਨੂੰ ਹਰ ਸਾਲ ਬਦਲ-ਬਦਲ ਕੇ ਖੇਤਾਂ ਵਿੱਚ ਪਾਉਂਦੇ ਹਨ, ਜਿਸ ਨਾਲ ਉਪਜ ਅਤੇ ਕੁਆਲਿਟੀ ਵਿੱਚ ਚੰਗਾ ਵਾਧਾ ਹੁੰਦਾ ਹੈ ਅਤੇ ਨਾਲੋਂ-ਨਾਲ ਜ਼ਮੀਨ ਦੀ ਉਪਜਾਊ ਸਕਤੀ ਬਰਕਰਾਰ ਰਹਿੰਦੀ ਹੈ।

ਪਰਿਵਾਰਕ ਮੈਂਬਰਾਂ ਦਾ ਸਾਥ

ਕਿਸਾਨ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਲ ਕੇ ਖੇਤੀ ਕਰਦੇ ਹਨ। ਉਹ ਆਪਣੇ ਖੇਤਾਂ 'ਤੇ ਕੋਈ ਮਜ਼ਦੂਰ ਨਹੀਂ ਰੱਖਦੇ। ਘਰੇਲੂ ਜ਼ਰੂਰਤ ਲਈ ਉਹ ਗੁੜ, ਹਲਦੀ, ਲਾਲ ਅਤੇ ਹਰੀ ਮਿਰਚ ਵੀ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਖੁਰਾਕੀ ਲੋੜਾਂ ਦੀ ਪੂਰਤੀ ਲਈ ਫ਼ਲਾਂ ਦੇ ਬੂਟੇ ਵੀ ਲਗਾਏ ਹੋਏ ਹਨ। ਜਿਨ੍ਹਾਂ ਵਿੱਚ ਅਮਰੂਦ, ਨਿੰਬੂ, ਕਿੰਨੂ, ਬੇਰ, ਕੇਲਾ, ਆਂਵਲਾ ਸ਼ਾਮਲ ਹਨ। ਘਰੇਲੂ ਲੋੜਾਂ ਲਈ ਉਹ ਜੀਰਾ, ਸੌਂਫ, ਅਜਵੈਣ ਅਤੇ ਹਾਲੋ ਵੀ ਆਪਣੇ ਖੇਤਾਂ ਵਿੱਚ ਉਗਾਉਂਦੇ ਹਨ।

ਇਹ ਵੀ ਪੜ੍ਹੋ: Sri Fatehgarh Sahib ਦੇ ਕਿਸਾਨ ਰਣਧੀਰ ਸਿੰਘ ਭੁੱਲਰ ਨੇ Organic Method ਰਾਹੀਂ ਘਟਾਈ ਖੇਤੀ ਦੀ ਲਾਗਤ, ਸਾਂਝਾ ਕੀਤਾ 1 ਏਕੜ ਤੋਂ ਡੇਢ ਗੁਨਾ ਵੱਧ ਮੁਨਾਫ਼ਾ ਲੈਣ ਦਾ ਫਾਰਮੂਲਾ

ਸਫਲ ਕਿਸਾਨ ਗੁਰਪ੍ਰੀਤ ਸਿੰਘ ਸਿੱਧੂ

ਸਫਲ ਕਿਸਾਨ ਗੁਰਪ੍ਰੀਤ ਸਿੰਘ ਸਿੱਧੂ

ਝੋਨੇ ਦੀ ਪਰਾਲੀ ਦਾ ਪ੍ਰਬੰਧਨ

ਕਿਸਾਨ ਗੁਰਪ੍ਰੀਤ ਸਿੰਘ ਸਾਲ 2009 ਤੋਂ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ ਮਸ਼ੀਨ ਨਾਲ ਖੇਤ ਵਿੱਚ ਮਿਲਾਉਣ ਦਾ ਕੰਮ ਕਰ ਰਹੇ ਹਨ। ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਤੋਂ ਬਾਅਦ ਉਹ ਆਲੂ, ਸਬਜ਼ੀਆਂ ਅਤੇ ਮੱਕੀ ਦੀ ਫਸਲ ਦੀ ਬਿਜਾਈ ਕਰਦੇ ਹਨ। ਇਸ ਤੋਂ ਇਲਾਵਾ ਸ. ਗੁਰਪ੍ਰੀਤ ਸਿੰਘ ਇੱਕ ਹੋਰ ਖੇਤੀ ਸਹਾਇਕ ਧੰਦਾ ਵੀ ਕਰਦਾ ਹੈ ਉਹ ਹੈ ਕਮਾਦ ਤੋਂ ਗੁੜ ਸ਼ੱਕਰ ਬਣਾਉਣਾ।

ਆਧੁਨਿਕ ਖੇਤੀ ਮਸ਼ੀਨਰੀ

ਕਿਸਾਨ ਗੁਰਪ੍ਰੀਤ ਸਿੰਘ ਦੇ ਕੋਲ ਹਰ ਆਧੁਨਿਕ ਖੇਤੀ ਮਸ਼ੀਨਰੀ ਮੌਜੂਦ ਹੈ ਜਿਵੇਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ, ਜ਼ੀਰੋ ਟਿਲ ਡਿਲ, ਚੌਪਰ ਸਲਾਈਡਰ (ਪਰਾਲੀ ਨੂੰ ਕੁਤਰ ਕੇ ਜ਼ਮੀਨ ਵਿੱਚ ਹੀ ਵਾਹੁਣ ਵਾਲੀ ਮਸ਼ੀਨ), ਰੀਪਰ, ਬੈੱਡ ਪਲਾਂਟਰ, ਆਲੂ ਪਲਾਂਟਰ, ਡਿਗਰ, ਹੈਪੀ ਸੀਡਰ, ਸਬ ਸੁਆਇਲਰ, ਵੱਡੇ ਸਪ੍ਰੇਅ ਪੰਪ ਆਦਿ। ਇਨ੍ਹਾਂ ਮਸ਼ੀਨਾਂ ਤੋਂ ਇਲਾਵਾ ਹਰ ਛੋਟੀ ਵੱਡੀ ਮਸ਼ੀਨ ਜਿਸ ਦੀ ਖੇਤੀਬਾੜੀ ਵਿੱਚ ਜ਼ਰੂਰਤ ਪੈਂਦੀ ਹੈ,ਉਹ ਵੀ ਇਨ੍ਹਾਂ ਕੋਲ ਮੌਜੂਦ ਹੈ।

ਵਾਤਾਵਰਣ ਦੀ ਸੰਭਾਲ ਅਤੇ ਮੰਡੀਕਰਨ

ਪਾਣੀ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਕਿਸਾਨ ਗੁਰਪ੍ਰੀਤ ਸਿੰਘ ਪੂਰੀ ਤਰ੍ਹਾਂ ਨਾਲ ਚਿੰਤਤ ਹੈ ਇਹਨਾਂ ਦੀ ਸੰਭਾਲ ਲਈ ਯੋਗ ਉਪਰਾਲੇ ਕਰਦੇ ਹਨ। ਆਪਣੇ ਖੇਤਾਂ ਵਿੱਚ ਸਿੰਚਾਈ ਲਈ ਨਹਿਰੀ ਅਤੇ ਟਿਊਬਵੈੱਲ ਦੇ ਪਾਣੀ ਦੀ ਵਰਤੋਂ ਬਹੁਤ ਹੀ ਸੰਯਮ ਨਾਲ ਕਰਦੇ ਹਨ। ਆਪਣੀਆਂ ਖੇਤੀ ਜਿਨਸਾਂ ਦੇ ਵਧੀਆ ਮੰਡੀਕਰਨ ਲਈ ਇਹ ਪੂਰੀ ਤਰਾਂ ਨਾਲ ਸੁਚੇਤ ਹਨ।

ਕਈ ਸਨਮਾਨ ਪ੍ਰਾਪਤ

ਖੇਤੀਬਾੜੀ ਵਿੱਚ ਵਧੀਆ ਕੰਮ ਕਰਨ ਲਈ ਕਿਸਾਨ ਗੁਰਪ੍ਰੀਤ ਸਿੰਘ ਨੂੰ ਪਿੰਡ ਪੱਧਰ, ਜਿਲ੍ਹਾ ਪੱਧਰ ਅਤੇ ਰਾਜ ਪੱਧਰ ਦੇ ਕਈ ਵੱਡੇ ਸਨਮਾਨ ਪ੍ਰਾਪਤ ਹੋ ਚੁਕੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਦੇ ਵੱਖ ਵੱਖ ਵਿਭਾਗਾਂ ਵੱਲੋਂ ਵੀ ਕਿਸਾਨ ਨੂੰ ਵਧੀਆ ਖੇਤੀ ਦੇ ਕੰਮ ਕਰਨ ਲਈ ਸਨਮਾਨਤ ਕੀਤਾ ਜਾ ਚੁਕਾ ਹੈ। ਆਪਣੀ ਇਸੇ ਮਿਹਨਤ, ਲਗਨ ਅਤੇ ਸਮਰਪਣ ਸਦਕਾ ਕਿਸਾਨ ਗੁਰਪ੍ਰੀਤ ਸਿੰਘ ਨੂੰ ਇਸ ਸਾਲ 'ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡਜ਼ 2024' ਵਿੱਚ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਕ੍ਰਿਸ਼ੀ ਜਾਗਰਣ ਦੁਆਰਾ ਆਯੋਜਿਤ ਅਤੇ ਮਹਿੰਦਰਾ ਟਰੈਕਟਰਜ਼ ਦੁਆਰਾ ਸਪਾਂਸਰ 'ਮਿਲੀਅਨੇਅਰ ਫਾਰਮਰ ਆਫ ਇੰਡੀਆ ਅਵਾਰਡਜ਼ 2024' ਦਿੱਲੀ ਦੇ ਪੂਸਾ ਆਈਏਆਰਆਈ ਮੇਲਾ ਗ੍ਰਾਉਂਡ ਵਿੱਚ ਕਰਵਾਇਆ ਗਿਆ ਸੀ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Successful farmer Gurpreet Singh Sidhu of Bathinda honored with National Award of MFOI 2024

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters