Success Story: ਪਹਿਲਾਂ ਜਿੱਥੇ ਅਸੀਂ ਕਿਸਾਨੀ ਵਰਗ ਵਿੱਚ ਜੋਸ਼ ਦੀਆਂ ਗੱਲਾਂ ਕਰਦੇ ਹੁੰਦੇ ਸਾਂ ਕਿ ਦੱਬ ਕੇ ਵਾਅ ਤੇ ਰੱਜ ਕੇ ਖਾਹ, ਪਰ ਹੁਣ ਅਜਿਹਾ ਨਹੀਂ ਰਿਹਾ। ਜੀ ਹਾਂ, ਮਹਿੰਗਾਈ ਦੇ ਦੌਰ ਵਿੱਚ ਹੁਣ ਸਾਨੂੰ ਕਹਾਵਤ ਨੂੰ ਬਦਲਣ ਲਈ ਮਜਬੂਰ ਹੋਣਾ ਪਿਆ ਹੈ ਕਿ ਅੱਕਲ ਨਾਲ ਵਾਅ ਤੇ ਰੱਜ ਕੇ ਖਾਹ। ਅੱਜ ਮਹਿੰਗੇ ਡੀਜ਼ਲ ਤੇ ਲੇਬਰ, ਡਿੱਗਦਾ ਪਾਣੀਂ ਦਾ ਪੱਧਰ, ਮਹਿੰਗੀਆ ਸਪਰੇਆਂ ਦਵਾਈਆਂ ਆਦਿ ਸਭ ਖੇਤੀ ਖ਼ਰਚੇ ਘਟਾਉਣ ਵੱਲ ਧਿਆਨ ਦੇਣ ਦੀ ਲੋੜ ਹੈ। ਦੋਸਤੋ ਆਉ ਅੱਜ ਇੱਕ ਪੜੇ ਲਿਖੇ ਅਗਾਂਹਵਧੂ ਕਿਸਾਨ ਤੇ ਸਰਕਾਰੀ ਸਕੂਲ ਦੇ ਸੂਝਵਾਨ ਅਧਿਆਪਕ ਦੀ ਨਵੀਂ ਖੋਜ ਤੇ ਨਵੀਂ ਸੋਚ 'ਤੇ ਚਾਨਣਾ ਪਾੳਦੇਂ ਹਾਂ, ਜੋ ਕਿ ਆਪਣੇ ਆਪ ਵਿੱਚ ਖ਼ੁਦ ਇੱਕ ਤਕਨੀਕੀ ਸੰਸਥਾ ਸਾਬਤ ਹੋਇਆ ਹੈ।
ਦੱਸ ਦੇਈਏ ਕਿ ਇਸ ਕਿਸਾਨ ਨੇ ਯੂ ਟਿਊਬ ਤੇ ਨਵੀਂਆਂ ਬਿਜਾਈ ਤਕਨੀਕਾਂ ਅਪਣਾਂ ਕੇ ਮਸ਼ੀਨਰੀਆਂ ਵੀ ਆਪਣੀ ਮਰਜ਼ੀ ਮੁਤਾਬਕ ਹੀ ਡਿਜ਼ਾਇਨ - ਤਲਵੰਡੀ ਭਾਈ ਫ਼ਰੀਦਕੋਟ ਵਿਖੇ ਕਰਵਾਈਆਂ ਹਨ, ਜੋ ਅਗਾਂਹ ਚੱਲ ਕੇ ਮਹਿੰਗੀ ਲੇਬਰ ਤੇ ਸਮਾਂ ਦੋਨੋਂ ਬਚਾ ਰਹੇ ਹਨ। ਆੳ ਗੱਲ ਕਰੀਏ ਅਗਾਂਹਵਧੂ ਕਿਸਾਨ ਸ. ਗੁਰਮਿੰਦਰ ਸਿੰਘ ਬੌਬੀ ਦੀ, ਜਿਨ੍ਹਾਂ ਦਾ ਪਿੱਛਲਾ ਪਿੰਡ ਦੁੱਲੂਆਣਾ ਹੈ ਜੋ ਕਿ ਅੱਜ ਪਿਤਾ ਪੁਰਖੀ ਕਾਸ਼ਤ ਕਾਹਨੂੰਵਾਨ ਬਲਾਕ ਦੇ ਪਿੰਡ ਸਿੰਬਲੀ ਵਿਖੇ ਕਰ ਰਹੇ ਹਨ। ਅੱਜ ਗੁਰਮਿੰਦਰ ਸਿੰਘ ਕੁੱਲ 45 ਏਕੜ ਰਕਬੇ ਵਿੱਚ ਕਾਸ਼ਤ ਕਰ ਰਹੇ ਹਨ ਜਿਸ ਵਿਚ 3 ਏਕੜ ਚ ਝੋਨੇ ਦੀ ਸਿੱਧੀ ਬਿਜਾਈ ਤੇ 25 ਏਕੜ ਚ ਝੋਨਾ ਸੁੱਕੇ ਕੱਦੂ ਦੁਆਰਾ, 2 ਏਕੜ ਆਮ ਕੱਦੂ, 15 ਏਕੜ ਰਕਬੇ ਵਿੱਚ ਫ਼ਸਲੀ ਵਿਭਿੰਨਤਾ ਲਈ ਗੰਨੇ ਦੀ ਫ਼ਸਲ ਲਗਾੳਦੇਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਮਾਣਯੋਗ ਕੁਲਤਾਰ ਸਿੰਘ ਸੰਧਵਾਂ ਜੀ ਵੱਲੋਂ ਕਿਸਾਨ ਗੁਰਮਿੰਦਰ ਸਿੰਘ ਨੂੰ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਕਰਕੇ ਪੰਜਾਬ ਪੱਧਰੀ ਸਨਮਾਨਿਤ ਵੀ ਕੀਤਾ ਗਿਆ ਹੈ।
ਆੳ ਗੱਲ ਕਰੀਏ ਤਿੰਨੋਂ ਬਿਜਾਈਆਂ ਬਾਰੇ:-
ਕਿਸਾਨੀ ਤਜ਼ਰਬੇ:
ਕਿਸਾਨ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਉੱਲੀਨਾਸਕਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਵਿੱਚ ਬਾਇੳ ਲੋਜੀਕਲ ਕੰਟਰੋਲ ਨੂੰ ਤਰਜੀਹ ਦਿੰਦੇ ਹਨ। ਖ਼ਾਸ ਤੌਰ ਤੇ ੳਹਨਾਂ ਕਿਹਾ ਕਿ ਅਸੀਂ ਹੋਰਨਾਂ ਵਾਂਗ ਅਗੇਤੀਆਂ ਤੇ ਦੇਖਾਂ ਦੇਖੀ ਕੀਟਨਾਸ਼ਕਾਂ ਸਪਰੇਆਂ ਨਹੀਂ ਕਰਦੇ। ੳਹਨਾਂ ਦੱਸਿਆ ਕਿ ਜੋ ਅਸੀਂ ਆਪ ਆਪਣੇ ਘਰ ਲਈ ਫ਼ਸਲ ਤਿਆਰ ਕਰਦੇ ਹਾਂ ੳਹ ਹੀ ਆਮ ਲੋਕਾਂ ਲਈ ਰੱਖੀ ਜਾਂਦੀ ਹੈ। ਘੋਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ 1 ਲੀਟਰ ਟਰਾਇਕੋ ਡਰਮਾ ਹਰਜੇਨਿਅਮ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਇਸ ਵਿੱਚ 5 ਕਿੱਲੋ ਗੁੜ ਪਾ ਦਿੰਦੇ ਹਾਂ ਤੇ ਘੋਲ ਨੂੰ 4 ਦਿਨਾਂ ਲਈ ਤਿਆਰ ਹੋਣ ਵਾਸਤੇ ਰੱਖ ਦਿੰਦੇ ਹਾਂ।
ਤਿਆਰ 100 ਲੀਟਰ ਦੇ ਘੋਲ ਵਿਚੋਂ 20 ਲੀਟਰ ਕੱਢ ਕੇ 500 ਲੀਟਰ ਪਾਣੀ ਦੇ ਟਰੈਕਟਰ ੳਪਰੇਟਿਡ ਪੰਪ ਵਿਚ ਪਾ ਕੇ 1 ਏਕੜ ਰਕਬੇ ਲਈ ਬਾਅਦ ਵਿੱਚ ਸ਼ਾਮ ਨੂੰ ੳਸਦੀ ਸਪਰੇਅ ਕੀਤੀ ਜਾਂਦੀ ਹੈ, ਜੋ ਅੱਗੇ ਚੱਲ ਕੇ ਸਾਰੀਆਂ ਉੱਲੀਆਂ ਤੇ ਕੀੜਿਆਂ ਨੂੰ ਰੋਕਦੀਆਂ ਨੇ ਤੇ ਫ਼ਸਲ ਜ਼ਹਿਰ ਰਹਿਤ ਬਣੀਂ ਰਹਿੰਦੀ ਹੈ। ਇਸੇ ਤਰ੍ਹਾਂ ਕਾਲੀ ਚੱਕਰਾਂ ਵੀ ਇਸਤੇਮਾਲ ਹੇਠ ਲਿਆਉਦੇ ਹਾਂ। ਏ ਹੀ ਘੋਲ਼ ਕਣਕ ਝੋਨੇ ਤੇ ਕਮਾਦ ਦੀ ਫਸਲ ਤੇ ਛਿੜਕਾਅ ਕਰ ਰਹੇ ਹਾਂ ਅਤੇ ਕਮਾਦ ਵਿਚ ਖੇਤੀਬਾੜੀ ਯੂਨੀਵਰਸਿਟੀ ਗੁਰਦਾਸਪੁਰ ਤੋਂ ਟਰਾਇਕੋਡਰਮਾਂ ਦੇ ਕਾਰਡ ਵੀ ਲਿਆ ਕੇ ਲਗਾਏ ਜਾਂਦੇ ਹਨ। ਬੀਜ਼ ਬਾਰੇ ੳਹਨਾਂ ਦੱਸਿਆ ਕਿ ਅਸੀਂ ਹਰ 3 ਸਾਲਾਂ ਬਾਅਦ ਬੀਜ਼ ਆਪਣੇ ਰਿਸ਼ਤੇਦਾਰਾਂ ਨਾਲ ਬਦਲ ਲੈਂਦੇ ਹਾਂ ਤੇ ਕੁੱਝ ਨਵੇਂ ਪੀਏਯੂ ਤੇ ਖੇਤੀਬਾੜੀ ਵਿਭਾਗ ਕਾਹਨੂੰਵਾਨ ਤੋਂ ਲਿਆੳਦੇ ਹਾਂ।
ਇਹ ਵੀ ਪੜ੍ਹੋ : ਮਿਹਨਤ ਅਤੇ ਸਿਆਣਪ ਦੀ ਸਫਲ ਮਿਸਾਲ Farmer Paramjeet Singh
ਉੱਧਮ ਤੇ ਉਪਰਾਲੇ
ਅਗਾਂਹਵਧੂ ਕਿਸਾਨ ਸ. ਗੁਰਮਿੰਦਰ ਸਿੰਘ ਬੌਬੀ ਨੂੰ ਸਿੱਖਿਆ ਵਿਭਾਗ ਵੱਲੋਂ ਵੀ ਚੰਗੀ ਕਾਰਗੁਜ਼ਾਰੀ ਕਰਕੇ ਜ਼ਿਲ੍ਹਾ ਪੱਧਰੀ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ੳਹਨਾਂ ਆਪਣੇ ਦੋਸਤਾਂ ਨਾਲ਼ ਰਲ਼ ਕੇ ਛੋਟੇ ਗਰੁੱਪ ਵਿੱਚ ਲੋੜਵੰਦਾਂ ਤੇ ਗਰੀਬਾਂ ਲਈ ਪੈਸੇ ਇਕੱਠੇ ਕਰ ਕੇ ਅੱਜ ਵੀ ਮੱਦਦ ਲਈ ਚੱਲਾਂ ਰਹੇ ਹਨ। ਉਹਨਾਂ ਵੱਲੋਂ ਨਵੀਆਂ ਤਕਨੀਕਾਂ ਲਈ ਪੀਏਯੂ ਦੇ ਕਿਸਾਨ ਮੇਲੇ, ਚੰਡੀਗੜ੍ਹ ਕਿਸਾਨ ਮੇਲੇ, ਪੂਸਾ ਦਿੱਲੀ ਦੇ ਕਿਸਾਨ ਮੇਲਿਆਂ ਵਿਚ ਲੰਮੇ ਸਮੇਂ ਤੋਂ ਸ਼ਮੂਲੀਅਤ ਜਾਰੀ ਹੈ। ੳਹਨਾਂ ਕਿਹਾ ਕਿ ਅੱਜ ਵੀ ਮੈਂ ਬਹੁਤ ਸਾਰੇ ਕਿਸਾਨਾਂ ਨੂੰ ਤੇ ਖ਼ੁਦ ਸਕੂਲ ਪੱਧਰ ਤੇ ਬੱਚਿਆਂ ਨੂੰ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਦੀ ਨਿੱਜੀ ਤੌਰ ਤੇ ਨੁਕਸਾਨ ਬਾਰੇ ਦੱਸ ਕੇ ਸਮਝਾੳਦਾਂ ਆਇਆ ਹਾਂ, ਤੇ ਅੱਜ ਵੀ ਸਮਝਾਂ ਰਿਹਾ ਹਾਂ।
ਉੱਥੇ ਏਸ ਵਾਤਾਵਰਨ ਵਿਰੋਧੀ ਅੱਗ ਨੂੰ ਰੋਕਣ ਲਈ ਆਪਣੀ ਨਿੱਜੀ ਮਸ਼ੀਨਰੀਆਂ ਚ ਉਲਟਾਵੀ ਹੱਲ ਵੀ ਕਿਸਾਨ ਭਰਾਵਾਂ ਨੂੰ ਫ੍ਰੀ ਵਿੱਚ ਵਰਤਣ ਲਈ ਦੇ ਰਿਹਾ ਹਾਂ। ੳਹਨਾਂ ਦੱਸਿਆ ਕਿ ਸਾਡੇ ਪਿਤਾ ਜੀ ਵੀ ਪਿੱਛਲੇ ਲੰਮੇ ਸਮੇਂ ਤੋਂ ਗੁੱਜਰਾਂ ਤੋਂ ਪਰਾਲੀ ਇਕੱਠੀ ਕਰਵਾ ਰਹੇ ਹਨ ਤੇ ਏਥੋਂ ਤੱਕ ਕਿ ੳਹਨਾਂ ਨੂੰ ਜਗਾਂ ਵੀ ਰਹਿਣ ਨੂੰ ਦੇ ਦਿੰਦੇ ਸਨ। ਬਾਅਦ ਵਿੱਚ ਅਸੀਂ 2007 ਤੋਂ ਬਾਅਦ ਫ਼ਸਲ ਵਾਢੀ ਦੇ ਨਾਲ ਕੱਟਰ ਤੋਂ ਬਾਅਦ ਪਲਟਾਵੀ ਹੱਲਾ ਨਾਲ਼ ਫ਼ਸਲੀ ਰਹਿੰਦ ਖੂਹੰਦ ਨੂੰ ਖੇਤ ਵਿੱਚ ਹੀ ਦਬਾ ਰਹੇ ਹਾਂ, ਜੋ ਅੱਗੇ ਚੱਲ ਕੇ ਹਰੀ ਖਾਦ ਵਜੋਂ ਮਿੱਟੀ ਦੀ ਸਿਹਤ ਸੰਭਾਲਣ ਲਈ ਕੰਮ ਆੳਦੀ ਹੈ ਤੇ ਆਮ ਮੌਸਮ ਦੀ ਮਾਰ ਸਮੇਂ ਵੀ ਝਾੜ ਚੰਗਾ ਦੇ ਜਾਂਦੀ ਹੈ।
ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ
ਉਨ੍ਹਾਂ ਕਿਹਾ ਕਿ ਅੱਜ ਸਾਡੇ ਖੇਤ ਵਿੱਚ ਬਹੁਤ ਮਿੱਤਰ ਕੀੜੇ ਗੰਡੋਏ, ਵੱਡੀਆਂ ਮੱਕੜੀਆਂ ਤੇ ਹੋਰ ਸਾਰੇ ਮਿੱਤਰ ਕੀੜੇ ਹਨ। ਚੀਨੀ ਵਾਇਰਸ ਦੇ ਨੁਕਸਾਨ ਬਾਰੇ ਗੱਲ ਕਰਦਿਆਂ ਸ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਜਿਹੜੀਆਂ ਥਾਵਾਂ ਜ਼ਮੀਨਾਂ ਦੀਆਂ ਨੀਵੀਆਂ ਸਨ ਜਿੱਥੇ ਪਾਣੀ ਖੜ੍ਹਾ ਰਿਹਾ ੳਥੇ ਜ਼ਰੂਰ ਸੁੱਕੇ ਕੱਦੂ ਵਾਲੇ ਝੋਨੇ ਦਾ 1-2% ਨੁਕਸਾਨ ਹੋਇਆ, ਜਦਕਿ ਸਿੱਧੀ ਬਿਜਾਈ ਨੇ ਟਾਕਰਾ ਕੀਤਾ ਫ਼ਸਲ ਵਧੀਆ ਖੜੀ ਰਹੀ ਨੁਕਸਾਨ ਨਹੀਂ ਹੋਇਆ। ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ 28.5 ਕੁਇੰਟਲ ਤੇ ਸੁੱਕੇ ਕੱਦੂ ਦਾ 25 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਆਇਆ।
ੳਹਨਾਂ ਦੱਸਿਆ ਕਿ ਸੁੱਕੇ ਕੱਦੂ ਨਾਲ਼ 50% ਪਾਣੀ ਦੀ ਬੱਚਤ ਹੋਈ ਕਿਉਂਕਿ ਪਨੀਰੀ 35 ਦਿਨਾਂ ਦੀ ਜੂਨ ਵਿੱਚ ਲਗਾਈਂ ਤੇ ਬਾਅਦ ਵਿੱਚ ਬਾਰਿਸ਼ ਸ਼ੁਰੂ ਹੋ ਜਾਂਦੀਆਂ ਹਨ ਤੇ ਜ਼ੋ ਪਾਣੀ ਵੱਤਰ ਦੇ ਨਾਲ਼ ਜ਼ਿਆਦਾ ਵੱਧਦੀ ਹੈ ਤੇ ਨਾਲ਼ ਹੀ ਲਾਬ ਤੁਰ ਪੈਂਦੀ ਹੈ। ਜਦਕਿ ਸਿੱਧੀ ਬਿਜਾਈ ਬਾਰੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਮਈ ਵਿੱਚ ਗਰਮੀ ਜ਼ਿਆਦਾ ਹੋਣ ਕਰਕੇ 60% ਸੁੱਕੇ ਕੱਦੂ ਨਾਲੋਂ ਪਾਣੀ ਜ਼ਿਆਦਾ ਲਗਾੳਣਾਂ ਪਿਆ, ੳਹ ਵੀ ਬਿਜਲੀ ਦੀ ਸਪਲਾਈ ਨਾ ਹੋਣ ਕਰਕੇ ਖ਼ਾਸ ਸੋਲਰ ਪਾਵਰ ਨਾਲ਼ ਮੋਟਰਾਂ ਚਲਦੀਆਂ ਰਹੀਆਂ। ਕਿੳਕਿ ਬਿਜਾਈ ਦੇ 10 ਦਿਨਾਂ ਤੋਂ ਬਾਅਦ ਤੇ ਹਰ 4 ਦਿਨਾਂ ਬਾਅਦ ਵੀ ਕਹਿ ਲਵੋ ਕਿ ਪਾਣੀ ਲਗਾਤਾਰ ਲਗਾੳਣਾ ਪਿਆ ਕਿਉਂਕਿ ਵਾਸ਼ਪੀਕਰਨ ਜ਼ਿਆਦਾ ਹੁੰਦਾ ਤੇ ਅਗੇਤੀ ਬਿਜਾਈ ਮਹੀਨਾ ਪਹਿਲਾਂ ਮੁੱਖ ਕਾਰਨ ਹਨ। ਤਰ ਵੱਤਰ ਬਣੇਂ ਰਹਿਣਾ ੳਹਨਾਂ ਦਿਨਾਂ ਵਿੱਚ ੳਹ ਵੀ ਜ਼ਿਆਦਾ ਰਕਬੇ ਵਿੱਚ ਬਹੁਤ ਔਖਾ ਸੀ ਤੇ ਜਦਕਿ ਖੇਤ ਤਿਆਰ ਕਰਨ ਦਾ ਸਮਾਂ ਵੀ ਬੇਹੱਦ ਘੱਟ ਹੁੰਦਾ।
ੳ਼ਨਾਂ ਕਿਹਾ ਕਿ ਜੇਕਰ ਦਾਣਾ ਕੇਰਨ ਵਾਲੀ ਡਰਿੱਲ ਮਸ਼ੀਨ ਤੁਹਾਡੀ ਆਪਣੀ ਹੋਵੇ ਤਾਂ ਬਿਜਾਈ ਤਕਰੀਬਨ ਫ੍ਰੀ ਹੈ ਜਿਸ ਦਾ 6500 ਰੁਪਏ ਤੱਕ ਕਿਸਾਨ ਭਰਾਵਾਂ ਦਾ ਖਰਚਾ ਬੱਚਦਾ ਹੈ। ਜਦਕਿ ਡਿੱਜਲ ਤੇ ਪਾਣੀਂ ਤੇ ਵੱਟਾਂ ਬੰਨਣ ਆਦਿ ਦਾ ਖ਼ਰਚ ਸੁੱਕੇ ਕੱਦੂ 'ਚ 2500 ਰੁਪਏ ਤੱਕ ਬੱਚਦਾ ਹੈ। ਸੁੱਕੇ ਕੱਦੂ ਵਿੱਚ ਲੇਜ਼ਰ ਲੈਵਲਰ ਇਕਸਾਰ ਰਹਿੰਦਾ ਹੈ ਜੋ ਅਗਲੀ ਫ਼ਸਲ ਕਣਕ ਤੇ ਕਰਵਾੳਣ ਦੀ ਲੋੜ ਨਹੀਂ ਪੈਂਦੀ। ਸੁੱਕੇ ਕੱਦੂ ਵਿੱਚ ਰਹਿੰਦ ਖੂਹੰਦ ਹਵਾ ਨਾਲ ਤਰਨ ਦੀ ਕੋਈ ਸਮੱਸਿਆ ਨਹੀਂ। ਸੁੱਕਾ ਕੱਦੂ ਪਹਿਲਾਂ ਤੁਰ ਪੈਂਦਾ ਹੈ ਤੇ ਆਮ ਨਾਲੋਂ ਪਹਿਲਾਂ ਪੱਕ ਜਾਂਦਾ ਹੈ ਤੇ ਬੈਰਿੰਗ ਆਦਿ ਟੁੱਟਣ ਦਾ ਡਰ ਨਹੀਂ।
ਇਹ ਵੀ ਪੜ੍ਹੋ : Stud Farm ਨਾਲ ਬਦਲੀ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਲ ਬ੍ਰਦਰਜ਼ ਦੀ ਕਿਸਮਤ
ਤੱਕਨੀਕਾਂ ਤੇ ਮਸ਼ੀਨਰੀ
ਸ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਅਸੀਂ 22 ਮਈ ਨੂੰ ਕੀਤੀ ਤੇ ਸੁੱਕੇ ਕੱਦੂ ਦੀ 14 ਜੂਨ ਨੂੰ ਪਨੀਰੀ ਨਾਲ ਬਿਜਾਈ ਕੀਤੀ ਸੀ। ਝੋਨੇ ਤੇ ਕਮਾਦ ਦੀ ਫਸਲ ਤੇ ਅਲੱਗ ਅਲੱਗ ਤਜ਼ਰਬੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਖੇਤੀਬਾੜੀ ਵਿਭਾਗ ਦੀ ਸਲਾਹ ਤੇ ਅਤੇ ੳਹਨਾਂ ਵੱਲੋਂ ਮੇਰੇ ਨੇੜੇ ਬਸੰਤਗੜ੍ਹ ਵਿਖੇ ਕਿਸਾਨ ਗੀਤਾ ਸਿੰਘ ਦੇ ਝੋਨੇ ਦੀ ਸਿੱਧੀ ਬਿਜਾਈ ਦੇ ਬਿਜਾਏ ਖੇਤ ਨੂੰ ਦੇਖ ਕੇ ਚੰਗੀ ਫ਼ਸਲ ਦੇਖਦਿਆਂ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ, ਜੋ ਕਿ ਵਿਭਾਗ ਵੱਲੋਂ ਡਰਿੱਲ ਵੀ ਮੁਹੱਈਆ ਕਰਵਾਈ। ਇਸ ਦੇ ਨਾਲ ਯੂ ਟਿਊਬ ਤੇ ਡਾ. ਦਲੇਰ ਸਿੰਘ ਨਾਲ ਰਾਬਤਾ ਬਣਾ ਕੇ ਸੁੱਕੇ ਕੱਦੂ ਦੀ ਬਿਜਾਈ ਕੀਤੀ।
ਇਸ ਦੇ ਨਾਲ ਕੁਝ ਸ਼ੂਗਰ ਮਿੱਲ ਮੁਕੇਰੀਆਂ ਦੇ ਦੋਸਤਾਂ ਨਾਲ ਸੰਪਰਕ ਕਰਕੇ ਗੰਨੇ ਨੂੰ ਆਪਸੀ 4-4 ਫੁੱਟਾਂ ਦੇ ਵਕਫੇ ਤੇ ਲਗਾਇਆ। ਜਿਸ ਦਾ ਕਿ ਆਮ ਨਾਲੋਂ ਝਾੜ ਵੀ ਕਿੱਤੇ ਵੱਧ ਹੈ ਤੇ ਏਨਾਂ ਵਿਚ ਵੱਡੀ ਮਸ਼ੀਨਾਂ ਵੀ ਸੋਖਾਲੀ ਇਸ ਫ਼ਸਲ ਵਿੱਚ ਚੱਲਦੀਆਂ ਹਨ ਜਿਵੇਂ ਕਿ ਖ਼ਾਦ ਖਿਲਾਰਨ ਵਾਲੀ ਡਰਿੱਲ, ਸਪਰੇਅ ਪੰਪ, ਗੋਡਾਈ ਮਸ਼ੀਨਾਂ ਆਦਿ। ਜਿਸ ਦਾ ਵੱਡਾ ਫਾਇਦਾ ਮਹਿੰਗੀ ਲੇਬਰ ਤੋਂ ਨਿਯਾਤ, ਸੱਪਾਂ ਦੇ ਡਰ ਖੁਣੋਂ ਨਾ ਆੳਦੀ ਲੇਬਰ, ਸਿੰਗਲ ਟਰੈਕਟਰ ੳਪਰੇਟਿਡ ਬੰਦੇ ਦੁਆਰਾ ਕੰਮ ਸੰਭਾਲਿਆ ਜਾਣਾਂ।
ੳਹਨਾਂ ਦੱਸਿਆ ਕਿ ਜ਼ੀਰੋ ਡਰਿੱਲ ਨੂੰ ਵੀ ਅੱਡਜੱਸਟ ਕਰਕੇ ਤੇ ਮੋਡੀਫਾਈ ਆਪਣੇ ਤਰੀਕੇ ਨਾਲ ਕਰਵਾ ਕੇ ਜਿਸ ਵਿੱਚ ਮੈਂ ਅੰਮ੍ਰਿਤਸਰ ਦੇ ਜਹਾਜਗੜ ਕਬਾੜ ਵਾਲੇ ਬਜ਼ਾਰ ਤੋਂ ਟਰੱਕ ਦੇ ਵਾਇਪਰ ਵਾਲ਼ੀ ਮਸ਼ੀਨ ਲਿਆ ਕੇ ਖ਼ੁਦ ਉਸ ਨੂੰ ਡਰਿੱਲ ਨਾਲ ਫਿੱਟ ਕਰਕੇ ਖ਼ੁਦ ਟਰੈਕਟਰ ਨਾਲ ਚਲਾ ਕੇ ਇਕੱਲਾ ਬੰਦਾ ਹੀ ਕਮਾਦਾਂ ਵਿਚ ਬਿਨਾਂ ਲੇਬਰ ਦੇ ਖ਼ਾਦ ਖਿਲਾਰਨ ਲਈ ਜਾਂਦਾ ਹੈ। ਇਸ ਦੇ ਨਾਲ ੳਹਨਾਂ ਦੱਸਿਆ ਕਿ ਮੈਂ ਪਲਟਾਵੀ ਹੱਲਾ ਵਿੱਚ ਵੀ ਤਲਵੰਡੀ ਭਾਈ ਫ਼ਰੀਦਕੋਟ ਤੋਂ ਸੋਧ ਕਰਵਾ ਕੇ ਪਿਛਲੇ 15 ਸਾਲਾਂ ਤੋਂ ਕਣਕ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਦਬਾ ਕੇ ਅੱਗ ਨਹੀਂ ਲਗਾ ਰਹੇ, ਤੇ ਪਹਿਲਾਂ ਤਾਂ ਸਾਡੇ ਪਿਤਾ ਜੀ ਵੀ ਸਾਲ 1987-88 ਤੋਂ ਪਲਟਾਵੀ ਹੱਲਾ ਆਪ ਚਲਾੳਦੇ ਸਨ, ਜਦਕਿ ੳਸ ਸਮੇਂ ਬਹੁਤ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ।
ਗੁਰਮਿੰਦਰ ਸਿੰਘ ਨੇ ਦੱਸਿਆ ਕਿ 4-4 ਫੁੱਟ ਤੇ ਕਮਾਦ ਤਿੰਨ ਸਾਲ ਦਾ ਰੱਖਿਆ ਮੌਢਾ ਪਾਣੀ ਦੀ ਖਪਤ ਘੱਟ ਤੇ ਰੈੱਡ ਰਾਟ ਤੇ ਹੋਰ ਬਿਮਾਰੀਆਂ ਤਕਰੀਬਨ ਨਾ ਬਰਾਬਰ। ਵਧੀਆ ਮਸ਼ੀਨੀ ਗੋਡਾਈ, ਵਧੀਆ ਨਦੀਨ ਪ੍ਰਬੰਧ, ਲੇਬਰ ਤੇ ਫ਼ਸਲੀ ਬਿਮਾਰੀਆਂ ਖ਼ਤਮ ਅਤੇ ਫ਼ਾਸਲੇ ਨਾਲ ਫ਼ਸਲ ਚ ਹੁੰਮਸ ਘੱਟਦੀ ਹੈ, ਬਲਕਿ ਸਭ ਟਰੈਕਟਰ ਮਸ਼ੀਨਰੀਆਂ ਨਾਲ਼ ਸਾਰੇ ਕੰਮ ਹੁੰਦੇ ਹਨ ਤੇ ਪਾਣੀ ਦੀ ਖਪਤ ਘੱਟ ਹੁੰਦੀ ਏ। ਇਹ ਤਕਨੀਕ ਲਹਿਰੇ ਗੰਨੇ ਵਿਚ 400 ਤੇ ਮੌਢੇ 'ਚ 500 ਕੁਇੰਟਲ ਝਾੜ ਪ੍ਰਤੀ ਏਕੜ ਅਰਾਮ ਨਾਲ ਦੇ ਜਾਂਦਾ ਹੈ। ੳਹਨਾਂ ਕਿਹਾ ਕਿ ਅੱਜ ਮੇਰੇ ਕੋਲ 3 ਟਰੈਕਟਰ ਹਨ। ਜਿਨ੍ਹਾਂ ਵਿੱਚ 2 ਜੋਹਨ ਡੀਅਰ ਤੇ 1 ਮੈਂਸੀ, ਹੱਲਾਂ, ਤਵੇ, ਪਲਟਾਵੀ ਹੱਲ, ਰੋਟਾਵੇਟਰ, ਸੁਹਾਗਾ, ਟਰਾਲੀ, 2 ਜ਼ੀਰੋ ਡਰਿੱਲ, ਜਿੰਦਰਾਂ, ਸੋਲਰ ਮੋਟਰ, ਟਰੈਕਟਰ ੳਪਰੇਟਿਡ ਪੰਪ, ਇੰਜਣ ਮੁੱਖ ਹਨ।
ਇਹ ਵੀ ਪੜ੍ਹੋ : ਪ੍ਰਮਿਲਾ ਦੇਵੀ ਨੇ ਮੁਸੀਬਤਾਂ ਉੱਤੇ ਜਿੱਤ ਪਾ ਕੇ ਜ਼ਿੰਦਗੀ `ਚ ਹਾਸਲ ਕੀਤੀ ਮੁਹਾਰਤ
ਸੰਦੇਸ਼
ਅਗਾਂਹਵਧੂ ਕਿਸਾਨ ਸ. ਗੁਰਮਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਤੇ ਨਾ ਹੀ ਗਿੱਲੇ ਪਾਣੀ ਵਾਲੇ ਆਮ ਕੱਦੂ ਵੱਲ ਤੁਰਨਾਂ ਚਾਹੀਦਾ। ਅੱਜ ਅਸੀਂ ਆਪਣੇ ਸਾਰੇ ਹੀ ਰਕਬੇ ਨੂੰ ਹਰੇਕ ਫ਼ਸਲ ਵਿੱਚ ਆਰਗੈਨਿਕ ਜ਼ਹਿਰ ਰਹਿਤ ਰੱਖ ਰਹੇ ਹਾਂ। ੳਹਨਾਂ ਦੱਸਿਆ ਕਿ ਸਾਨੂੰ ਵੀ ਹੁਣ ਪਤਾ ਲੱਗਾ ਕਿ ਝੋਨੇ ਦੀ ਫ਼ਸਲ ਘੱਟ ਪਾਣੀ ਵਾਲ਼ੀ ਫ਼ਸਲ ਹੈ ਨਹੀ ਤਾਂ ਜ਼ਿਆਦਾ ਪਾਣੀ ਲਗਾ ਕੇ ਗਾਲਾ ਤੇ ਫ਼ਸਲ ਵਾਧਾ ਹੀ ਰੋਕਦੇ ਰਹੇ ਸਾਂ। ੳਹਨਾਂ ਕਿਹਾ ਕਿ ਸਾਨੂੰ ਤਾਂ ਖੁਦ ਬਹੁਤ ਲੇਟ ਪਤਾ ਲੱਗਾ ਕਿ ਝੋਨੇ ਦੀ ਸਿੱਧੀ ਬਿਜਾਈ ਤੇ ਸੁੱਕਾ ਕੱਦੂ ਬਿਨਾਂ ਪਾਣੀ ਦੇ ਕਰਨ ਨਾਲ ਜਿੱਥੇ ਸਾਡਾ ਖ਼ਰਚਾ ਤੇ ਪਾਣੀ ਬੱਚਿਆ, ੳਥੇ ਡੀਜ਼ਲ, ਲੇਬਰ ਸਭ ਨਾ ਦੇ ਬਰਾਬਰ ਰਹੀ ਤੇ ਬੂਟਾ ਵੀ ਸਿਹਤਮੰਦ ਤੇ ਝਾੜ ਚੰਗਾ ਰਿਹਾ।
ੳਹਨਾਂ ਕਿਹਾ ਕਿ ਅੱਜ ਦੇ ਕਿਸਾਨ ਨੂੰ ਕੇਵਲ ਲੂਣ ਹੀ ਬਜ਼ਾਰ ਚੋਂ ਲੈਣ ਦੀ ਜ਼ਰੂਰਤ ਹੈ ਬਾਕੀ ਸਭ ਕੁੱਝ ਆਪਣੇ ਘਰ ਪੈਦਾ ਕਰੇ ਜੇ ਫਿਰ ਵੀ ੳਹ ਸਭ ਬਜ਼ਾਰ ਤੋਂ ਖ਼ਰੀਦਦਾ ਹੈ ਤਾਂ ਉਹ ਕਿਸਾਨ ਨਹੀਂ। ੳਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸੁਪਰ ਸੀਡਰ, ਮੱਲਚਰ, ਬੇਲਰ ਮਹਿੰਗੇ ਭਾਅ ਦੇ ਹੋਣ ਕਰਕੇ ਆਮ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹਨ, ਏਨਾਂ ਤੇ ਸਬਸਿਡੀ ਸਰਕਾਰਾਂ ਜ਼ਿਆਦਾ ਦੇਂਣ ਜਾਂ ਵੱਡੇ ਰਕਬਿਆਂ/ਆਬਾਦੀ ਅਨੁਸਾਰ ਜਾਂ ਪਿੰਡਾਂ ਵਾਇਜ਼ ਪੰਚਾਇਤਾਂ ਨੂੰ ਦੇਣੇਂ ਜ਼ਰੂਰੀ ਬਣਾੳਣੇ ਚਾਹੀਦੇ ਹਨ ਤਾਂ ਜੋ ਏਨਾਂ ਮਸ਼ੀਨਰੀਆਂ ਨੂੰ ਸਭ ਆਸਾਨੀ ਨਾਲ ਵਰਤੋਂ ਹੇਠ ਲਿਆ ਸਕਣ।
ੳਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਜ਼ਹਿਰ ਰਹਿਤ ਖੇਤੀ ਵੱਲ ਤੁਰੋ, ਸਾਨੂੰ ਲੋਕ ਅੰਨਦਾਤਾ ਸਮਝਦੇ ਹਨ। ਸਾਨੂੰ ਕਿਸੇ ਵੀ ਤਰ੍ਹਾਂ ਦੇ ਆਪਣੇ ਨਿੱਜੀ ਫਾਇਦੇ ਜਾਂ ਝਾੜ ਵੱਧ ਲੈਣ ਲਈ ਜ਼ਹਿਰ ਨਹੀਂ ਪਾੳਣਾ ਚਾਹੀਦਾ, ਨਾ ਹੀ ਕਿਸੇ ਦੇ ਕਹਿਣ ਤੇ ਝੱਟ ਸਪਰੇਆਂ ਵੱਲ ਤੁਰਨਾਂ ਚਾਹੀਦਾ ਹੈ। ਇਸ ਬਿਜਾਈ ਤੱਕਨੀਕਾਂ ਬਾਰੇ ਵਧੇਰੇ ਜਾਣਕਾਰੀ ਲੈਣ ਲਈ ੳਹਨਾਂ ਆਪਣਾਂ ਸੰਪਰਕ 88721- 25555 ਨੰਬਰ ਵੀ ਜਾਰੀ ਕੀਤਾ।
ਕਮਲਇੰਦਰਜੀਤ ਬਾਜਵਾ
ਬਲਾਕ ਟੈਕਨੋਲੋਜੀ ਮੈਨੇਂਜਰ, ਖੇਤੀਬਾੜੀ ਵਿਭਾਗ,
ਬਲਾਕ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ
ਮੋਬਾਈਲ:- 98150-82401
ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Smart thinking of farmer Gurminder Singh became an example