Successful Farmers: ਜੈਵਿਕ ਖੇਤੀ ਦੀ ਪਹਿਲਕਦਮੀ ਸਾਡੇ ਸੂਬੇ ਦੇ ਕਿਸਾਨਾਂ ਦੇ ਆਰਥਿਕ ਵਿਕਾਸ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਇੱਕ ਮਹੱਤਵਪੂਰਨ ਪਹਿਲ ਹੈ। ਖੇਤੀ ਮਾਹਿਰ ਵੀ ਇਸ ਦੀ ਸਿਫ਼ਾਰਸ਼ ਕਰ ਰਹੇ ਹਨ ਅਤੇ ਸਾਡੇ ਬਹੁਤ ਸਾਰੇ ਕਿਸਾਨ ਇਸ ਵਿਚਾਰ ਨਾਲ ਜੁੜ ਵੀ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਬਿਨਾਂ ਰਸਾਇਣਕ ਖਾਦਾਂ ਦੇ ਜੈਵਿਕ ਖੇਤੀ ਕਰਕੇ ਜ਼ਹਿਰ ਮੁਕਤ ਫਸਲਾਂ ਦਾ ਉਤਪਾਦਨ ਕਰ ਰਿਹਾ ਹੈ।
ਰਸਾਇਣਕ ਖਾਦਾਂ ਤੋਂ ਬਿਨਾਂ ਜੈਵਿਕ ਖੇਤੀ ਕਰਕੇ ਜ਼ਹਿਰ ਮੁਕਤ ਫ਼ਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ, ਜੋ ਕਿ ਮਨੁੱਖੀ ਸਿਹਤ ਲਈ ਬਹੁਤ ਲਾਹੇਵੰਦ ਹੈ। ਜੈਵਿਕ ਖੇਤੀ ਦੀ ਪੈਦਾਵਾਰ ਦੀ ਮੰਡੀ ਵਿੱਚ ਕੀਮਤ ਦੁੱਗਣੀ ਤੋਂ ਵੀ ਵੱਧ ਮਿਲਦੀ ਹੈ ਅਤੇ ਬਾਜ਼ਾਰ ਵਿੱਚ ਇਸ ਦੀ ਮੰਗ ਵੱਧ ਰਹੀ ਹੈ, ਜਿਸ ਕਾਰਨ ਕਿਸਾਨ ਇਸ ਖੇਤੀ ਵੱਲ ਰੁਖ ਕਰ ਰਹੇ ਹਨ।
ਜੈਵਿਕ ਖੇਤੀ ਬਾਰੇ ਗੱਲ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰੰਗੀਲਪੁਰ ਦੇ ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ, ਜੋ ਖ਼ੁਦ ਵੀ ਜੈਵਿਕ ਖੇਤੀ ਕਰਦੇ ਹਨ, ਉਨ੍ਹਾਂ ਦੱਸਿਆ ਕਿ ਜੈਵਿਕ ਖੇਤੀ ਵਿੱਚ ਫ਼ਸਲਾਂ ਬਿਨਾਂ ਰਸਾਇਣਕ ਖਾਦਾਂ ਅਤੇ ਖੇਤੀ ਰਸਾਇਣਾਂ ਤੋਂ ਉਗਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਰਸਾਇਣਕ ਖੇਤੀ ਨੂੰ ਜੈਵਿਕ ਖੇਤੀ ਵਿੱਚ ਬਦਲਣ ਲਈ ਤਿੰਨ ਸਾਲ ਦਾ ਸਮਾਂ ਲੱਗਦਾ ਹੈ।
ਇਹ ਵੀ ਪੜ੍ਹੋ : 6 ਏਕੜ 'ਚੋਂ ਕੀਤੀ 12 ਲੱਖ ਤੋਂ ਵੱਧ ਕਮਾਈ, ਜਾਣੋ Fish Farmer ਸੁਖਪਾਲ ਸਿੰਘ ਦੀ Success Story
ਉਨ੍ਹਾਂ ਕਿਹਾ ਕਿ ਜੈਵਿਕ ਖੇਤਰਾਂ ਦੇ ਆਲੇ-ਦੁਆਲੇ ਬਫ਼ਰ ਥਾਂ ਦੀ ਲੋੜ ਹੁੰਦੀ ਹੈ ਤਾਂ ਜੋ ਰਸਾਇਣਕ ਖੇਤਰਾਂ ਵਿੱਚੋਂ ਕੋਈ ਵੀ ਰਸਾਇਣ ਜੈਵਿਕ ਖੇਤਰ ਵਿੱਚ ਦਾਖਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਵਿੱਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਸਖ਼ਤ ਮਨਾਹੀ ਹੈ।
ਕਿਸਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਜੈਵਿਕ ਖੇਤੀ ਕਰਦੇ ਸਮੇਂ ਬੀਜਾਂ ਵਿੱਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜੈਨੇਟਿਕ ਤੌਰ 'ਤੇ ਸੋਧੀਆਂ ਫਸਲਾਂ ਜਿਵੇਂ ਬੀ.ਟੀ. ਕਿਸਮਾਂ ਪ੍ਰਤੀਬੰਧਿਤ ਹਨ, ਬੀਜ ਜੈਵਿਕ ਫ਼ਸਲ ਵਿੱਚੋਂ ਹੀ ਹੋਣਾ ਚਾਹੀਦਾ ਹੈ।
ਰਸਾਇਣਕ ਖਾਦਾਂ ਦੇ ਬਦਲ ਵਜੋਂ ਫ਼ਲੀਦਾਰ ਫ਼ਸਲ ਅਧਾਰਿਤ ਫ਼ਸਲੀ ਚੱਕਰ, ਫ਼ਸਲਾਂ ਦੀ ਰਹਿੰਦ-ਖੂੰਹਦ, ਹਰੀ ਖਾਦ, ਰੂੜੀ ਦੀ ਖਾਦ, ਗੰਡੋਆ ਖਾਦ, ਕੰਪੋਸਟ, ਜੀਵਾਣੂੰ ਖਾਦਾਂ, ਨਾ ਖਾਣ ਯੋਗ ਖ਼ਲਾਂ ਆਦਿ 'ਤੇ ਆਧਾਰਿਤ ਫ਼ਸਲੀ ਚੱਕਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰੂੜੀ ਦੀ ਖਾਦ ਜੈਵਿਕ ਖੇਤ ਦੀ ਹੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Women Farmer ਕੰਵਲਬੀਰ ਕੌਰ ਦੀ ਸਿਆਣਪ ਆਈ ਕੰਮ, ਕਿਸਾਨਾਂ ਲਈ ਮਾਰਗਦਰਸ਼ਕ
ਉਨ੍ਹਾਂ ਦੱਸਿਆ ਕਿ ਨਦੀਨਾਂ ਦੀ ਰੋਕਥਾਮ ਫ਼ਸਲੀ ਚੱਕਰ ਜਾਂ ਫ਼ਸਲ ਪੈਦਾ ਕਰਨ ਦੇ ਕਾਸ਼ਤਕਾਰੀ ਢੰਗਾਂ ਵਿੱਚ ਹੇਰ-ਫ਼ੇਰ ਅਤੇ ਗੋਡੀ ਨਾਲ ਕੀਤੀ ਜਾਂਦੀ ਹੈ। ਫਸਲਾਂ ਦੇ ਕੀੜਿਆਂ ਨੂੰ ਕੰਟਰੋਲ ਕਰਨ ਲਈ, ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਆਬਾਦੀ ਵਧਾਉਣ ਲਈ ਖੇਤੀ ਪ੍ਰਬੰਧਨ ਵਿੱਚ ਬਦਲਾਅ ਕੀਤੇ ਜਾਂਦੇ ਹਨ। ਨਿੰਮ ਦੇ ਪੌਦੇ ਦੇ ਅਰਕ ਜਾਂ ਜੈਵਿਕ ਕੀਟਨਾਸ਼ਕਾਂ (ਬੀਟੀ, ਐਨਪੀਵੀ, ਟ੍ਰਾਈਕੋਗਰਾਮਾ ਆਦਿ) ਦੀ ਵਰਤੋਂ ਕੀਤੀ ਜਾ ਸਕਦੀ ਹੈ।
ਕਿਸਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਟ੍ਰਾਈਕੋਡਰਮਾ ਅਤੇ ਪੀ.ਐਸ.ਐਫ ਵਰਗੀਆਂ ਉੱਲੀਆਂ ਦੀ ਵਰਤੋਂ ਬਿਮਾਰੀਆਂ ਤੋਂ ਬਚਾਅ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੇ ਪਾਣੀ ਵਾਂਗ ਦੂਸ਼ਿਤ ਪਾਣੀ ਨਾਲ ਖੇਤ ਦੀ ਸਿੰਚਾਈ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਕੁਝ ਰਕਬਾ ਜੈਵਿਕ ਖੇਤੀ ਅਧੀਨ ਜ਼ਰੂਰ ਲਿਆਉਣਾ ਚਾਹੀਦਾ ਹੈ ਅਤੇ ਤਜ਼ਰਬੇ ਦੀ ਸਫ਼ਲਤਾ ਤੋਂ ਬਾਅਦ ਹੌਲੀ-ਹੌਲੀ ਬਾਕੀ ਖੇਤਰ ਵਿੱਚ ਵੀ ਜ਼ਹਿਰ ਮੁਕਤ ਜੈਵਿਕ ਖੇਤੀ ਕਰਨੀ ਚਾਹੀਦੀ ਹੈ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Progressive Farmer Gurmukh Singh's journey from chemical farming to organic farming