Direct Sowing of Paddy: ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦਾ ਪਿੰਡ ਪੰਜੌੜ, ਝੋਨੇ ਦੀ ਸਿੱਧੀ ਬਿਜਾਈ ਕਰਕੇ ਜ਼ਿਲ੍ਹੇ ਦੇ ਮੋਹਰੀ ਪਿੰਡਾਂ ਵਿੱਚੋਂ ਉੱਭਰ ਕੇ ਆਇਆ ਹੈ। ਇਸ ਪਿੰਡ ਦੇ ਅਗਾਂਹਵਧੂ ਕਿਸਾਨਾਂ ਨੇ ਲੱਗਭਗ 125 ਏਕੜ ਰਕਬੇ ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ।
ਕਿਸਾਨਾਂ ਦਾ ਮੰਨਣਾ ਹੈ ਕਿ ਖੇਤਾਂ ਨੂੰ ਕੱਦੂ ਕਰਨ ਤੋਂ ਬਾਅਦ ਝੋਨੇ ਦੀ ਪਨੀਰੀ ਦੀ ਲੁਆਈ ਦੌਰਾਨ ਲੇਬਰ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਅਤੇ ਝੋਨੇ ਦੀ ਫ਼ਸਲ ਨੂੰ ਸਿੰਚਾਈ ਕਰਨ ਵੇਲੇ ਪਾਣੀ ਦੀ ਬਹੁਤ ਵਰਤੋਂ ਹੁੰਦੀ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਘੱਟਦਾ ਹੈ।
ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਹੱਥਾਂ ਨਾਲ ਲੁਆਈ ਸਮੇਂ ਸਿਰ ਲੇਬਰ ਨਾ ਮਿਲਣ ਕਰਕੇ ਝੋਨੇ ਦੀ ਲੁਆਈ ਲੇਟ ਹੋ ਜਾਂਦੀ ਹੈ ਤੇ ਲੇਬਰ ਵੀ ਮਨਚਾਹੇ ਪੈਸੇ ਲੈਂਦੀ ਹੈ, ਜਿਸ ਨਾਲ ਝੋਨੇ ਦੀ ਲੁਆਈ ਦੀ ਲਾਗਤ ਵੱਧ ਜਾਂਦੀ ਹੈ। ਇਹਨਾਂ ਕਾਰਨਾਂ ਕਰਕੇ ਪਿੰਡ ਦੇ ਕਿਸਾਨਾਂ ਦਾ ਰੁਝਾਨ ਝੋਨੇ ਦੀ ਸਿੱਧੀ ਬਿਜਾਈ ਵੱਲ ਵੱਧਿਆ ਹੈ, ਜਿਸ ਨਾਲ ਪਾਣੀ ਦੀ ਬੱਚਤ ਅਤੇ ਲੇਬਰ ਦੀ ਬੱਚਤ ਹੁੰਦੀ ਹੈ।
ਪਿੰਡ ਦੇ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਦੀ ਸਫ਼ਲ ਕਾਸ਼ਤ ਸਬੰਧੀ ਸੰਪੂਰਣ ਸਿਫਾਰਿਸ਼ਾਂ ਜਿਵੇਂ ਕਿ ਲੇਜ਼ਰ ਕਰਾਹੇ ਦੀ ਵਰਤੋਂ ਤੇ ਖੇਤ ਦੀ ਤਿਆਰੀ, ਜ਼ਮੀਨ ਦੀ ਕਿਸਮ, ਝੋਨੇ ਦੀਆਂ ਸਿਫਾਰਿਸ਼ ਢੁੱਕਵੀਆਂ ਕਿਸਮਾਂ, ਬਿਜਾਈ ਦਾ ਸਮਾਂ, ਬੀਜ ਦੀ ਮਾਤਰਾ ਤੇ ਸੋਧ, ਬਿਜਾਈ ਦਾ ਢੰਗ, ਨਦੀਨਾਂ ਦੀ ਰੋਕਥਾਮ, ਸਿੰਚਾਈ ਤੇ ਖਾਦਾਂ ਦੀ ਵਰਤੋਂ, ਆਦਿ ਦੀ ਪਾਲਣਾ ਕਰਕੇ ਝੋਨੇ ਦਾ ਵਧੀਆ ਝਾੜ ਪ੍ਰਾਪਤ ਕਰ ਰਹੇ ਹਨ।
ਸਾਲ 2020 ਦੌਰਾਨ ਕਰੋਨਾ ਮਹਾਮਾਰੀ ਨੇ ਹਰੇਕ ਵਰਗ ਉੱਤੇ ਮਾੜਾ ਅਸਰ ਕੀਤਾ ਅਤੇ ਇਸ ਕਾਰਨ ਕਰਕੇ ਝੋਨੇ ਦੀ ਲੁਆਈ ਸਮੇਂ ਲੇਬਰ ਦੀ ਬਹੁਤ ਘਾਟ ਮਹਿਸੂਸ ਹੋਈ ਸੀ। ਇਸ ਸਮੇਂ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਵੱਲ ਪਿੰਡ ਦੇ ਕਿਸਾਨਾਂ ਦਾ ਰੁਝਾਨ ਵੱਧਿਆ। ਇਸ ਪਿੰਡ ਦੇ ਕਿਸਾਨਾਂ ਦੁਆਰਾ ਕੀਤੀ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦੀ ਸਿੰਚਾਈ ਪਿੰਡ ਦੇ ਸਰਕਾਰੀ ਟਿਊਬਵੈੱਲ ਨਾਲ ਕੀਤੀ ਜਾਂਦੀ ਹੈ ਅਤੇ ਇਸ ਸਬੰਧੀ ਪਿੰਡ ਦੇ ਸਮੂਹ ਕਿਸਾਨਾਂ ਵੱਲੋਂ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ।
ਇਸ ਪਿੰਡ ਦੇ ਖੇਤਾਂ ਦੀ ਮਿੱਟੀ ਦਰਮਿਆਨੀਆਂ ਤੋਂ ਭਾਰੀਆਂ ਕਿਸਮ ਦੀ ਹੋਣ ਕਰਕੇ ਝੋਨੇ ਦੀ ਸਿੱਧੀ ਬਿਜਾਈ ਲਈ ਢੁੱਕਵੀਆਂ ਹਨ।ਪਿੰਡ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਲਈ ਤਿਰਛੀਆਂ ਪਲੇਟਾਂ ਵਾਲੀ ਝੋਨੇ ਦੀ ਸਿੱਧੀ ਬਿਜਾਈ ਵਾਲੀ ਡਰਿਲ ਦੀ ਵਰਤੋਂ ਕਰਦੇ ਹਨ, ਜਿਸ ਨਾਲ ਝੋਨੇ ਦੇ ਬੂਟੇ ਕਤਾਰਾਂ ਵਿੱਚ ਲੱਗਦੇ ਹਨ ਅਤੇ ਖਾਦ ਤੇ ਸਪਰੇਅ ਕਰਨਾ ਸੌਖਾ ਹੁੰਦਾ ਹੈ। ਖੇਤ ਦੀ ਤਿਆਰੀ ਅਤੇ ਝੋਨੇ ਦੀ ਸਿੱਧੀ ਬਿਜਾਈ ਸਵੇਰ ਜਾਂ ਸ਼ਾਮ ਦੇ ਸਮੇਂ ਕੀਤੀ ਜਾਂਦੀ ਹੈ, ਜਿਸ ਨਾਲ ਵਧੀਆ ਨਤੀਜੇ ਪ੍ਰਾਪਤ ਹੁੰਦੇ ਹਨ।
ਝੋਨੇ ਦੀ ਸਿੱਧੀ ਬਿਜਾਈ ਕਰਨ ਉਪਰੰਤ ਨਦੀਨਾਂ (ਘਾਹ ਵਾਲੇ ਅਤੇ ਕੁਝ ਚੌੜੇ ਪੱਤੇ ਵਾਲੇ) ਦੀ ਸੁਚੱਜੀ ਰੋਕਥਾਮ ਲਈ ਨਦੀਨਾਸ਼ਕ (ਪੈਂਡੀਮੈਥਾਲਿਨ) ਦੀ ਸਪਰੇਅ ਕੀਤੀ ਜਾਂਦੀ ਹੈ।ਨਦੀਨਾਸ਼ਕਾਂ ਦਾ ਛਿੜਕਾਅ ਵੱਤਰ ਖੇਤ ਵਿੱਚ ਕੀਤਾ ਜਾਂਦਾ ਹੈ ਅਤੇ ਬੱਚੇ ਹੋਏ ਨਦੀਨ ਹੱਥ ਨਾਲ ਕੱਢਦੇ ਹਨ।ਪਿੰਡ ਦੇ ਕਿਸਾਨ ਸਿੰਚਾਈ ਵਾਲਾ ਪਾਣੀ ਦਾ ਅੰਤਰਾਲ ਬਾਰਿਸ਼ਾਂ ਨੂੰ ਦੇਖ ਕੇ ਕਰਦੇ ਹਨ ਅਤੇ ਝੋਨੇ ਦੀ ਆਖਰੀ ਸਿੰਚਾਈ ਝੋਨਾ ਕੱਟਣ ਤੋਂ 10 ਦਿਨ ਪਹਿਲਾਂ ਕਰਦੇ ਹਨ, ਜਿਸ ਨਾਲ ਰਵਾਇਤੀ ਤਰੀਕੇ ਨਾਲ ਕੱਦੂ ਕੀਤੇ ਝੋਨੇ ਦੇ ਮੁਕਾਬਲੇ ਝੋਨੇ ਦੇ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ 10 ਤੋਂ 20 ਪ੍ਰਤੀਸ਼ਤ ਸਿੰਚਾਈ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ।
ਸਰੋਤ: ਮਨਿੰਦਰ ਸਿੰਘ ਬੌਂਸ ਅਤੇ ਅਜੈਬ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ
ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Ideal Village: Panjor is the leading direct sowing village of paddy in district Hoshiarpur