Success Story: ਸ. ਅਮਨਦੀਪ ਸਿੰਘ ਪਿੰਡ ਭਾਦੜਾ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ 28 ਸਾਲਾ ਮਿਹਨਤਕਸ਼ ਨੌਜਵਾਨ ਕਿਸਾਨ ਹੈ। ਬੀ.ਏ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਦੇ ਮਨ ਵਿੱਚ ਕੁਝ ਨਵਾਂ ਸਿੱਖਣ ਅਤੇ ਨਵਾਂ ਕਰਨ ਦਾ ਚਾਅ ਸੀ ਅਤੇ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਉਹ ਪੰਜਾਬ ਤੋਂ ਬਾਹਰੀ ਰਾਜਾਂ ਦਾ ਦੌਰਾ ਕਰਦਾ ਰਹਿੰਦਾ ਸੀ। ਸਾਲ 2016 ਦੌਰਾਨ ਸ. ਅਮਨਦੀਪ ਸਿੰਘ ਆਪਣੇ ਦੋਸਤਾਂ ਨਾਲ ਗੁਜਰਾਤ ਵਿਖੇ ਘੁੰਮਣ ਗਏ ਅਤੇ ਕੱਛ ਜਿਲ੍ਹੇ ਦੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਡਰੈਗਨ ਫਰੂਟ ਦੀ ਸੁੰਦਰਤਾ ਨੇ ਉਸਦੇ ਮਨ ਵਿੱਚ ਖਿੱਚ ਪੈਦਾ ਕੀਤੀ।
ਦੌਰੇ ਤੋਂ ਵਾਪਿਸ ਆ ਕੇ ਅਮਨਦੀਪ ਸਿੰਘ ਨੇ ਬਿਨਾਂ ਸਮਾਂ ਗਵਾਏ ਆਪਣੇ ਖੇਤ ਵਿੱਚ ਡਰੈਗਨ ਫਰੂਟ ਦੀ ਕਾਸ਼ਤ ਦੀ ਤਿਆਰੀ ਕੀਤੀ ਅਤੇ ਸਾਲ 2016-17 ਦੌਰਾਨ ਹੀ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਕਿਸਮਾਂ ਦੇ 400 ਬੂਟੇ ਲਿਆ ਕੇ ਆਪਣੇ ਖੇਤ ਵਿੱਚ ਲਗਾ ਲਏ। ਸ਼ੁਰੂਆਤੀ ਸਾਲਾਂ ਦੌਰਾਨ ਉਸਨੇ ਦੇਖਿਆ ਕਿ ਉਸਦੇ ਲਗਾਏ 400 ਬੂਟਿਆਂ ਵਿਚੋਂ ਕੁਝ ਕਿਸਮਾਂ ਪੰਜਾਬ ਦੇ ਮੌਸਮ ਦੇ ਅਨੁਕੂਲ ਬਿਹਤਰ ਵਾਧਾ ਕਰ ਰਹੀਆਂ ਹਨ ਅਤੇ ਕੁਝ ਕਿਸਮਾਂ ਵਿੱਚ ਦਿੱਕਤ ਹੈ। ਆਪਣੇ ਗਿਆਨ ਵਿੱਚ ਹੋਰ ਵਾਧਾ ਕਰਨ ਲਈ ਉਸਨੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ, ਮਹਾਂਰਾਸ਼ਟਰ, ਕਰਨਾਟਕ ਅਤੇ ਤਿਲੰਗਨਾ ਦੇ ਕਿਸਾਨਾਂ ਨਾਲ ਰਾਬਤਾ ਬਣਾਇਆ ਅਤੇ ਉਹਨਾਂ ਦੇ ਖੇਤਾਂ ਵਿੱਚ ਜਾ ਕੇ ਕਿਸਮਾਂ ਅਤੇ ਕਾਸ਼ਤ ਬਾਰੇ ਵਿਗਿਆਨਕ ਢੰਗ ਸਿੱਖੇ।
ਲਗਾਤਾਰ ਸਿੱਖਣ ਦਾ ਮਾਦਾ ਉਸਨੂੰ ਹੋਰ ਕਾਮਯਾਬੀ ਵੱਲ ਲੈ ਜਾ ਰਿਹਾ ਸੀ। ਉਸਨੇ ਹੌਲੀ ਹੌਲੀ ਸਿਰਫ ਉਹਨਾਂ ਕਿਸਮਾਂ ਨੂੰ ਅੱਗੇ ਵਧਾਉਣ ਬਾਰੇ ਉਪਰਾਲੇ ਕੀਤੇ ਜੋ ਉਸਦੇ ਮਿੱਟੀ ਪਾਣੀ ਦੇ ਅਨੁਕੂਲ ਸਨ। ਇਸ ਤਰ੍ਹਾਂ ਉਹ ਕਿਸਮਾਂ ਦੀਆਂ ਵਿਸ਼ੇਸ਼ਤਾਵਾਂ ਦੇ ਅਧਾਰ ਤੇ ਵਧੀਆ ਨਸਲ ਦੇ ਬੂਟਿਆਂ ਦੀ ਚੋਣ ਕਰਦਾ ਗਿਆ ਅਤੇ ਉਸਨੇ ਆਪਣੀ ਇੱਕ ਨਰਸਰੀ ਵੀ ਸਥਾਪਿਤ ਕਰ ਲਈ। ਉਸ ਨੂੰ ਡਰੈਗਨ ਫਰੂਟ ਦੀ ਕਾਸ਼ਤ ਦੇ ਸ਼ੁਰੂਆਤੀ ਸਾਲਾਂ ਦੌਰਾਨ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ।
ਮਾਨਸਾ ਜਿਲ੍ਹੇ ਦੀਆਂ ਜ਼ਿਆਦਾ ਹਲਕੀਆਂ ਜ਼ਮੀਨਾਂ ਵਿੱਚ ਕਾਲਰ ਰਾਟ ਦੀ ਸਮੱਸਿਆ ਵੀ ਵੇਖਣ ਵਿੱਚ ਆਈ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਉਸਨੇ ਬਾਗਬਾਨੀ ਮਾਹਿਰਾਂ ਦੀ ਸਲਾਹ ਨਾਲ ਉਸਨੇ ਡਰੈਗਨ ਫਰੂਟ ਦੀ ਕਾਸ਼ਤ ਦੇ ਵਿਗਿਆਨਕ ਤਰੀਕੇ ਅਪਣਾਏ। ਡਰੈਗਨ ਫਰੂਟ ਦੀ ਕਾਸ਼ਤ ਲਈ ਦਰਮਿਆਨੀ ਮੱਲੜ ਅਤੇ ਚੰਗੇ ਜਲ ਨਿਕਾਸੀ ਵਾਲੀਆਂ ਜ਼ਮੀਨਾਂ ਨੂੰ ਤਰਜੀਹ ਦਿੱਤੀ।
ਉਸਦਾ ਕਹਿਣਾ ਹੈ ਕਿ ਬੂਟੇ ਹਮੇਸ਼ਾ ਭਰੋਸੇਯੋਗ ਨਰਸਰੀ ਤੋਂ ਖਰੀਦਣੇ ਚਾਹੀਦੇ ਹਨ ਕਿਉਂਕਿ ਅੱਜ ਕੱਲ੍ਹ ਬਾਹਰੀ ਰਾਜਾਂ ਤੋਂ ਆ ਰਹੇ ਬੂਟਿਆਂ ਨਾਲ ਨੀਮਾਟੋਡ ਦੀ ਸਮੱਸਿਆ ਬਹੁਤ ਵੱਧ ਰਹੀ ਹੈ ਅਤੇ ਜ਼ਮੀਨਾਂ ਖਰਾਬ ਹੋ ਰਹੀਆਂ ਹਨ। ਉਸਦੇ ਕਹਿਣ ਮੁਤਾਬਕ ਕਈ ਕਿਸਾਨ ਡਰੈਗਨ ਫਰੂਟ ਦੀ ਕਾਸ਼ਤ ਗਲਤ ਸਮੇਂ ਤੇ ਕਰ ਲੈਂਦੇ ਨੇ ਅਤੇ ਨੁਕਸਾਨ ਝੱਲਣਾ ਪੈਂਦਾ ਹੈ। ਡਰੈਗਨ ਫਰੂਟ ਨੂੰ ਖੇਤ ਵਿੱਚ ਫਰਵਰੀ ਜਾਂ ਜੁਲਾਈ ਤੋਂ ਸਤੰਬਰ ਦੌਰਾਨ ਲਗਾ ਲੈਣਾ ਚਾਹੀਦਾ ਹੈ ਕਿਉਂਕਿ ਮਈ-ਜੂਨ ਦੌਰਾਨ ਜ਼ਿਆਦਾ ਗਰਮੀ ਅਤੇ ਖੁਸ਼ਕ ਸਥਿਤੀਆਂ ਵਿੱਚ ਸਾੜਾ ਪੈ ਜਾਂਦਾ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਡਰੈਗਨ ਫੂਟ ਤੇ ਕੋਰੇ ਦਾ ਅਸਰ ਵੀ ਦੇਖਣ ਨੂੰ ਮਿਲਦਾ ਹੈ ਅਤੇ ਇਸ ਨਾਲ ਵਾਧਾ ਰੁਕ ਜਾਂਦਾ ਹੈ।
ਇਹ ਵੀ ਪੜ੍ਹੋ : Naturalization of Agriculture: ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ
ਇੱਕ ਹੋਰ ਮੁੱਖ ਸਮੱਸਿਆ ਜਿਸਦਾ ਉਸਨੂੰ ਖੁਦ ਸਾਹਮਣਾ ਕਰਨਾ ਪਿਆ ਉਹ ਪਾਣੀ ਦੀ ਖੜੋਤ ਸੀ। ਜ਼ਿਆਦਾ ਪਾਣੀ ਰੁਕਣ ਨਾਲ ਉਸਦੇ ਕੁਝ ਬੂਟੇ ਨੁਕਸਾਨੇ ਗਏ। ਇਸ ਤੋਂ ਬਚਾਅ ਲਈ ਉਸਨੇ ਬੂਟੇ ਲਾਉਂਦੇ ਸਮੇਂ ਉੱਚੇ ਬੈੱਡ ਨੂੰ ਤਰਜੀਹ ਦਿੱਤੀ ਅਤੇ ਡਰਿੱਪ ਵਿਧੀ ਅਪਣਾਈ। ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੋਈ ਉੱਥੇ ਹੀ ਬੂਟਿਆਂ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ। ਡਰੈਗਨ ਫਰੂਟ ਦੀ ਫ਼ਸਲ ਨੂੰ ਮਾਰਚ ਤੋਂ ਅਖੀਰ ਜੂਨ ਤੱਕ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਅਤੇ ਜੂਨ ਤੋਂ ਸਿਤੰਬਰ ਦੌਰਾਨ ਫੁੱਲਾਂ ਅਤੇ ਫਲਾਂ ਦੀ ਆਮਦ ਸਮੇਂ ਨਮੀ ਬਰਕਰਾਰ ਰੱਖਣੀ ਚਾਹੀਦੀ ਹੈ।
ਉਸਨੇ ਮਾਹਿਰਾਂ ਦੀ ਸਲਾਹ ਅਨੁਸਾਰ ਡਰੈਗਨ ਫਰੂਟ ਦੀ ਸਫਲ ਕਾਸ਼ਤ ਲਈ ਸੁਧਰੇ ਢੰਗ ਅਪਣਾਏ। ਵਧੀਆ ਝਾੜ ਲੈਣ ਲਈ ਰਿੰਗ ਪ੍ਰਣਾਲੀ ਤਹਿਤ 10×10 ਫੁੱਟ ਅਤੇ 12×8 ਫੁੱਟ ਦੀ ਦੂਰੀ ਤੇ ਲਗਾਏ ਅਤੇ ਇੱਕ ਖੰਭੇ ਦੁਆਲੇ ਚਾਰ ਪੌਦੇ ਲਗਾਏ। ਇਸ ਤਰੀਕੇ 80% ਖੇਤਰ ਵਿੱਚ ਦੂਜੀਆਂ ਫ਼ਸਲਾਂ ਲਗਾਈਆਂ ਜਾ ਸਕਦੀਆਂ ਹਨ। ਖੰਭੇ ਦੀ ਉਚਾਈ ਘੱਟੋ-ਘੱਟ 7 ਫੁੱਟ ਹੋਣੀ ਚਾਹੀਦੀ ਹੈ ਅਤੇ ਹੇਠਲੇ ਸਿਰਿਆਂ ਦੀ ਚੌੜਾਈ 4.5-5.0 ਇੰਚ ਅਤੇ ਸਿਖਰ ਤੇ ਖੰਭੇ 3.5-4.5 ਇੰਚ ਮੋਟਾਈ ਵਾਲੇ ਹੋਣੇ ਚਾਹੀਦੇ ਹਨ । ਡਰੈਗਨ ਫਰੂਟ ਦੇ ਫੈਲਾਅ ਲਈ ਸੀਮੇਂਟ ਦਾ 2 ਫੁੱਟ ਵਿਆਸ ਵਾਲਾ ਅਤੇ 2 ਇੰਚ ਮੋਟਾ ਗੋਲ ਚੱਕਰ ਖੰਭੇ ਉੱਪਰ ਲਗਾਇਆ ਜਾਂਦਾ ਹੈ ।
ਜੇਕਰ ਆਮਦਨ ਦੀ ਗੱਲ ਕਰੀਏ ਤਾਂ ਉਸਦੇ ਕਹਿਣ ਅਨੁਸਾਰ ਡਰੈਗਨ ਫਰੂਟ ਨੂੰ ਖੇਤ ਵਿੱਚ ਲਗਾਉਣ ਤੋਂ ਲਗਭਗ 18 ਮਹੀਨੇ ਬਾਅਦ ਉਸਨੂੰ ਪਹਿਲਾਂ ਫਲ ਪ੍ਰਾਪਤ ਹੋਇਆ (ਜੁਲਾਈ ਤੋਂ ਨਵੰਬਰ ਮਹੀਨੇ ਤੱਕ)। ਸ਼ੁਰੂਆਤ ਵਿੱਚ ਘੱਟ ਰਕਬੇ ਵਿੱਚ ਹੋਈ ਸੀਮਤ ਪੈਦਾਵਾਰ ਦੀ ਵਿਕਰੀ ਲਈ ਉਸਨੇ ਵਿਕਰੀ ਲਈ ਛੋਟੇ ਦੁਕਾਨਦਾਰਾਂ ਨਾਲ ਰਾਬਤਾ ਬਣਾਇਆ ਅਤੇ ਲਗਭਗ 250 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਰੀ ਕੀਤੀ। ਇਸ ਤਰ੍ਹਾਂ ਆਪਣੇ ਤਜ਼ਰਬਿਆਂ ਰਾਂਹੀ ਇੱਕਤਰ ਕੀਤੇ ਗਿਆਨ ਨਾਲ ਉਸਨੇ ਆਪਣੀ ਆਮਦਨ ਵਧਾਉਣ ਲਈ ਉਪਰਾਲੇ ਕੀਤੇ।
ਇਹ ਵੀ ਪੜ੍ਹੋ : ਮਿਹਨਤ ਅਤੇ ਸਿਆਣਪ ਦੀ ਸਫਲ ਮਿਸਾਲ Farmer Paramjeet Singh
ਸਾਲ 2018 ਵਿੱਚ ਫਲ ਦੀ ਵਿਕਰੀ ਤੋਂ ਇਲਾਵਾ ਉਸਨੇ ਡਰੈਗਨ ਫਰੂਟ ਦੇ ਪੌਦੇ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਕੀਤਾ। ਉਸਦੇ ਕਹਿਣ ਅਨੁਸਾਰ ਰਿੰਗ ਵਿਧੀ ਨਾਲ ਇੱਕ ਏਕੜ ਵਿੱਚ 500 ਪਿੱਲਰ ਲੱਗ ਜਾਂਦੇ ਹਨ ਅਤੇ ਕੁੱਲ 2000 ਪੌਦੇ ਪ੍ਰਤੀ ਕਿੱਲਾ ਲੱਗ ਜਾਂਦੇ ਹਨ ਪ੍ਰਤੀ ਪਿੱਲਰ 1000 ਰੁਪਏ ਦਾ ਖਰਚ ਆ ਜਾਂਦਾ ਹੈ। ਇਸ ਤਰੀਕੇ ਨਾਲ ਇੱਕ ਕਿੱਲੇ ਦੀ ਕਾਸ਼ਤ ਲਈ ਲਗਭਗ 5 ਲੱਖ ਰੁਪਏ ਦੀ ਸ਼ੁਰੂਆਤੀ ਲਾਗਤ ਆ ਜਾਂਦੀ ਹੈ। ਤੀਜੇ ਸਾਲ ਪ੍ਰਤੀ ਪਿੱਲਰ 8 ਕਿੱਲੋ ਫਲ ਪ੍ਰਾਪਤ ਹੁੰਦਾ ਹੈ ਤੇ ਜੇਕਰ ਇਸਦੀ ਵਿਕਰੀ 200 ਰੁਪਏ ਕਿੱਲੋ ਦੇ ਹਿਸਾਬ ਨਾਲ ਹੋਵੇ ਤਾਂ 8 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਕਮਾਈ ਕੀਤੀ ਜਾ ਸਕਦੀ ਹੈ।
ਰਿੰਗ ਪ੍ਰਣਾਲੀ ਦੇ ਨਾਲ-ਨਾਲ ਉਹ ਟ੍ਰੇਲਿਸ ਪ੍ਰਣਾਲੀ ਵੀ ਅਪਨਾ ਰਿਹਾ ਹੈ ਜਿਸ ਵਿੱਚ 60,000-70,000/-ਰੁਪਏ (ਸਾਰੇ ਖਰਚੇ ਪਾ ਕੇ) ਤਾਰ ਦਾ ਖਰਚਾ ਅਤੇ 500 ਪੌਦੇ ਪ੍ਰਤੀ ਕਨਾਲ ਲੱਗ ਜਾਂਦੇ ਹਨ। ਇਸ ਵਿਧੀ ਨਾਲ 1 ਲੱਖ ਰੁਪਏ ਸਲਾਨਾ ਪ੍ਰਤੀ ਕਨਾਲ (ਤੀਜੇ ਸਾਲ) ਤੋਂ ਵੀ ਜ਼ਿਆਦਾ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਸ. ਅਮਨਦੀਪ ਸਿੰਘ ਜੀ ਕਹਿੰਦੇ ਹਨ ਕਿ ਡਰੈਗਨ ਫਰੂਟ ਦੀ ਕਾਸ਼ਤ ਤੇ ਹੋਣ ਵਾਲੀ ਕਮਾਈ ਨੂੰ ਉਹ ਪੱਕੀ ਕਮਾਈ ਮੰਨਦੇ ਹਨ ਅਤੇ ਨਰਸਰੀ ਦੀ ਆਮਦਨ ਬਾਜ਼ਾਰ ਦੀ ਮੰਗ ਤੇ ਨਿਰਭਰ ਕਰਦੀ ਹੈ।
ਇਹ ਵੀ ਪੜ੍ਹੋ : Success Story: ਕਿਸਾਨਾਂ ਲਈ ਇੱਕ ਚਾਨਣ ਮੁਨਾਰਾ ਬਣੇ ਕਿਸਾਨ ਸੁਰਜੀਤ ਸਿੰਘ ਚੱਗਰ
ਉਹਨਾਂ ਦੇ ਕਹਿਣ ਮੁਤਾਬਕ ਨਰਸਰੀ ਵੀ ਫ਼ਲ ਦੇ ਬਰਾਬਰ ਆਮਦਨ ਦੇ ਜਾਂਦੀ ਹੈ ਅਤੇ ਉਹ ਨਰਸਰੀ ਦੀ ਵਿਕਰੀ ਕਰਕੇ ਵੀ ਲਗਭਗ 1 ਲੱਖ ਰੁਪਏ ਸਲਾਨਾ ਆਮਦਨ ਲੈ ਰਹੇ ਹਨ। ਉਹ ਨਰਸਰੀ ਦੇ ਨਾਲ-ਨਾਲ ਡਰੈਗਨ ਫਰੂਟ ਦੀ ਕਾਸ਼ਤ ਕਰਨ ਲਈ ਚਾਹੀਦੀ ਸਮਗੱਰੀ ਵੀ ਤਿਆਰ ਕਰਦੇ ਹਨ ਅਤੇ ਚੋਖਾ ਮੁਨਾਫਾ ਕਮਾ ਰਹੇ ਹਨ। ਇਸ ਤੋਂ ਇਲਾਵਾ ਸ. ਅਮਨਦੀਪ ਸਿੰਘ ਨੇ ਮਾਨਸਾ ਜਿਲ੍ਹੇ ਵਿੱਚ ਡਰੈਗਨ ਫੂਰਟ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰਨ ਲਈ ਵੀ ਸ਼ਲਾਘਾਯੋਗ ਉਪਰਾਲੇ ਕੀਤੇ ਹਨ। ਉਨ੍ਹਾਂ ਤੋਂ ਨਰਸਰੀ ਪ੍ਰਾਪਤ ਕਰਕੇ ਹੋਰ ਪਿੰਡਾਂ ਦੇ ਕਿਸਾਨਾਂ ਨੇ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਹੈ।
ਸ. ਅਮਨਦੀਪ ਸਿੰਘ ਕੋਲ ਇਸ ਸਮੇਂ ਡਰੈਗਨ ਫੂਰਟ ਦੇ 8000 ਬੂਟੇ ਹਨ ਅਤੇ ਉਹ ਫਰਵਰੀ ਤੱਕ 6000 ਬੂਟੇ ਹੋਰ ਲਗਾ ਕੇ 1 ਕਨਾਲ ਤੋਂ ਸ਼ੁਰੂ ਕੀਤੀ ਡਰੈਗਨ ਫਰੂਟ ਦੀ ਖੇਤੀ ਨੂੰ 3 ਕਿੱਲਿਆਂ ਤੱਕ ਲੈ ਕੇ ਜਾ ਰਹੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਕਾਮਨਾ ਕਰਦਾ ਹੈ ਕਿ ਸ. ਅਮਨਦੀਪ ਸਿੰਘ ਇਸੇ ਤਰ੍ਹਾਂ ਮਿਹਨਤ ਅਤੇ ਤਰੱਕੀ ਕਰਦੇ ਹੋਏ ਹੋਰਨਾਂ ਨੋਜਵਾਨਾਂ ਲਈ ਪ੍ਰੇਰਨਾਸ੍ਰੋਤ ਦਾ ਕੰਮ ਕਰਦੇ ਰਹਿਣ।
ਗੁਰਦੀਪ ਸਿੰਘ, ਬੀ ਐੱਸ ਸੇਖੋਂ ਅਤੇ ਅਲੋਕ ਗੁਪਤਾ
ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ
ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Hardworking young Farmer Amandeep Singh of Mansa district