Success Story of Chanpreet Kaur: ਚੰਨਪ੍ਰੀਤ ਕੌਰ ਉਮਰ 25 ਸਾਲ ਪਿੰਡ ਰਟੋਲਾਂ, ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ ਦੀ ਇੱਕ ਮਿਹਨਤੀ ਅਤੇ ਸੂਝਵਾਨ ਲੜਕੀ ਹੈ, ਜਿਸ ਨੇ ਆਪਣੀ ਅਗਾਂਹਵਧੂ ਸੋਚ ਨਾਲ ਆਪਣੀ ਅਤੇ ਹੋਰਨਾਂ ਲੜਕੀਆਂ ਲਈ ਸਮਾਜ ਵਿੱਚ ਚੰਗੀ ਪਹਿਚਾਣ ਬਣਾਉਣ ਦਾ ਉੱਦਮ ਕੀਤਾ ਹੈ। ਆਓ ਜਾਣਦੇ ਹਾਂ ਕਿਵੇਂ?
ਸਾਂਝੇ ਪਰਿਵਾਰ ਵਿੱਚ ਪੈਦਾ ਹੋਈ ਚੰਨਪ੍ਰੀਤ ਨੂੰ 10+2 ਦੀ ਪੜ੍ਹਾਈ ਮੁਕੰਮਲ ਉਪਰੰਤ ਪਰਿਵਾਰ ਵੱਲੋਂ ਅਗਲੇਰੀ ਪੜ੍ਹਾਈ ਲਈ ਕੋਰੀ ਨਾਂਹ ਹੋ ਗਈ। ਪਰ ਉਸ ਦੀ ਅੱਗੇ ਵੱਧਣ ਦੀ ਤਾਂਘ ਅਤੇ ਹੱਥੀਂ ਹੁਨਰ ਨੇ ਉਸ ਦੇ ਘਰਦਿਆਂ ਦੀ ਨਾਂਹ ਨੂੰ ਵੀ ਖੁਸ਼ੀ-ਖੁਸ਼ੀ ਹਾਂ ਵਿੱਚ ਬਦਲ ਦਿੱਤਾ।
ਬਚਪਨ ਤੋਂ ਹੀ ਚਿੱਤਰਕਾਰੀ ਦਾ ਸ਼ੌਕ ਹੋਣ ਕਰਕੇ ਉਹ ਰੇਤ ‘ਤੇ ਹੱਥੀਂ ਚਿੱਤਰਕਾਰੀ ਅਤੇ ਗੁੱਡੀਆਂ ਦੇ ਕੱਪੜਿਆਂ ਦੀ ਸਿਲਾਈ ਅਤੇ ਕਢਾਈ ਕਰਦੀ ਰਹਿੰਦੀ। ਉਸ ਦੇ ਪਿਤਾ ਦੀ ਪਿੰਡ ਵਿੱਚ ਹੀ ਇੱਕ ਵਰਕਸ਼ਾਪ ਹੈ। ਇੱਕ ਵਾਰ ਪੰਜਵੀਂ ਜਮਾਤ ਵਿੱਚ ਉਸ ਨੇ ਆਪਣੇ ਪਿਤਾ ਦੀ ਵਰਕਸ਼ਾਪ ਵਿੱਚ ਲੱਗੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨੂੰ ਕਾਗਜ਼ ‘ਤੇ ਇੰਨ-ਬਿੰਨ ਬਣਾ ਦਿੱਤਾ।
ਇਹ ਵੀ ਪੜ੍ਹੋ : Successful Woman Farmer: ਪੰਜਾਬ ਦੀ ਧੀ ਗੁਰਬੀਰ ਕੌਰ ਦੇ ਜਜ਼ਬੇ ਨੂੰ ਸਲਾਮ
ਸਮਾਂ ਲੰਘਦਾ ਗਿਆ ਅਤੇ ਇੱਕ ਦਿਨ ਉਹ ਕਿਰਤ ਸੈਲਫ ਹੈਲਪ ਗਰੁੱਪ ਦੇ ਸੰਪਰਕ ‘ਚ ਆ ਕੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ) ਵਿਖੇ ਇੱਕ ਟ੍ਰੇਨਿੰਗ ਵਿੱਚ ਭਾਗ ਲੈਣ ਲਈ ਆਈ। ਇਸ ਗਰੁੱਪ ਦੇ ਕੰਮ ਕਰਨ ਦੇ ਤਰੀਕੇ ਅਤੇ ਆਮਦਨ ਕਮਾਉਣ ਵਾਲੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਸੀ।
ਇਸ ਤੋਂ ਬਾਅਦ ਇੱਕ ਦਿਨ ਉਹ ਵਿਸ਼ੇਸ਼ ਤੌਰ ‘ਤੇ ਆਪਣੇ ਪਿਤਾ ਨੂੰ ਨਾਲ ਲੈ ਕੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵਿਖੇ ਆਈ ਅਤੇ ਮਾਹਿਰਾਂ ਦੀ ਸਲਾਹ ਨਾਲ ਆਪਣੀ ਪ੍ਰਤਿਭਾ ਨੁੰ ਹੋਰ ਨਿਖਾਰਣ ਲਈ ਗ੍ਰਹਿ ਵਿਗਿਆਨ ਨਾਲ ਸਬੰਧਤ ਸਾਰੇ ਸਿਖਲਾਈ ਕੋਰਸਾਂ ਵਿੱਚ ਭਾਗ ਲੈਣ ਲੱਗੀ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਗ੍ਰਹਿ ਵਿਗਿਆਨ ਮਾਹਿਰ ਨੇ ਉਸ ਦੇ ਚਿੱਤਰਕਾਰੀ ਦੇ ਸ਼ੌਕ ਨੂੰ ਰੁਜ਼ਗਾਰ ਵਿੱਚ ਤਬਦੀਲ ਕਰਨ ਲਈ ਪ੍ਰੇਰਿਆ। ਉਸ ਨੇ ਵੱਖ-ਵੱਖ ਟ੍ਰੇਨਿੰਗ ਦੌਰਾਨ ਕਈ ਤਰੀਕਿਆਂ ਦੀ ਪੇਂਟਿੰਗ, ਆਧੁਨਿਕ ਢੰਗਾਂ ਨਾਲ ਸਿਲਾਈ-ਕਢਾਈ ਕਰਨਾ, ਫੁਲਕਾਰੀਆਂ ਬਣਾਉਣਾ, ਆਦਿ ਸਿੱਖਿਆ।
ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵੱਲੋਂ ਉਸ ਵਲੋਂ ਤਿਆਰ ਕੀਤੀਆਂ ਪੇਟਿੰਗ, ਪੇਂਟ ਕੀਤੇ ਪੰਜਾਬੀ ਸੂਟ, ਫੁਲਕਾਰੀਆਂ ਆਦਿ ਦੀ ਮਾਰਕੀਟਿੰਗ ਲਈ ਕਿਸਾਨ ਮੇਲਿਆਂ ਅਤੇ ਜ਼ਿਲੇ ਦੇ ਹੋਰ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦੌਰਾਨ ਪ੍ਰਦਰਸ਼ਨੀਆਂ ਲਗਵਾਈਆਂ। ਇੱਥੋਂ ਮਿਲੀ ਸਫਲਤਾ ਅਤੇ ਹੌਂਸਲਾ-ਅਫਜਾਈ ਸਦਕਾ ਉਸ ਦੀ ਹਿੰਮਤ ਨੂੰ ਹੋਰ ਬਲ ਮਿਲਿਆ।
ਇਹ ਵੀ ਪੜ੍ਹੋ : ਪੰਜਾਬੀ ਮਹਿਲਾ ਕਮਲਜੀਤ ਕੌਰ ਦੀ ਸੰਘਰਸ਼ ਭਰੀ ਕਹਾਣੀ, 50 ਦੀ ਉਮਰ 'ਚ ਖੱਟਿਆ ਨਾਮਣਾ
ਚੰਨਪ੍ਰੀਤ ਕੌਰ ਵਲੋਂ ਤਿਆਰ ਕੀਤੇ ਡਿਜ਼ਾਇਨਰ ਸੂਟਾਂ ਅਤੇ ਫੁਲਕਾਰੀਆਂ ਨੁੰ ਆਸਟ੍ਰੇਲੀਆ, ਕੇਨੈਡਾ ਅਤੇ ਇੰਗਲੈਡ ਵਰਗੇ ਦੇਸ਼ਾਂ ਤੋਂ ਆਏ ਪੰਜਾਬੀ ਲੋਕਾਂ ਨੇ ਵੀ ਖੂਬ ਸਰਾਹਿਆ ਅਤੇ ਉਹ ਲੋਕ ਵੀ ਉਸ ਦੇ ਗ੍ਰਾਹਕ ਬਣ ਗਏ। ਫਿਰ ਚੰਨਪ੍ਰੀਤ ਨੇ ਆਪਣੇ ਪਿੰਡ ਰਟੋਲਾਂ ਵਿੱਚ ਹੀ ਬੁਟੀਕ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਦੀ ਕਲਾ ਅਤੇ ਲਗਨ ਨੂੰ ਸਮੇਂ ਸਿਰ ਪਛਾਣਦਿਆਂ ਉਸ ਦੇ ਘਰਦਿਆਂ ਨੇ ਵੀ ਉਸ ਦਾ ਸਾਥ ਦੇਣਾ ਸ਼ੂਰੁ ਕਰ ਦਿੱਤਾ ਅਤੇ ਉਸ ਨੂੰ ਦਿੜ੍ਹਬਾ ਸ਼ਹਿਰ ਵਿੱਚ “ਚੂਜਨ ਆਰਟ ਬੂਟੀਕ” ਖੋਲ ਦਿੱਤਾ। ਜਿੱਥੇ ਉਹ ਲਗਭਗ 20 ਲੜਕੀਆਂ ਨੂੰ ਸਿਲਾਈ ਕਢਾਈ, ਹੱਥਾਂ ਤੇ ਮਹਿੰਦੀ ਲਗਾਉਣਾ ਅਤੇ ਫੁਲਕਾਰੀ ਦੇ ਨਵੇਂ ਡਿਜ਼ਾਇਨਾਂ ਦੀ ਸਿਖਲਾਈ ਦੇ ਰਹੀ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ) ਨੇ ਉਸ ਨੂੰ ਜ਼ਿੰਦਗੀ ਵਿੱਚ ਹੋਰ ਸਫਲ ਹੋਣ ਲਈ ਬੀ.ਏ. ਦੀ ਪੜ੍ਹਾਈ ਤੋਂ ਬਾਅਦ ਫੈਸ਼ਨ ਡਿਜ਼ਾਇੰਨਗ ਦੀ ਐਮ.ਐਸ.ਸੀ ਕਰਨ ਦੀ ਸਲਾਹ ਦਿੱਤੀ। ਪੜ੍ਹਾਈ ਦੌਰਾਨ ਹੀ ਉਸ ਨੇ ਚਿੱਤਰਕਾਰੀ ਦੀ ਕਲਾ ਵਿੱਚ ਲਗਭਗ 64 ਖਿਤਾਬ ਹਾਸਿਲ ਕੀਤੇ। ਚੰਨਪ੍ਰੀਤ ਕੌਰ ਮੁਤਾਬਿਕ ਹੁਣ ਉਸ ਦਾ ਅਗਲਾ ਸੁਪਨਾ ਹੈ ਕਿ ਉਹ ਆਪਣੇ ਡਿਜ਼ਾਇਨ ਕੀਤੇ ਕੱਪੜਿਆਂ ਵਿੱਚ ਖੁਦ ਦਾ ਬ੍ਰਾਂਡ ਲਾਂਚ ਕਰੇ।
ਇਹ ਵੀ ਪੜ੍ਹੋ : ISRO Ex-Scientist ਪੂਰਨਿਮਾ ਨੇ ਬਣਾਈ 7 ਤਰ੍ਹਾਂ ਦੀ "ਆਰਗੈਨਿਕ ਮਿੱਟੀ", ਕਿਸਾਨਾਂ ਲਈ ਬਣੀ ਵਰਦਾਨ
ਚੰਨਪ੍ਰੀਤ ਕੌਰ ਸੱਤ ਤਰ੍ਹਾਂ ਦੀ ਪੇਂਟਿੰਗ, ਬਲਾਕ ਪ੍ਰਿੰਟਿੰਗ, ਸਕਰੀਨ ਪ੍ਰਿੰਟਿੰਗ, ਟਾਈ ਐਂਡ ਡਾਈ, ਬੇਟਿਕ, ਫ੍ਰੀ ਹੈਂਡ ਅਤੇ ਮਧੂਬਨੀ ਪ੍ਰਿੰਟਿੰਗ ਕਰਨ ਅਤੇ ਸਿਖਾਉਣ ਵਿੱਚ ਮਾਹਿਰ ਹੈ। ਉਸ ਦਾ ਟੀਚਾ ਪੰਜਾਬੀ ਪਹਿਰਾਵੇ ਅਤੇ ਆਰਟ ਨੂੰ ਅੱਜ-ਕੱਲ੍ਹ ਦੀਆਂ ਲੜਕੀਆਂ ਦੇ ਪਹਿਰਾਵੇ ਵਿੱਚ ਪ੍ਰਫੁਲੱਤ ਕਰਨਾ ਹੈ। ਉਹ ਪੇਂਟਿੰਗ, ਸਿਲਾਈ, ਫੁੱਲਕਾਰੀ ਅਤੇ 40 ਤਰੀਕਿਆਂ ਦੀਆਂ ਕਢਾਈਆਂ ਦੇ ਡਿਜ਼ਾਇਨ, ਮਿਰਰ ਇੰਚਿੰਗ, ਟੈਟੂ ਬਣਾਨਾ ਆਦਿ ਕਲਾਵਾਂ ਵਿੱਚ ਵੀ ਮਾਹਿਰ ਹੈ। ਇਸ ਕਲਾਂ ਨੂੰ ਹੋਰ ਲੜਕੀਆਂ ਨੂੰ ਸਿਖਾਉਣ ਲਈ ਉਸ ਨੇ ਯੂ-ਟਿਊਬ ਚੈਨਲ “ਫੈਸ਼ਨ ਸਟੱਡੀ ਸਰਕਲ’’ ਵੀ ਸ਼ੁਰੂ ਕੀਤਾ ਹੈ।
ਚੰਨਪ੍ਰੀਤ ਕੌਰ ਇੰਟਰਨੈਸ਼ਨਲ ਫੈਸਟੀਵਲ ਵਿੱਚ ਮੇਂਹਦੀ ਮੁਕਾਬਲੇ ਵਿੱਚ ਪਹਿਲਾ ਸਥਾਨ ਅਤੇ ਨਾਰੀ ਸ਼ਸ਼ਕਤੀਕਰਣ ਸਨਮਾਨ ਪ੍ਰਾਪਤ ਕਰ ਚੁੱਕੀ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵੱਲੋਂ ਵੀ ਅੰਤਰਾਸ਼ਟਰੀ ਮਹਿਲਾ ਦਿਵਸ-2021 ਮੌਕੇੇ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ। ਚੰਨਪ੍ਰੀਤ ਕੌਰ ਦੇ ਮੁਤਾਬਿਕ ਲੜਕੀਆਂ ਨੂੰ ਕੰਮ ਸਿਖਾਉਣ ਦੇ ਨਾਲ-ਨਾਲ ਸੂਟਾਂ ‘ਤੇ ਪ੍ਰਿੰਟਿੰਗ, ਕਢਾਈ ਅਤੇ ਸਿਲਾਈ ਤੋਂ ਉਹ ਲਗਭਗ 30,000 ਰੁਪਏ ਪ੍ਰਤੀ ਮਹੀਨਾ ਆਮਦਨ ਕਮਾ ਲੈਂਦੀ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Chanpreet Kaur of Sangrur turned hobby and skill into employment