ਅੱਜ ਅੱਸੀ ਤੁਹਾਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਲੈ ਕੇ ਜਾ ਰਹੇ ਹਾਂ, ਜਿੱਥੇ ਕਿਸਾਨਾਂ ਵੱਲੋਂ ਲਗਭਗ 400-500 ਏਕੜ ਜਮੀਨ ਤੇ ਸ਼ਿਮਲਾ ਮਿਰਚ ਉਗਾਈ ਜਾਂਦੀ ਹੈ ਅਤੇ ਇਹ ਕਿਸਾਨ ਸ਼ਿਮਲਾ ਮਿਰਚ ਦੀ ਸਫਲ ਕਾਸ਼ਤ ਕਰਕੇ ਵੱਡਾ ਮੁਨਾਫ਼ਾ ਖੱਟ ਰਹੇ ਹਨ।
ਮਾਲਵਾ ਖੇਤਰ 'ਚ ਪੈਂਦਾ ਮਾਨਸਾ ਜ਼ਿਲ੍ਹੇ ਦਾ ਪਿੰਡ ਭੈਣੀਬਾਘਾ ਇਨ੍ਹਾਂ ਦਿਨੀਂ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਉਸਦੀ ਵਜ੍ਹਾ ਹੈ ਇੱਥੇ ਵੱਡੇ ਪੱਧਰ 'ਤੇ ਹੋ ਰਹੀ ਸ਼ਿਮਲਾ ਮਿਰਚ ਦੀ ਖੇਤੀ। ਜੀ ਹਾਂ, ਪਿੰਡ ਦੇ ਕਿਸਾਨਾਂ ਵੱਲੋਂ ਲਗਭਗ 400-500 ਏਕੜ ਜਮੀਨ ਤੇ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਜਾਂਦੀ ਹੈ। ਕਿਸਾਨ ਸ਼ਿਮਲਾ ਮਿਰਚ ਦੀ ਸਫਲ ਕਾਸ਼ਤ ਨਾਲ ਵੱਡਾ ਮੁਨਾਫ਼ਾ 'ਤੇ ਕਮਾ ਹੀ ਰਹੇ ਹਨ, ਨਾਲ ਹੀ ਦੂਜੇ ਕਿਸਾਨਾਂ ਲਈ ਮਿਸਾਲ ਬਣ ਕੇ ਵੀ ਸਾਹਮਣੇ ਆਏ ਹਨ।
ਕਿਸਾਨ ਦਾ ਪੱਖ
ਪਿੰਡ ਵਿੱਚ 4.5 ਏਕੜ ਜਮੀਨ ਤੇ ਸ਼ਿਮਲਾ ਮਿਰਚ ਦੀ ਖੇਤੀ ਕਰ ਰਹੇ ਕਿਸਾਨ ਦੀ ਮੰਨੀਏ ਤਾਂ ਪਿੰਡ ਭੈਣੀਬਾਘਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਸ਼ਿਮਲਾ ਮਿਰਚ ਦੀ ਖੇਤੀ ਹੋ ਰਹੀ ਹੈ ਅਤੇ ਇਸ ਵਾਰ ਵੀ ਕਿਸਾਨਾਂ ਵੱਲੋਂ 400 ਤੋਂ 500 ਏਕੜ ਰਕਬੇ ਉਪਰ ਸ਼ਿਮਲਾ ਮਿਰਚ ਦੀ ਖੇਤੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਸਾਲਾਂ ਬਾਦ ਉਨ੍ਹਾਂ ਨੂੰ ਸ਼ਿਮਲਾ ਮਿਰਚ ਦਾ ਰੇਟ ਚੰਗਾ ਮਿਲ ਰਿਹਾ ਹੈ ਕਿਉਂਕਿ ਪਹਿਲਾਂ ਨੋਟਬੰਦੀ ਅਤੇ ਫਿਰ ਕੋਰੋਨਾ ਕਾਰਨ ਦੋ ਸਾਲ ਕਿਸਾਨਾਂ ਨੂੰ ਮਾਰ ਝੱਲਣੀ ਪਈ। ਉਨ੍ਹਾਂ ਕਿਹਾ ਕਿ ਇਸ ਸਾਲ ਕਿਸਾਨਾਂ ਨੂੰ 40 ਤੋਂ 45 ਰੁਪਏ ਪ੍ਰਤੀ ਕਿਲੋ ਦਾ ਭਾਅ ਮਿਲ ਰਿਹਾ ਹੈ, ਜਿਸ ਨਾਲ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ।
ਖੇਤੀ ਦਾ ਨਵੇਕਲਾ ਢੰਗ
ਸ਼ਿਮਲਾ ਮਿਰਚ ਦੀ ਖੇਤੀ ਕਰ ਰਹੇ ਕਿਸਾਨ ਨੇ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਝੋਨੇ ਵਾਲਾ ਵਾਹਨ ਨੂੰ ਵੱਟਾਂ ਪਾ ਕੇ ਤਿਆਰ ਕਰਕੇ ਅਸੀਂ ਸ਼ਿਮਲਾ ਮਿਰਚ ਦੀ ਪਨੀਰੀ ਲਗਾ ਦਿੰਦੇ ਹਾਂ, ਜਿਸਨੂੰ ਠੰਡ ਤੋਂ ਬਚਾਅ ਲਈ ਲਿਫ਼ਾਫ਼ੇ ਨਾਲ ਢੱਕਦੇ ਹਾਂ ਤੇ ਸਾਰਾ ਸਾਲ ਇਸ ਤੇ ਮਿਹਨਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮੌਸਮ ਠੀਕ ਹੋਣ ਤੇ ਮਾਰਚ ਮਹੀਨੇ ਵਿੱਚ ਸ਼ਿਮਲਾ ਮਿਰਚ ਬਨਣੀ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਕਿਸੇ ਨੇ ਦੋ ਵਾਰੀ, ਕਿਸੇ ਨੇ ਇੱਕ ਵਾਰੀ ਤੇ ਕਿਸੇ ਨੇ ਤੀਜੀ ਵਾਰ ਮਿਰਚ ਤੋੜਨੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸ਼ਿਮਲਾ ਮਿਰਚ ਦਾ ਰੇਟ ਵੀ ਬਹੁਤ ਵਧੀਆ ਮਿਲ ਰਿਹਾ ਹੈ।
ਸ਼ਿਮਲਾ ਮਿਰਚ ਦਾ ਮਿਲ ਰਿਹੈ ਵਧੀਆ ਭਾਵ
ਕਿਸਾਨਾਂ ਦੀ ਮੰਨੀਏ ਤਾਂ ਉਹ ਵਪਾਰੀ ਦੀ ਮੰਗ ਮੁਤਾਬਕ 16-17 ਕਿਲੋ ਵਜਨ ਦੇ ਲਿਫਾਫੇ ਭਰਕੇ ਰੱਖ ਦਿੰਦੇ ਹਨ ਅਤੇ ਵਪਾਰੀ ਪੈਸੇ ਦੇ ਕੇ ਲੈ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹੁਣ ਸ਼ਿਮਲਾ ਮਿਰਚ ਦਾ ਵਧੀਆ ਭਾਅ ਮਿਲ ਰਿਹਾ ਹੈ, ਉਸੇ ਤਰਾਂ ਅੱਗੇ ਵੀ ਵਧੀਆ ਭਾਅ ਮਿਲਦਾ ਰਹੇ ਤਾਂ ਕਿਸਾਨਾਂ ਦੇ ਪੱਲੇ ਕੁੱਝ ਨਾਂ ਕੁੱਝ ਜਰੂਰ ਪਵੇਗਾ।
ਫ਼ਸਲ 'ਤੇ ਆਉਣ ਵਾਲਾ ਖ਼ਰਚ
ਕਿਸਾਨਾਂ ਨੇ ਦੱਸਿਆ ਕਿ ਇੱਕ ਏਕੜ ਫਸਲ ਤੇ 80 ਹਜਾਰ ਦਾ ਖਰਚਾ ਹੁੰਦਾ ਹੈ ਅਤੇ 3 ਤੋਂ 4 ਲੱਖ ਰੁਪਏ ਦੀ ਆਮਦਨ ਹੁੰਦੀ ਹੈ। ਜੇਕਰ ਹੁਣ ਵਾਲਾ ਵਧੀਆ ਭਾਅ ਰਿਹਾ ਤਾਂ ਆਮਦਨ 5-6 ਲੱਖ ਰੁਪਏ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ ਪੈਦਾਵਾਰ ਵੀ 250 ਤੋਂ 300 ਕੁਇੰਟਲ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਕਿਸਾਨ ਦਰਸ਼ਨ ਸਿੰਘ ਸਿੱਧੂ ਦੀ ਸਫਲਤਾ ਦੀ ਕਹਾਣੀ! ਹੋਰ ਕਿਸਾਨਾਂ ਲਈ ਬਣੇ ਚਾਨਣ ਮੁਨਾਰਾ!
ਜਿਕਰਯੋਗ ਹੈ ਕਿ ਕੋਵਿਡ ਲਾਕਡਾਊਨ ਦੌਰਾਨ ਦੋ ਸਾਲਾਂ ਤੱਕ ਕਿਸਾਨਾਂ ਨੂੰ ਵੱਡਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਵਧੀਆ ਪੈਦਾਵਾਰ ਤੇ ਵਧੀਆ ਭਾਅ ਮਿਲਣ ਨਾਲ ਸ਼ਿਮਲਾ ਮਿਰਚ ਉਤਪਾਦਕਾਂ ਦੇ ਚਿਹਰਿਆਂ 'ਤੇ ਰੌਣਕ ਵੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਪਿਛਲੇ ਦੋ ਸਾਲਾਂ ਵਿੱਚ ਸ਼ਿਮਲਾ ਮਿਰਚ ਖਰੀਦਣ ਵਾਲਿਆਂ ਦੀ ਘਾਟ ਕਾਰਨ ਜਿੱਥੇ ਭਾਅ 3 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਆ ਗਿਆ ਸੀ, ਉੱਥੇ ਮਿਰਚ ਉਤਪਾਦਕ ਸ਼ਿਮਲਾ ਮਿਰਚ ਨੂੰ ਸੜਕਾਂ 'ਤੇ ਸੁੱਟਣ ਲਈ ਮਜਬੂਰ ਹੋ ਗਏ ਸਨ। ਜਦੋਂ ਕਿ ਹੁਣ ਸ਼ਿਮਲਾ ਮਿਰਚ ਦੀ ਕੀਮਤ 45 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਮਿਲ ਰਹੀ ਹੈ।
Summary in English: Capsicum cultivation beneficial for farmers! Big profit for farmers!