Mulching Technique: ਦੋਸਤੋ ਕੋਈ ਸਮਾਂ ਸੀ ਜਦ ਸਾਡੇ ਬਜ਼ੁਰਗਾਂ ਵੱਲੋਂ ਪੁਰਾਣੇ ਸਮਿਆਂ 'ਚ ਖੇਤ ਘੱਟ ਵਹਾਉਣ ਜਾਂ ਨਾ ਵਹਾਉਣ ਤੋਂ ਬਗ਼ੈਰ ਵੀ ਕਣਕ ਦੇ ਬੀਜ਼ ਨੂੰ ਪਾਣੀ 'ਚ ਭਿਉਂ ਕੇ ਹੀ ਛੱਟੇ ਨਾਲ ਸਖ਼ਤ ਤੇ ਸੁੱਕੀਆਂ ਥਾਂਵਾਂ 'ਤੇ ਬਿਨਾਂ ਡੂੰਘੇ ਅਧਿਐਨ ਦੇ ਝੱਟ ਬਿਜਾਈ ਕਰ ਦਿੱਤੀ ਜਾਂਦੀ ਸੀ, ਉਹ ਬਾਅਦ 'ਚ ਸਫ਼ਲ ਦਿਸਦੀ ਸੀ। ਸ਼ਾਇਦ ਉਹਨਾਂ ਨੂੰ ਏਂ ਤਜ਼ਰਬੇ ਦੀ ਸਮਝ ਸੀ ਕਿ ਸਿੱਲ ਮਿੱਟੀ ਨੂੰ ਨਹੀਂ ਚਾਹੀਦੀ, ਬਲਕਿ ਦਾਣੇ ਨੂੰ ਉੱਗਣ ਤੇ ਵਾਧੇ ਲਈ ਚਾਹੀਦੀ ਹੈ। ਅੱਜ ਦੇ ਯੁੱਗ 'ਚ ਕਿਸਾਨ ਬੇਹੱਦ ਮਹਿੰਗੀ ਤੇ ਭਾਰੀ ਮਸ਼ੀਨਾਂ ਜ਼ਿਆਦਾਤਰ ਦੇਖਾਂ ਦੇਖੀਂ ਦੇ ਵਧੇਰੇ ਖ਼ਰਚ ਕਰਨ ਤੋਂ ਬਾਅਦ ਲੱਗਦਾ ਹੁਣ ਖੱਪਤ ਕੱਢਣ 'ਤੇ ਆ ਗਿਆ ਹੈ।
ਇਸ ਤੋਂ ਬਾਅਦ ਸ਼ਾਇਦ ਆਪਣੀ ਪੱਥਰੀਲੀ ਜ਼ਮੀਨ ਨਾ ਹੋਣ ਦੇ ਮੁਤਾਬਕ ਸਮਝਦੇ ਹੋਏ, ਫੇਰ ਦੁਬਾਰਾ ਹਲਕੀ ਤੇ ਸਸਤੀ ਮਸ਼ੀਨਾਂ ਨੂੰ ਵਰਤੋਂ ਹੇਠ ਲਿਆਉਣ ਲੱਗੇ ਹਨ, ਜੋ ਕਿ ਹੋਰਨਾਂ ਛੋਟੇ ਕਿਸਾਨਾਂ ਲਈ ਚੰਗੀ ਸੇਧ ਵੱਜੋਂ ਏਂ ਤਜ਼ਰਬੇ ਚੰਗੇ ਸਾਬਤ ਹੋ ਸਕਦੇ ਹਨ। ਜਿਸਦੀ ਬਿਜਾਈ ਦੀ ਮੋਟੀ ਅੰਦਾਜ਼ਨ ਲਾਗਤ 500-700 ਰੁਪਏ ਟਰੈਕਟਰ ਤੇ ਛੱਟੇ ਵਾਲੇ ਦੀ ਲੇਬਰ ਦਾ ਹੈ, ਏਕੜ ਚ ਬਿਜਾਈ ਦਾ ਸਮਾਂ ਅੱਧਾ ਘੰਟਾ ਲੱਗਾ।
ਆਉ ਕਿਸਾਨਾਂ ਨਾਲ ਗੱਲ ਕਰੀਏ:-
1) ਹਰਜਿੰਦਰ ਸਿੰਘ ਬੁੱਟਰ ਪਿੰਡ ਗੋਤ ਖ਼ੁਰਦ ਨੇ ਕਿਹਾ ਕਿ ਮੈਂ ਪਹਿਲੀ ਵਾਰ ਮੱਲਚਰ ਰਾਹੀਂ ਕਣਕ ਦੀ ਬਿਜਾਈ 4.5 ਏਕੜ ਚ 826 ਕਿਸਮ ਕੀਤੀ। ਜਿਸ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦੇ ਇੰਜੀਨੀਅਰ ਡਾ. ਰਵਿੰਦਰ ਸਿੰਘ ਛੀਨਾ ਦੀ ਸਲਾਹ ਇਸ ਬਿਜਾਈ ਬਾਰੇ ਲਈ, ਯੰਗ ਇੰਨੋਵੇਟਿਵ ਫ਼ਾਰਮਰ ਗਰੁੱਪ ਪੰਜਾਬ ਦੇ ਅਗਾਂਹਵਧੂ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਦੀਆਂ ਸਾਂਝੀਆਂ ਹੁੰਦੀਆਂ ਵੀਡੀਓ ਦੇਖੀਂ ਸਮਝੀਂ ਤੇ ਖ਼ੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਖੇਤੀ ਪ੍ਰਸਾਰਕਾਂ ਦੇ ਸਲਾਹ ਮਸ਼ਵਰੇ 'ਤੇ ਸਹਿਯੋਗ ਕਰਕੇ ਪਹਿਲਕਦਮੀ ਕੀਤੀ, ਹਾਲਾਂਕਿ ਮੱਲਚਰ ਵੀ ਕਿਰਾਏ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਹੀ ਬਿਜਾਈ ਲਈ ਲਿਆਂਦਾ। ਮੈਂ ਸਭ ਤੋਂ ਪਹਿਲਾਂ ਆਪ ਬਿਜਾਈ ਕਰਕੇ ਆਪਣੀ ਕਿਸਾਨ ਜਥੇਬੰਦੀ ਤੇ ਕੁੱਝ ਦੋਸਤਾਂ ਨੂੰ ਏਸ ਸਸਤੀ ਤੇ ਸੌਖੀ ਬਿਜਾਈ ਤੱਕਨੀਕ ਬਾਰੇ ਦੱਸਿਆ ਤੇ ਖੇਤ ਵੀ ਸੱਦ ਕੇ ਦਿਖਾਇਆ। ਏਸ ਦੀ ਫ਼ਸਲ ਵਾਧੇ ਦੀ ਗਰੋਥ ਤੇ ਫਰਟਾਰਾ, ਬੂਟੇ ਦੀ ਨਾਲੀਆਂ ਵੱਧ ਤੇ ਮੋਟਾ ਚੰਗਾ ਦਿਸਿਆ ਪੱਤਾ ਚੋੜਾ ਤੇ ਕਾਲਾ ਰੰਗ ਮਾਰਦਾ। ਨਾ ਸੁੰਡੀ, ਨਾ ਨਦੀਨ, ਨਾ ਬਿਮਾਰੀ ਦਿਸੀ। ਲਾਗੇ ਸੁਪਰ ਸੀਡਰ ਵਾਲੀ ਵੀ ਦਿਖਾਈ।ਕੱਟਰ ਤੋਂ ਬਾਅਦ ਦਵਾਈ ਲਗਾ ਕੇ ਦਾਣੇ ਨੂੰ ਛੱਟਾ 40 ਕਿਲੋ ਦਾ ਦਿੱਤਾ। ਪਹਿਲਾ ਪਾਣੀ ਚੌਵੀ ਘੰਟਿਆਂ ਚ ਲਗਾਇਆ। ਉਨ੍ਹਾਂ ਕਿਹਾ ਕਿ ਜਿਸ ਦਿਨ ਪਾਣੀ ਲੱਗਦਾ ਹੈ ਉਸ ਦਿਨੋਂ ਅਸਲ ਸ਼ੁਰੂਆਤ ਬਿਜਾਈ ਦੀ ਹੁੰਦੀ ਹੈ। ਮੈਨੂੰ ਜ਼ਰੂਰ ਦੋ ਵਾਰ ਕੱਟਰ ਮਾਰਨਾ ਪਿਆ, ਕਿਉਂਕਿ ਪਹਿਲੀ ਵਿੱਛੀ ਫ਼ਸਲ ਕਰਕੇ ਪਰਾਲ਼ੀ ਜ਼ਿਆਦਾ ਨੂੰ ਵਧੇਰੇ ਖਿਲਾਰਨਾ ਪਿਆ। ਜਿਸ ਕਰਕੇ ਖ਼ਰਚ ਵੱਧਦਾ ਕੱਟਰ ਦਾ, ਉਸ ਤਰ੍ਹਾਂ ਏਸ ਬਿਜਾਈ ਲਈ ਮੱਲਚਰ ਦਾ ਸਾਰਾ ਛੇ ਲੀਟਰ ਡੀਜ਼ਲ ਲੱਗਦਾ ਹੈ ਮਤਲਬ ਖ਼ਰਚ 500ਰੁਪੇਏ ਤੱਕ। ਮੱਲਚਰ ਚੁੱਕ ਕੇ ਲਗਾਉਣ ਦਾ ਫ਼ਾਇਦਾ ਬੂਟੇ ਨੂੰ ਹਵਾ ਤੇ ਨਿਕਾਸੀ ਦੀ ਪਰਾਲ਼ੀ ਹੇਂਠ ਥਾਂ ਮਿਲ ਜਾਂਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਏਸ ਬਿਜਾਈ ਚ ਖ਼ਰਚ ਘੱਟ ਤੇ ਫ਼ਸਲ ਵਧੀਆ ਰਹਿੰਦੀ ਏਂ ਤੇ ਪਰਾਲ਼ੀ ਸਾੜਨ ਦੀ ਚਿੰਤਾ ਨਹੀਂ। ਬਾਕੀ ਪਾਣੀ ਲੱਗਣ ਤੋਂ ਬਾਅਦ ਪਰਾਲ਼ੀ ਦਾ ਗਲਣਾ ਸ਼ੁਰੂ ਹੋ ਜਾਂਦਾ ਮਿੱਟੀ ਨੂੰ ਹਰੀ ਖਾਦ ਮਿਲ਼ ਜਾਂਦੀ ਹੈ ਏਸ ਨਾਲ ਅਗਾਂਹ ਹੋਰ ਖ਼ਾਦ ਵੀ ਘਟਾਈ ਜਾ ਸਕਦੀ ਹੈ।
2) ਭਗਤ ਸਿੰਘ ਪਿੰਡ ਭਿੱਟੇਵੱਡ ਨੇਂ ਕਿਹਾ ਕਿ ਮੈਂ ਪਹਿਲੀ ਵਾਰ ਮੱਲਚਰ ਰਾਹੀਂ ਕਣਕ ਦੀ ਬਿਜਾਈ 6 ਕਨਾਲਾਂ ਕਿਸਮ 826 ਦੀ ਕੀਤੀ। ਉਹਨਾਂ ਕਿਹਾ ਕਿ ਕੁੱਝ ਯੂ ਟਿਊਬ ਅਤੇ ਯੰਗ ਇੰਨੋਵੇਟਿਵ ਫ਼ਾਰਮਰ ਗਰੁੱਪ ਦੇ ਕਿਸਾਨ ਗੁਰਬਿੰਦਰ ਸਿੰਘ ਬਾਜਵਾ ਦੀ ਸਾਂਝੀ ਹੁੰਦੀਆਂ ਪੋਸਟਾਂ ਏਸ ਬਿਜਾਈ ਬਾਰੇ ਉਨ੍ਹਾਂ ਨਾਲ ਨਿੱਜੀ ਗੱਲਬਾਤ ਨੇ ਏਸ ਤੱਕਨੀਕ ਵੱਲ ਮੋੜਿਆ। ਉਹਨਾਂ ਕਿਹਾ ਕਿ ਮੈਨੂੰ ਏਂ ਤੱਕਨੀਕ ਪ੍ਰਤੀ ਏਕੜ ਕੇਵਲ 400- 500ਰੁਪਏ ਚ ਪਈ ਕਿਉਂਕਿ ਮੱਲਚਰ ਸਾਡੇ ਨਜ਼ਦੀਕੀ ਸੱਜਣ ਦਾ ਸੀ ਤੇ ਟਰੈਕਟਰ ਆਪਣਾਂ। ਸੁਪਰ ਸੀਡਰ ਵਾਂਗ ਲੋਡ ਨਹੀਂ ਲਿਆ, ਅੱਧੇ ਘੰਟੇ ਚ ਬਿਜਾਈ ਮੁਕੰਮਲ। ਪਰਾਲ਼ੀ ਮੈਂ ਆਪ ਹੱਥੀਂ ਖਿਲਾਰੀ, ਫੇਰ ਛੱਟਾ ਤੇ ਫੇਰ ਮੱਲਚਰ ਚਲਾਇਆ। ਆਪਾਂ ਮੱਲਚਰ ਨੂੰ ਜ਼ਮੀਨ ਤੋਂ ਤਿੰਨ ਇੰਚ ਚੁੱਕ ਕੇ ਫੇਰਿਆ ਪਰਾਲ਼ੀ ਧਰਤੀ ਨਾਲ ਨਹੀਂ ਲੱਗੀ। ਕਣਕ ਨੇ ਤੀਜੇ ਦਿਨ ਲੁੰਘ ਮਾਰਿਆ। ਫਰਟਾਰਾ ਬੂਟੇ ਦਾ ਬਹੁਤ ਮੋਟਾ ਤੇ ਪੱਤਾ ਚੋੜਾ ਤੇ ਰੰਗ ਵੀ ਕਾਲਾ ਭਾਅ ਮਾਰਦਾ। ਅੱਜ ਮੇਰੀ ਤੀਹ ਦਿਨਾਂ ਦੀ ਬਿਜਾਈ ਮੇਰੀ ਨਾਲਦੇ ਖੇਤ ਚ ਸੁਪਰਸੀਡਰ ਵਾਲੀ ਫ਼ਸਲ ਵਾਧੇ ਨਾਲੋਂ ਕਿਤੇ ਜ਼ਿਆਦਾ ਚੰਗੀ ਹੈ। ਜ਼ਮੀਨ ਦਾ ਵੱਤਰ ਖੁਸ਼ਕ ਸੀ ਬਿਜਾਈ ਤੋਂ ਚੌਵੀ ਘੰਟਿਆਂ ਬਾਅਦ ਪਾਣੀ ਦਾਣਾ ਜਮਾਉਣ ਲਈ ਲਗਾਇਆ। ਅੱਜ ਤੀਹ ਦਿਨਾਂ ਬਾਅਦ ਪੂਰੀ ਸਿੱਲ ਹੈ ਤੇ ਪਾਣੀ ਦੀ ਲੋੜ ਨਹੀਂ। ਯੂਰੀਆ 25 ਦਿਨ ਤੇ ਪਾਇਆ। ਅੱਜ ਪਿੰਡ ਦੇ ਲੋਕ ਦੇਖ਼ਣ ਆਉਂਦੇ ਹਨ ਤੇ ਉਹ ਵੀ ਫ਼ਸਲ ਵਾਧਾ ਦੇਖ ਕੇ ਠੀਕ ਕਹਿ ਰਹੇ ਹਨ। ਕਿਸਾਨ ਭਗਤ ਸਿੰਘ ਨੇਂ ਕਿਹਾ ਕਿ ਅਜ਼ੇ ਤੱਕ ਮੈਂ ਆਪਣੇ ਤਜਰਬੇ ਤੇ ਸੰਤੁਸ਼ਟ ਹਾਂ ਅਗਾਂਹ ਝਾੜ ਦੱਸੇਗਾ ਤੇ ਫਿਰ ਸਾਰਾ ਰਕਬਾ ਏਸ ਬਿਜਾਈ ਤੱਕਨੀਕ ਹੇਠ ਲਿਆਵਾਂਗਾ। ਬਾਕੀ ਕੋਈ ਨਦੀਨ ਨਹੀਂ ਤੇ ਨਾ ਕੋਈ ਬਿਮਾਰੀ ਤੇ ਨਾ ਸੁੰਡੀ ਦਾ ਹਮਲਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੱਲਚਰ ਕਦੇ ਵੀ ਨੱਪ ਕੇ ਜ਼ਮੀਨ ਤੇ ਨਾ ਮਾਰੋਂ ਜਿਸ ਨਾਲ ਪਰਾਲ਼ੀ ਜ਼ਮੀਨ ਤੇ ਲੱਗ ਜਾਂਦੀ ਹੈ।ਜਿਸ ਦਾ ਫ਼ਸਲ ਨੂੰ ਨੁਕਸਾਨ ਹੈ।
3) ਸ. ਅਜੀਤ ਸਿੰਘ ਪਿੰਡ ਭਿੱਟੇਵੱਡ ਨੇ ਕਿਹਾ ਕਿ ਮੈਂ ਮੱਲਚਰ ਰਾਹੀਂ ਕਣਕ ਦੀ ਬਿਜਾਈ 327ਤੇ 826 ਮਿਕਸ ਕਰਕੇ 2.5 ਏਕੜ ਚ ਕੀਤੀ। ਉਹਨਾਂ ਕਿਹਾ ਕਿ ਹੁਣ ਤੱਕ ਏਂ ਦੇਖਿਆ ਕਿ ਸੁਪਰ ਸੀਡਰ ਨਾਲੋਂ ਸਸਤੀ ਤੇ ਸਾਰਾ ਬੀਜ਼ ਉੱਗਦਾ ਹੈ। ਝੋਨੇ ਦੇ ਦੂਰੋਂ ਮੁੱਢ ਜ਼ਰੂਰ ਹਰੇ ਨਜ਼ਰ ਆਉਂਦੇ ਹਨ ਤਾਂ ਪੀਲਾਪਨ ਦੂਰ ਖੜ੍ਹੇ ਲੱਗਦਾ, ਪਰ ਨੇੜੇ ਕਣਕ ਕਾਲਾ ਭਾਅ ਮਾਰ ਰਹੀ ਹੈ ਫਰਟਾਰਾ ਚੰਗਾ ਬੂਟਾ ਨਾਲੀਆਂ ਵੱਧ ਪਾਟਾ ਪੱਤਾ ਚੌੜਾ ਐਂ। ਸੁਪਰ ਸੀਡਰ ਨਾਲ ਬਿਜਾਈ ਕਣਕ ਚ ਅੱਜ ਤੱਕ ਤੀਜੀ ਨਾਲ਼ੀ ਨਹੀਂ ਨਿਕਲੀ ਏਸ ਦੀਆਂ ਤਿੰਨ ਹਨ। ਪਿੰਡ ਦੇ ਲੋਕ ਦੇਖ਼ਣ ਆਉਂਦੇ ਹਨ ਉਹ ਠੀਕ ਕਹਿ ਰਹੇ ਹਨ। ਨਾ ਨਦੀਨਾਂ ਦੀ ਸਮੱਸਿਆਂ ਉਹ ਖ਼ਰਚ ਬਚੇ,ਨਾ ਬਿਮਾਰੀ, ਨਾ ਕੋਈ ਘਾਟ ਨਾ ਸੁੰਡੀ। ਚੂਹੇ ਦੀ ਸਮੱਸਿਆਂ ਦੋਨਾਂ ਚ ਆਈਂ। ਹਲਕੇ ਟਰੈਕਟਰ ਨਾਲ ਚੱਲ ਜਾਂਦਾ ਦੂਜਾ ਝੋਨੇ ਦੇ ਲੇਟ ਹੋ ਜਾਣ ਕਰਕੇ ਵਾਹਣ ਨਹੀਂ ਭਰਨਾ ਪਿਆ। ਸੁਪਰ ਸੀਡਰ ਦੀ ਮੇਰੀ ਬਿਜਾਈ ਨਾਲੋਂ ਏ ਖੇਤ ਸਾਰਾ ਭਰਿਆ ਪਿਆ ਹੈ।ਉਹਨਾਂ ਕਿਹਾ ਕਿ 500 ਰੁਪਏ ਦੀ ਖੱਪਤ ਆਉਂਦੀ ਜੇਕਰ ਪਰਾਲ਼ੀ ਦੀ ਗੱਠਾਂ ਬਣਾਈਆਂ ਹਨ। ਨਹੀਂ ਤਾਂ ਕੱਟਰ ਪਰਾਲ਼ੀ ਖਿਲਾਰਨ ਲਈ ਅਲੱਗ ਖ਼ਰਚ ਚੜੇਗਾ। ਏਸ ਵਾਰ ਝਾੜ ਦੇਖ਼ ਕੇ ਮੱਲਚਰ ਆਪਣਾਂ ਹੀ ਲੈਂ ਲੈਣਾ।
4) ਹਰਵੰਤ ਸਿੰਘ ਪਿੰਡ ਕੋਟ ਟੋਡਰ ਮੱਲ ਨੇ ਕਿਹਾ ਕਿ ਮੈਂ 3 ਏਕੜ ਚ ਮਿਕਸ 327+826 ਦੀ ਬਿਜਾਈ ਮੱਲਚਰ ਰਾਹੀਂ ਕੀਤੀ। ਜਿਥੇ ਪਰਾਲ਼ੀ ਦੀ ਪੰਜ ਇੰਚ ਮੋਟੀ ਤਹਿ ਜ਼ਿਆਦਾ ਸੀ ਉਥੇ ਆਪ ਹੱਥੀਂ ਤੰਗਲੀ ਫੇਰ ਕੇ ਖਿਲਾਰੀ ਕਿਉਂਕਿ ਝੋਨੇ ਦੀ ਫ਼ਸਲ ਵਿੱਛੀ ਸੀ ਜਿਸ ਨਾਲ਼ ਕੰਬਾਈਨ ਤੋਂ ਵਧੇਰੇ ਪਰਾਲ ਵਧਿਆ। ਦੂਜਾ ਬਾਕੀ ਰਕਬੇ ਚ ਕੋਈ ਕਟਰ ਨਹੀਂ ਮਾਰਿਆ। ਕੇਵਲ ਕਿਰਾਏ ਤੇ ਮੱਲਚਰ ਪਿੰਡ ਬੇਰੀ ਤੋਂ ਲਿਆਂ ਕੇ ਸਾਡੇ ਦੋਸਤ ਅਜੀਤ ਸਿੰਘ ਹੁਰਾਂ ਨੇ ਫਰਾਇਆਂ। ਇਸ ਦਾ ਕੁੱਲ ਖ਼ਰਚ ਜੇਕਰ ਆਪਣਾਂ ਹੈਂ ਤਾਂ 500 ਰੁਪਏ ਪ੍ਰਤੀ ਏਕੜ ਚ ਕਣਕ ਦੀ ਬਿਜਾਈ ਹੋ ਜਾਂਦੀ ਹੈ। ਕਿਰਾਏ ਵਾਲੇ ਮੁੰਡੇ ਨੇ ਮੁੱਢ ਨੇੜੇ ਤੋਂ ਮੱਲਚਰ ਫੇਰਿਆ ਪਰ ਕਣਕ ਦਾ ਫਰਟਾਰਾ ਬਹੁਤ ਵਧੀਆ ਤੇ ਪੱਤੇ ਸਿਹਤਮੰਦ ਹਨ ਨਾਲ਼ੀ ਬੂਟੇ ਦੀ ਜ਼ਿਆਦਾ ਤੇ ਮੋਟੀਆਂ ਹਨ। ਪਿੰਡ ਦੇ ਲੋਕ ਦੇਖ਼ਣ ਆ ਰਹੇ ਹਨ ਤੇ ਸੰਤੁਸ਼ਟ ਹਨ ਸਸਤੀ ਤੇ ਸ਼ੋਖ਼ੀ ਬਿਜਾਈ ਦੇਖ। ਇਸ ਚ ਨਾ ਸੁੰਡੀ, ਨਾ ਨਦੀਨ,ਨਾ ਕੋਈ ਬਿਮਾਰੀ ਜਾਂ ਘਾਟ ਦਿਸੀ ਸਭ ਖ਼ਰਚ ਬਚੇ। ਕਿਸਾਨ ਹਰਵੰਤ ਸਿੰਘ ਨੇ ਦੱਸਿਆ ਕਿ ਮੇਰੀ ਬਿਜਾਈ ਵੱਲ ਦੇਖ ਮੇਰੇ ਗੁਆਂਢ ਦੇ ਕਿਸਾਨ ਨੇ ਕੇਵਲ ਕੱਟਰ ਮਾਰ ਕੇ ਛੱਟਾ ਦੇ ਕੇ ਬੀਜ਼ ਦਿੱਤੀ ਜੋਂ ਕਿ ਉਹ ਵੀ ਵਧੀਆ ਨਿਕਲੀ। ਉਹਨਾਂ ਕਿਹਾ ਕਿ ਛੋਟੇ ਕਿਸਾਨਾਂ ਨੂੰ ਏਧਰ ਮੁੜਨ ਦੀ ਲੋੜ ਹੈ। ਇਸ ਦਾ ਫਾਇਦਾ ਮਿੱਟੀ ਨੂੰ ਪਰਾਲ਼ੀ ਹਰੀ ਖ਼ਾਦ ਵੱਜੋਂ ਮਿੱਲੀ ਤੇ ਅੱਗ ਲਗਾਉਣ ਦਾ ਝੰਜਟ ਮੁੱਕਾ।
5) ਬਲਜਿੰਦਰ ਸਿੰਘ ਨੀਟੂ ਪਿੰਡ ਕੋਟ ਟੋਡਰ ਮੱਲ ਨੇ ਕਿਹਾ ਕਿ ਮੈਂ ਪਹਿਲੀ ਵਾਰ 3.5 ਏਕੜ ਚ ਪਿੰਡ ਬੇਰੀ ਤੋਂ ਕਿਰਾਏ ਤੇ ਲਿਆ ਕੇ ਮਲਚਰ ਰਾਹੀਂ ਬਿਜਾਈ ਕੀਤੀ। ਐਤਵਾਰ ਕਣਕ ਬੀਜ ਦਿੱਤੀ ਤੇ ਪਹਿਲਾ ਸੋਮਵਾਰ ਨੂੰ ਪਾਣੀ ਲਗਾਇਆ। ਉਹਨਾਂ ਕਿਹਾ ਕਿ ਬੁੱਧਵਾਰ ਨੂੰ ਲੁੰਘ ਵੱਜ ਗਿਆ ਸੀ। ਮੈਂ ਆਪਣੇ ਤਜਰਬੇ ਮੁਤਾਬਕ 37 ਕਿਲੋ ਬੀਜ ਦਾ ਛੱਟਾ ਪ੍ਰਤੀ ਏਕੜ ਲਈ ਦਿੱਤਾ ਪਰ ਹੁਣ ਮੈਨੂੰ ਮਹੀਨੇ ਬਾਅਦ ਇੰਝ ਲੱਗਦਾ ਹੈ ਜਿਵੇਂ 30 ਕਿਲੋ ਬੀਜ ਛੱਟੇ ਲਈ ਠੀਕ ਸੀ। ਬਾਕੀ ਮਸ਼ੀਨਾਂ ਦੀ ਬਿਜਾਈ ਨਾਲੋਂ ਵੱਧ ਉੱਗੀ ਤੇ ਬੇਸ਼ੱਕ ਮੈਂ ਖ਼ਾਦ ਵੀ ਲੇਟ ਪਾਈਂ ਪਰ ਫੁਰਟਾਰਾ ਬਹੁਤ ਵਧੀਆ ਸੀ ਤੇ ਬਿਮਾਰੀ ਕੋਈ ਨਹੀਂ, ਦੂਜੀ ਨਾਲੋਂ ਨਦੀਨ ਘੱਟ ਸਨ ਸ਼ਾਇਦ ਪਰਾਲ਼ੀ ਦੇ ਖਿਲਾਰ ਕਰਕੇ। ਸੁਪਰ ਸੀਡਰ ਨਾਲ ਬਿਜਾਈ ਵਾਲੀ ਕਣਕ ਹਫ਼ਤੇ ਬਾਅਦ ਬਾਹਰ ਆਈਂ। ਮੇਰੀ ਜ਼ਮੀਨ ਚ ਵੱਤਰ ਨਹੀਂ ਸੀ ਪਰ ਉਸੇ ਦਿਨ ਬੀਜੀਂ ਗਈ। ਮੌਸਮ ਖ਼ਰਾਬ ਹੋਣ ਕਰਕੇ ਸਮਾਂ ਘੱਟ ਬਚਿਆ ਤੇ ਜਿਨ੍ਹਾਂ ਬੀਜ਼ ਦਿੱਤੀ ਸੀ ਉਹ ਦੁਬਾਰਾ ਮੇਰੇ ਲਾਗੇ ਲੋਕ ਦੋਹਰੀ ਫੇਰ ਬਿਜਾਈਆ ਲਈ ਛੱਟੇ ਦੇਂਦੇ ਮੈਂ ਆਪ ਦੇਖੇਂ । ਇਸ ਨੂੰ ਪਰਵਾਹ ਕੋਈ ਨਹੀਂ ਸੀ। ਉਹਨਾਂ ਕਿਹਾ ਕਿ ਮੇਰੀ ਪਹਿਲੀ ਫ਼ਸਲ ਪੂਰੀ ਤਰ੍ਹਾਂ ਵਿੱਛੀ ਸੀ ਜਿਸ ਕਰਕੇ ਮੈਨੂੰ ਪਹਿਲਾਂ ਕੱਟਰ ਕਿਰਾਏ ਤੇ ਲਿਆ ਕੇ ਤੇ ਮੁੜ ਮੱਲਚਰ ਫੇਰਿਆ। ਦੋਨਾਂ ਦਾ ਕਰਾਇਆ ਮੈਨੂੰ ਦੇਣਾ ਪਿਆ। ਫ਼ਸਲ ਚ ਚੂਹੇ ਦੀ ਸਮੱਸਿਆਂ ਸ਼ਾਇਦ ਜ਼ਿਆਦਾ ਪਰਾਲ਼ੀ ਹੋਂਣ ਕਰਕੇ ਆਈਂ, ਜਿਸ ਦੀ ਦਵਾਈ ਖੂੱਡਾਂ ਨੇੜੇ ਰੱਖੀਂ ਹੈ। ਉਹਨਾਂ ਕਿਹਾ ਕਿ ਜੇਕਰ ਮੇਰਾ ਕੁਇੰਟਲ ਝਾੜ ਘੱਟ ਵੀ ਨਿਕਲਿਆ ਤਾਂ ਅਗਾਂਹ ਮੈਂ ਸਾਰੀ ਬਿਜਾਈ ਏਸੇ ਤਰ੍ਹਾਂ ਕਰਾਂਗਾ ਕਿਉਂਕਿ ਹੋਰਨਾਂ ਪਾਸਿਓਂ ਖ਼ਰਚ ਬਚੇ ਹਨ ਤੇ ਖੱਪਾਈ ਵੀ। ਇਸ ਨੂੰ ਸੁੰਡੀ ਦੀ ਕੋਈ ਸਮੱਸਿਆ ਨਹੀਂ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖ਼ਰਾਬ ਮੌਸਮ ਤੇ ਪਰਾਲ਼ੀ ਨੂੰ ਅੱਗ ਲਗਾਉਣ ਦੇ ਬਚਾਅ ਲਈ ਏਂ ਤੱਕਨੀਕ ਚੰਗੀ ਹੈ ਏਸ ਨੂੰ ਥੋੜੇ ਰਕਬੇ ਤੋਂ ਕਰਕੇ ਦੇਖ਼ਣ। ਉਹਨਾਂ ਕਿਹਾ ਮੈਂ ਸੰਤੁਸ਼ਟ ਹਾਂ ਅੱਜ ਤੱਕ ਬਾਕੀ ਫ਼ਸਲ ਦਾ ਝਾੜ ਦੱਸੇਗਾ।
6) ਵੀਰ ਸਿੰਘ ਪਿੰਡ ਕੋਟ ਟੋਡਰ ਮੱਲ ਨੇ ਕਿਹਾ ਕਿ ਮੈਂ ਪਹਿਲੀ ਵਾਰ ਕਣਕ ਦੀ 187 ਕਿਸਮ ਅੱਧੇ ਏਕੜ ਚ ਮਲਚਰ ਰਾਹੀਂ ਬਿਜਾਈ ਕੀਤੀ। ਏਸ ਬਿਜਾਈ ਬਾਰੇ ਸਾਡੇ ਨੇੜਲੇ ਕਿਸਾਨ ਹਰਜਿੰਦਰ ਸਿੰਘ ਬੁੱਟਰ ਨੇ ਦੱਸਿਆ ਤਾਂ ਮੈਂ ਪਹਿਲਾਂ ਉਸ ਦੀ ਖੇਤ ਦੀ ਬਿਜਾਈ ਦੇਖੀਂ ਤਾਂ ਠੀਕ ਲੱਗੀ। ਮੁੜਕੇ ਮੈ ਆਪ ਮੱਲਚਰ ਚਲਾਇਆ, ਜਿਸ ਨੇ ਛੋਟੇ ਟਰੈਕਟਰ ਤੇ ਵੀ ਲੋਡ ਨਹੀਂ ਲਿਆ। ਝੋਨੇ ਦੀ ਫ਼ਸਲ ਡਿੱਗਣ ਕਰਕੇ ਪਰਾਲ਼ੀ ਜ਼ਿਆਦਾ ਸੀ। ਜਿਸ ਨੂੰ ਖਿਲਾਰਨਾ ਵੀ ਔਖਾ ਸੀ, ਕਿਉਂਕਿ ਕੰਬਾਈਨ ਨੇ ਵੀ ਬਹੁਤ ਹੇਠਾਂ ਤੋਂ ਕੱਟਿਆ। ਪਰਾਲ਼ੀ ਲਾਇਨਾਂ ਵਿਚ ਡਿੱਗੀ। ਪਹਿਲਾਂ ਕੱਟਰ ਪਰਾਲ਼ੀ ਨੂੰ ਖੇਤ ਚ ਖਿਲਾਰ ਕੇ ਕਣਕ ਦੇ ਦਾਣੇ ਨੂੰ ਦਵਾਈ ਲਗਾ ਕੇ ਫਿਰ ਛੱਟਾ ਦਿੱਤਾ ਮੁੜ ਮੱਲਚਰ ਚਲਾ ਕੇ ਚੌਵੀ ਘੰਟਿਆਂ ਚ ਪਾਣੀ ਦਾਣਾ ਜਮਾਉਣ ਲਈ ਲਗਾਇਆ। ਤੀਜੇ ਦਿਨ ਲੁੰਘ ਵੱਜ ਗਿਆ ਸੀ ਜਦਕਿ ਸੁਪਰਸੀਡਰ ਵਾਲੀ ਸੱਤਵੇਂ ਦੱਸਵੇਂ ਦਿਨ ਦਿਸੀ। ਉਹਨਾਂ ਕਿਹਾ ਕਿ ਅੱਜ ਏਂ ਮੱਲਚਰ ਵਾਲੀ ਕਣਕ ਮੇਰੀ ਸੁਪਰ ਸੀਡਰ ਵਾਲੀ ਕਣਕ ਨੂੰ ਹਰ ਪਾਸਿਉਂ ਕੱਟ ਰਹੀ ਹੈ। ਵੱਡੀ ਗੱਲ ਕਿ ਏਸ ਚ ਵੱਤਰ ਦੀ ਲੋੜ ਨਹੀਂ ਨਾ ਭਰਨ ਦੀ ਟੈਂਸ਼ਨ। ਜਿਸ ਤਰ੍ਹਾਂ ਪਹਿਲੀ ਫ਼ਸਲ ਲੇਟ ਹੋਈ ਉਸ ਦੇ ਨਾਲ ਦੂਜੀ ਫ਼ਸਲ ਬਿਜਾਈ ਲਈ ਪੱਛੜ ਸਕਦੀ ਸੀ ਉਹ ਸਮਾਂ ਵੀ ਬਚਿਆ। ਉਹਨਾਂ ਕਿਹਾ ਕਿ ਜਾਂ ਕੰਬਾਈਨ ਵਾਲਿਆਂ ਨੂੰ ਚਾਹੀਦਾ ਸੀ ਕਿ ਕੰਬਾਈਨ ਡਿੱਗੀ ਫ਼ਸਲ ਦੇ ਉਲ਼ਟ ਕੱਟਦੇ ਤਾਂ ਸ਼ਾਇਦ ਲਾਈਨ ਨਾ ਬਣਦੀ।
ਉਹਨਾਂ ਕਿਹਾ ਕਿ ਅੱਜ ਏਂ ਮੱਲਚਰ ਵਾਲੀ ਕਣਕ ਮੇਰੀ ਸੁਪਰ ਸੀਡਰ ਵਾਲੀ ਕਣਕ ਨੂੰ ਹਰ ਪਾਸਿਉਂ ਕੱਟ ਰਹੀ ਹੈ। ਉਹਨਾਂ ਕਿਹਾ ਕਿ ਜਿਥੇ ਪਰਾਲ਼ੀ 6-7 ਇੰਚ ਮੋਟੀ ਤਹਿ ਚ ਸੀ, ਉਥੇ ਦਾਣਾ ਘੱਟ ਨਿਕਲਿਆ। ਅਗਾਂਹ ਥੋੜਾ ਚੁੱਕ ਕੇ ਵੀ ਲਗਾਵਾਂਗੇ ਮੁੱਢ ਤੋਂ। ਅੱਜ ਪਿੰਡ ਦੇ ਲੋਕ ਏਸ ਬਿਜਾਈ ਨੂੰ ਦੇਖ਼ਣ ਆਉਂਦੇ ਹਨ ਤਾਂ ਗਰੋਥ ਤੇ ਫ਼ਸਲ ਦਾ ਕਾਲਾ ਰੰਗ ਤੇ ਪੱਤਿਆਂ ਦੀ ਕੁਦਰਤੀ ਚੌੜਾਈ ਦੇਖ਼ ਕੇ ਕਹਿੰਦੇ ਹਨ ਸਸਤੀ ਬਿਜਾਈ ਚੰਗੀ ਹੈ ਫ਼ਸਲ ਵਾਧੇ ਲਈ ਰਲ਼ ਮਿਲ਼ ਕੇ ਮੱਲਚਰ ਆਪਣਾਂ ਲੈ ਆਈਏਂ। ਉਹਨਾਂ ਕਿਹਾ ਕਿ ਪਰਾਲ਼ੀ ਸੰਭਾਲ ਦੀ ਬਹੁਤੀ ਚਿੰਤਾ ਬਚੀ ਤੇ ਹਰੀ ਖਾਦ ਵਜੋਂ ਵੀ ਵਰਤੀ ਗਈ ਏਂ ਜ਼ਿਆਦਾ ਫਾਇਦਾ ਹੋਇਆ। ਕਿਸਾਨ ਵੀਰ ਸਿੰਘ ਨੇ ਕਿਹਾ ਕਿ ਜੇਕਰ ਮੱਲਚਰ ਆਪਣਾਂ ਹੈ ਤਾਂ 400-500 ਰੁਪਏ ਚ ਪ੍ਰਤੀ ਏਕੜ ਬਿਜਾਈ ਪੈਂਦੀ ਹੈ। ਮੇਰੇ ਪਰਾਲ਼ੀ ਜ਼ਿਆਦਾ ਹੋਣ ਕਰਕੇ ਪਹਿਲਾਂ ਕਿਰਾਏ ਦਾ ਕੱਟਰ ਪਰਾਲ਼ੀ ਖਿਲਾਰਨ ਲਈ ਫੇਰਨਾ ਪਿਆ, ਮੁੜ ਕਿਰਾਏ ਦਾ ਮੱਲਚਰ ਏਸ ਕਰਕੇ ਮੈਨੂੰ ਦੋਹਰਾ ਖ਼ਰਚ ਪਿਆ। ਉਂਝ ਬਿਜਾਈ ਸਸਤੀ ਤੇ ਸ਼ੋਖ਼ੀ ਹੈ ਹਾਂ ਜ਼ਿਆਦਾ ਪਰਾਲ ਕਰਕੇ ਕੁੱਝ ਚੂਹੇ ਦੀ ਸਮੱਸਿਆਂ ਜ਼ਰੂਰ ਲੁਕਣ ਕਰਕੇ ਆਉਂਦੀ ਹੈ ਜਿਸ ਦੀ ਦਵਾਈ ਖੂੱਡਾਂ ਕੋਲ ਰੱਖੀਂ ਗਈ। ਸੁੰਡੀ ਨਹੀਂ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਜਿਹਾ ਟਰਾਈਲ ਕਰਕੇ ਦੇਖ਼ਣ, ਬਾਕੀ ਮੈਂ ਏਸਦਾ ਝਾੜ ਦੇਖ਼ ਕੇ ਸਾਰੇ ਰਕਬੇ ਚ ਅਗਾਂਹ ਬਿਜਾਈ ਕਰਾਂਗਾ।
7) ਸੂਬਾ ਸਿੰਘ ਪਿੰਡ ਕੋਟ ਟੋਡਰ ਮੱਲ ਨੇ ਕਿਹਾ ਕਿ ਮੈਂ ਪਹਿਲੀ ਵਾਰ ਮੱਲਚਰ ਰਾਹੀਂ 1 ਏਕੜ ਚ 272 ਕਿਸਮ ਦੀ ਬਿਜਾਈ ਹਰਜਿੰਦਰ ਸਿੰਘ ਬੁੱਟਰ ਤੋਂ ਕਰਵਾਈ। ਅਸੀਂ ਮੁੱਢ ਪਹਿਲਾਂ ਹੀ ਵੱਢੇ ਹੋਏ ਸਨ ਤੇ ਦਾਣੇ ਦਵਾਈ ਲਗਾ ਕੇ ਖਿਲਾਰ ਦਿੱਤੇ ਤੇ ਪਹਿਲਾ ਪਾਣੀ ਅਗਲੇ ਦਿਨ ਲਗਾਇਆ। ਨਦੀਨਾਂ ਬਾਰੇ ਉਹਨਾਂ ਕਿਹਾ ਕਿ ਜਿਥੇ ਪਰਾਲ਼ੀ ਨਹੀਂ ਖਿਲਰੀ ਸੀ ਉਥੇ ਕੱਖ਼ ਉੱਗਾ, ਜਿਥੇ ਪਰਾਲ਼ੀ ਨੇਂ ਜ਼ਮੀਨ ਕਵਰ ਰੱਖੀਂ ਉਥੇ ਕੱਖ਼ ਨਹੀਂ ਉੱਗਾ। ਗੁਲਾਬੀ ਸੁੰਡੀ ਦਾ ਕੋਈ ਹਮਲਾ ਨਹੀਂ। ਮੈਨੂੰ ਲੱਗਦਾ ਮੱਲਚਰ ਚੱਪਾ ਚੱਪਾ ਜ਼ਮੀਨ ਤੋਂ ਚੁੱਕ ਕੇ ਮਾਰਨਾ ਚਾਹੀਦਾ ਕਿਉਂਕਿ ਭਾਰੀ ਪਰਾਲ਼ੀ ਜ਼ਮੀਨ ਨਾਲ ਜੁੜ ਜਾਂਦੀ ਹੈ ਜਦਕਿ ਮੁੱਢ ਤੋਂ ਉਪਰ ਹੋਵੇ ਤਾਂ ਪਰਾਲ਼ੀ ਬੂਟੇ ਨੂੰ ਹਵਾ ਦੀ ਨਿਕਾਸੀ ਤੇ ਵੱਧਣ ਲਈ ਥਾਂ ਦੇ ਸਕਦੀ ਹੈ। ਜਿਥੇ ਭਾਰੀ ਪਰਾਲ਼ੀ ਪਈ ਰਹੀ ਉਥੇ ਦਾਣਾ ਉੱਗਣ ਦੀ ਥੋੜ੍ਹੀ ਸਮੱਸਿਆ ਆਈਂ ਕਿਉਂਕਿ ਫ਼ਸਲ ਵੀ ਤਾਂ ਵਿੱਛੀ ਸੀ ਤੇ ਪਰਾਲ਼ੀ ਜ਼ਿਆਦਾ ਸੀ। ਮੱਲਚਰ ਆਪਣਾਂ ਤਾਂ 400 ਰੁਪਏ ਦਾ ਪ੍ਰਤੀ ਏਕੜ ਦਾ ਖਰਚਾ ਹੈ ਬਿਜਾਈ ਦਾ।
ਉਹਨਾਂ ਕਿਹਾ ਕਿ ਚੂਹੇ ਦਾ ਹਮਲਾ ਜ਼ਰੂਰ ਹੋਇਆ ਜਿਥੇ ਪਰਾਲ਼ੀ ਜ਼ਿਆਦਾ ਸੀ ਪਰ ਹੋਰ ਖੇਤਾਂ ਵਿੱਚ ਨਹੀਂ ਦਿੱਸਿਆ। ਮੇਰੇ ਪਿੰਡ ਦੇ ਲੋਕ ਖੁਦ ਆਪ ਫ਼ਸਲ ਦੇਖ਼ ਕੇ ਕਹਿੰਦੇ ਹਨ ਕਿ ਸੁਪਰ ਸੀਡਰ ਦੀ ਬਿਜਾਈ ਨਾਲੋਂ ਏਸ ਫ਼ਸਲ ਦੀ ਨਾਲ਼ੀ ਲੰਮੀ ਹੈ ਤੇ ਮੋਟਾ ਫਰਟਾਰਾ ਬੂਟੇ ਦਾ ਲੋੜੋਂ ਵੱਧ ਹੈ ਸ਼ਾਇਦ ਕੁਦਰਤ ਨਾਲ ਜੁੜਨ ਕਰਕੇ ਕਿ ਦਾਣਾ ਜ਼ਮੀਨ ਦੇ ਉਂਪਰ ਸੀ। ਕਣਕ ਦਾ ਪੱਤਾ ਚੌੜਾ ਤੇ ਕਾਲਾ ਰੰਗ ਮਾਰ ਰਿਹਾ ਸੀ ਖਾਸਤੌਰ ਤੇ ਮੇਰੀ ਦੂਜੀ ਬਿਜਾਈ ਸੁਪਸੀਡਰ ਨਾਲ ਕੀਤੀ ਨਾਲੋਂ। ਮੈਂ ਏਸ ਮੱਲਚਰ ਰਾਹੀਂ ਬਿਜਾਈ ਚ 35 ਕਿਲੋ ਬੀਜ ਦਾ ਛੱਟਾ ਦਿੱਤਾ ਜਦਕਿ ਸੁਪਰਸੀਡਰ ਵਾਲੀ ਚ 30 ਕਿਲੋ ਬੀਜ ਹੀ ਪਾਉਂਦਾ ਹਾਂ ਆਪਣੇ ਤਜਰਬੇ ਅਨੁਸਾਰ। ਉਹਨਾਂ ਕਿਹਾ ਕਿ ਸਰਕਾਰ ਜਿੰਨੀ ਦੁਆਈਂ ਪਰਾਲ਼ੀ ਦੀ ਅੱਗ ਦੀ ਪਾਉਂਦੀ ਹੈ ਜੇਕਰ ਇਸ ਤੱਕਨੀਕ ਬਾਰੇ ਲੋਕਾਂ ਨੂੰ ਪਤਾ ਲੱਗੇ ਤਾਂ ਉਹ ਵੀ ਮਸਲਾ ਖਤਮ ਹੋ ਜਾਵੇ। ਏਂ ਕੇਵਲ ਕਿਸਾਨ ਤਜ਼ਰਬੇ ਹਨ ਇਸ ਚ ਕੁੱਝ ਵੀ ਐਡ ਨਹੀਂ ਕੀਤਾ ਗਿਆ।
ਸਰੋਤ: ਕਮਲ਼ਇੰਦਰਜੀਤ ਬਾਜਵਾ, ਬਲਾਕ ਟੈੱਕਨੋਲੋਜੀ ਮੈਨੇਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: 7 farmers from Gurdaspur district shared their experiences of getting good crops at lower cost than machinery through mulching method.