Pink Stem Borer: ਕੁਝ ਅਖ਼ਬਾਰਾਂ ਵਿੱਚ ਕਣਕ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਟੀਮਾਂ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਪ੍ਰਭਾਵਿਤ ਕਣਕ ਦੀ ਫਸਲ ਦਾ ਸਰਵੇਖਣ ਕੀਤਾ ਅਤੇ ਕਿਸਾਨਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ।
ਦੱਸ ਦੇਈਏ ਕਿ ਤਣੇ ਦੀ ਗੁਲਾਬੀ ਸੁੰਡੀ ਮੂਲ ਰੂਪ ਵਿੱਚ ਝੋਨੇ ਦੀ ਫਸਲ ਦਾ ਕੀੜਾ ਹੈ, ਪਰ ਪਿਛਲੇ ਕੁੱਝ ਸਮੇਂ ਤੋਂ ਇਹ ਕੀੜਾ ਕਣਕ ਦੀ ਫ਼ਸਲ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਆਮ ਤੌਰ ‘ਤੇ ਇਹ ਸਤੰਬਰ-ਅਕਤੂਬਰ ਦੇ ਮਹੀਨਿਆਂ ਵਿੱਚ ਝੋਨੇ/ਬਾਸਮਤੀ ਅਤੇ ਪਿਛੇਤੀ ਬੀਜੀ ਮੱਕੀ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਪਰ ਹੁਣ ਇਹ ਕਣਕ ਦੀ ਫਸਲ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ।
ਅਗੇਤੀ ਬੀਜੀ ਕਣਕ 'ਤੇ ਹਮਲਾ
ਕੀਟ-ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਤਣੇ ਦੀ ਗੁਲਾਬੀ ਸੁੰਡੀ ਜ਼ਿਆਦਾਤਰ ਅਗੇਤੀ ਬੀਜੀ ਕਣਕ ਦੀ ਫਸਲ ‘ਤੇ ਹਮਲਾ ਕਰਦੀ ਹੈ। ਇਸ ਦੀਆਂ ਸੁੰਡੀਆਂ ਕਣਕ ਦੇ ਛੋਟੇ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆ ਹਨ ਤੇ ਅੰਦਰਲਾ ਮਾਦਾ ਖਾਂਦੀਆਂ ਹਨ ਜਿਸ ਨਾਲ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਅਖੀਰ ਵਿੱਚ ਮਰ ਜਾਂਦੇ ਹਨ। ਉਹਨਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਟੀਮਾਂ ਨੇ ਲੁਧਿਆਣਾ, ਬਰਨਾਲਾ, ਮਾਨਸਾ, ਬਠਿੰਡਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਤੋਂ ਪ੍ਰਭਾਵਿਤ ਕਣਕ ਦੀ ਫਸਲ ਦਾ ਸਰਵੇਖਣ ਕੀਤਾ ਅਤੇ ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਕੁਝ ਖੇਤਾਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦਾ ਮਾਮੂਲੀ ਹਮਲਾ ਦੇਖਿਆ ਗਿਆ।
ਗੁਲਾਬੀ ਸੁੰਡੀ ਦਾ ਹਮਲਾ ਘੱਟ ਹੋਣ ਦੀ ਸੰਭਾਵਨਾ
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਸਰਦੀਆਂ ਦੀ ਸ਼ੁਰੂਆਤ ਨਾਲ ਗੁਲਾਬੀ ਸੁੰਡੀ ਦਾ ਹਮਲਾ ਘੱਟ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਦੇ ਵਧਣ ਫੁੱਲਣ ਅਤੇ ਜਾੜ ਮਾਰਣ ਲਈ ਆਉਣ ਵਾਲਾ ਸਰਦੀਆਂ ਦਾ ਮੌਸਮ ਅਨੁਕੂਲ ਹੈ ਜੋ ਤਣੇ ਦੀ ਗੁਲਾਬੀ ਸੁੰਡੀ ਦੇ ਮਾਮੂਲੀ ਹਮਲੇ ਨੂੰ ਰੋਕਣ ਵਿਚ ਵੀ ਸਹਾਈ ਹੋਵੇਗਾ।
ਇਹ ਵੀ ਪੜ੍ਹੋ: Wheat Crop: ਕਣਕ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਕਰੋ ਖਾਦਾਂ ਦੀ ਸੁੱਚਜੀ ਵਰਤੋਂ, ਆਉ Organic ਅਤੇ Chemical Fertilizers ਨਾਲ ਕਰੀਏ ਪੋਸ਼ਟਿਕ ਤੱਤਾਂ ਦਾ ਪ੍ਰਬੰਧਨ
ਕਿਸਾਨਾਂ ਨੂੰ ਸਲਾਹ
ਉਨ੍ਹਾਂ ਕਿਸਾਨਾਂ ਨੂੰ ਕਣਕ ਦੇ ਖੇਤਾਂ ਵਿੱਚ ਦਿਨ ਵੇਲੇ ਸਿੰਚਾਈ ਕਰਨ ਦੀ ਸਲਾਹ ਦਿੱਤੀ, ਜਿਸ ਨਾਲ ਪੰਛੀ, ਤਣੇ ਦੀ ਗੁਲਾਬੀ ਸੁੰਡੀ ਦਾ ਸ਼ਿਕਾਰ ਕਰ ਲੈਂਦੇ ਹਨ। ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਇਸ ਤੋਂ ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਡਾ. ਭੁੱਲਰ ਨੇ ਕਿਸਾਨਾਂ ਨੂੰ ਤਣੇ ਦੀ ਗੁਲਾਬੀ ਸੁੰਡੀ ਦੇ ਪ੍ਰਬੰਧਨ ਲਈ ਸਿਫ਼ਾਰਸ਼ ਕੀਤੇ ਸਰਬਪੱਖੀ ਕੀਟ ਪ੍ਰਬੰਧਨ ਦੀ ਵਰਤੋਂ ਕਰਨ ਅਤੇ ਆਪਣੇ ਜ਼ਿਲ੍ਹਿਆਂ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਫ਼ਤਰ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Wheat Field: Pink stem borer attack in wheat fields, farmers should be careful!