ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਹਿਤ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਡੇਅਰੀ ਸਾਇੰਸ ਕਾਲਜ ਪੂਰਾ ਹਫ਼ਤਾ ਚਲਣ ਵਾਲਾ ’ਦੁੱਧ ਵਿਚ ਮਿਲਾਵਟ ਸੰਬੰਧੀ ਜਾਂਚ ਕੈਂਪ’ ਲਗਾ ਰਿਹਾ ਹੈ।ਇਹ ਕੈਂਪ 26 ਮਈ ਤੋਂ 01 ਜੂਨ ਤਕ ਚੱਲੇਗਾ ਜੋ ਕਿ ਵਿਸ਼ਵ ਦੁੱਧ ਦਿਵਸ ਦੇ ਸੰਦਰਭ ਵਿਚ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਵਿਚ ਕੋਈ ਵੀ ਨਾਗਰਿਕ 100 ਮਿਲੀ.ਲਿ ਠੰਡਾ ਤੇ ਕੱਚਾ ਦੁੱਧ ਕਿਸੇ ਸਾਫ ਤੇ ਖੁਸ਼ਕ ਪਲਾਸਟਿਕ ਜਾਂ ਸ਼ੀਸ਼ੇ ਦੀ ਬੋਤਲ ਵਿਚ ਸਵੇਰੇ 08 ਵਜੇ ਤੋਂ 01.30 ਵਜੇ ਤਕ ਡੇਅਰੀ ਸਾਇੰਸ ਕਾਲਜ ਵਿਖੇ ਇਨ੍ਹਾਂ ਤਾਰੀਖਾਂ ’ਤੇ ਲਿਆ ਸਕਦਾ ਹੈ।ਦੁੱਧ ਦੀ ਸ਼ੀਸ਼ੀ ’ਤੇ ਨਾਂ ਅਤੇ ਸੰਪਰਕ ਨੰਬਰ ਦਾ ਸਟਿੱਕਰ ਲੱਗਾ ਹੋਣਾ ਚਾਹੀਦਾ ਹੈ।ਇਸ ਦੁੱਧ ਦੀ ਮੁਫ਼ਤ ਜਾਂਚ ਕਰਕੇ ਉਸਦੀ ਰਿਪੋਰਟ ਸੰਬੰਧਿਤ ਫੋਨ ਨੰਬਰ ’ਤੇ ਭੇਜੀ ਜਾਵੇਗੀ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਗੱਲ ’ਤੇ ਪ੍ਰਸੰਸਾ ਜ਼ਾਹਿਰ ਕੀਤੀ ਕਿ ਡੇਅਰੀ ਸਾਇੰਸ ਕਾਲਜ ਨੇ ਇਹ ਕੈਂਪ ਲਗਾਉਣ ਦਾ ਫੈਸਲਾ ਕਰਕੇ ਜਾਗਰੂਕਤਾ ਦੇਣ ਹਿਤ ਬਹੁਤ ਵਧੀਆ ਉਪਰਾਲਾ ਕੀਤਾ ਹੈ।ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਭੋਜਨ ਅਤੇ ਖੇਤੀਬਾੜੀ ਜਥੇਬੰਦੀ ਨੇ ਸੰਨ 2001 ਵਿਚ ਵਿਸ਼ਵ ਦੁੱਧ ਦਿਵਸ ਮਨਾਉਣ ਲਈ 01 ਜੂਨ ਦੀ ਮਿਤੀ ਨਿਰਧਾਰਿਤ ਕੀਤੀ ਸੀ।ਇਸ ਦਾ ਮੰਤਵ ਡੇਅਰੀ ਖੇਤਰ ਦੇ ਟਿਕਾਊਪਨ, ਆਰਥਿਕ ਵਿਕਾਸ, ਜੀਵਨ ਲੋੜਾਂ ਅਤੇ ਪੌਸ਼ਕਿਟਤਾ ਨੂੰ ਦਰਸਾਉਣਾ ਸੀ।ਇਸ ਦਿਵਸ ਦਾ ਉਦੇਸ਼ ਲੋਕਾਂ ਨੂੰ ਜੀਵਨ ਵਿਚ ਦੁੱਧ ਦੀ ਲੋੜ ਅਤੇ ਮਹੱਤਤਾ ਬਾਰੇ ਜਾਗਰੂਕ ਕਰਨ ਦਾ ਹੈ।
ਡਾ. ਰਮਨੀਕ, ਡੀਨ, ਡੇਅਰੀ ਸਾਇੰਸ ਕਾਲਜ ਨੇ ਇਹ ਉਪਰਾਲਾ ਕਰਨ ਵਿਚ ਪਹਿਲ ਕਰਦਿਆਂ ਦੱਸਿਆ ਕਿ ਸਾਫ ਸੁਥਰਾ ਅਤੇ ਉੱਚ ਕਵਾਲਿਟੀ ਦਾ ਦੁੱਧ ਸਾਡੇ ਲਈ ਬਹੁਤ ਉੱਤਮ ਖੁਰਾਕ ਹੈ।ਉਨ੍ਹਾਂ ਕਿਹਾ ਕਿ ਕੁਝ ਬੇਈਮਾਨ ਲੋਕਾਂ ਵਲੋਂ ਦੁੱਧ ਵਿਚ ਮਿਲਾਵਟ ਕਰਨ ਕਾਰਣ ਜਿਥੇ ਇਸ ਦੀ ਕਵਾਲਿਟੀ ਘਟਦੀ ਹੈ ਉਥੇ ਕਈ ਹੋਰ ਤਰ੍ਹਾਂ ਦੇ ਨੁਕਸ ਵੀ ਪੈਦਾ ਹੁੰਦੇ ਹਨ ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।ਇਸ ਲਈ ਸਾਫ ਸੁਥਰੇ ਦੁੱਧ ਦੀ ਪਰਖ ਕਰਨਾ ਬਹੁਤ ਜਰੂਰੀ ਹੈ।
ਇਸ ਕੈਂਪ ਦੇ ਪ੍ਰਬੰਧਨ ਵਿਚ ਸ਼ਾਮਿਲ ਡਾ. ਇੰਦਰਪ੍ਰੀਤ ਕੌਰ, ਡਾ. ਵੀਨਾ ਅਤੇ ਡਾ. ਨੀਤਿਕਾ ਗੋਇਲ ਨੇ ਦੱਸਿਆ ਕਿ ਕੈਂਪ ਦੌਰਾਨ ਦੁੱਧ ਦੇ ਸਾਰੇ ਨਮੂਨੇ ਮੁਫ਼ਤ ਜਾਂਚ ਕੀਤੇ ਜਾਣਗੇ।
ਇਸ ਲਈ ਉਪਭੋਗੀ ਆਪਣੇ ਦੁੱਧ ਨਮੂਨੇ ਜਰੂਰ ਲੈ ਕੇ ਆਉਣ।ਕਿਸੇ ਹੋਰ ਜਾਣਕਾਰੀ ਲਈ ਸਹਾਇਤਾ ਨੰਬਰ 0161-2553308 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਲੋਕ ਸੰਪਰਕ ਦਫਤਰ
ਪਸਾਰ ਸਿਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University will conduct a full week free camp on milk adulteration testing