ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੀਆਂ ਤਿੰਨ ਪੋਸਟ ਗ੍ਰੈਜੂਏਟ ਵਿਦਿਆਰਥਣਾਂ ਨੇ ਕੌਮੀ ਪੱਧਰ 'ਤੇ ਵਿਭਿੰਨ ਸਨਮਾਨ ਪ੍ਰਾਪਤ ਕੀਤੇ ਹਨ
ਉਨ੍ਹਾਂ ਨੂੰ ਇਹ ਸਨਮਾਨ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਪਾਰਭਨੀ (ਨਾਗਪੁਰ) ਵਿਖੇ 16ਵੀਂ ਰਾਸ਼ਟਰੀ ਕਾਨਫਰੰਸ ਵਿਚ ਪ੍ਰਾਪਤ ਹੋਏ।ਇਸ ਕਾਨਫਰੰਸ ਦਾ ਵਿਸ਼ਾ ਸੀ 'ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਨਾਲ ਪਸ਼ੂਧਨ ਦੀ ਉਤਪਾਦਨ ਸੰਭਾਵਨਾ ਨੂੰ ਨਾਰੀ ਵੈਟਨਰੀ ਮਾਹਿਰਾਂ ਵਲੋਂ ਵਧਾਉਣਾ'।
ਡਾ. ਜਯੋਤੀ, ਪੀਐਚ.ਡੀ ਖੋਜਾਰਥੀ ਨੂੰ 'ਯੁਵਾ ਵਿਗਿਆਨੀ ਸਨਮਾਨ' ਉਨ੍ਹਾਂ ਦੀ ਮੀਟ ਸੰਬੰਧੀ ਖੋਜ ਵਾਸਤੇ ਦਿੱਤਾ ਗਿਆ।ਡਾ. ਅਪੇਕਸ਼ਾ ਜੰਗੀਰ ਨੂੰ ਸਰਵਉੱਤਮ ਪੋਸਟਰ ਸਨਮਾਨ ਨਾਲ ਨਿਵਾਜਿਆ ਗਿਆ ਜੋ ਕਿ ਉਨ੍ਹਾਂ ਨੂੰ ਸੂਰ ਦੇ ਮੀਟ ਦੇ ਨਗਟਸ ਬਨਾਉਣ ਸੰਬੰਧੀ ਪ੍ਰਦਾਨ ਕੀਤਾ ਗਿਆ।ਡਾ. ਦੀਪਿਕਾ ਜਮਾਦਾਰ ਨੂੰ ਮੌਖਿਕ ਪੇਸ਼ਕਾਰੀ ਲਈ ਦੂਸਰਾ ਸਨਮਾਨ ਪ੍ਰਾਪਤ ਹੋਇਆ। ਉਨ੍ਹਾਂ ਦੇ ਅਧਿਆਪਕ, ਡਾ. ਓਮ ਪ੍ਰਕਾਸ਼ ਮਾਲਵ ਅਤੇ ਡਾ. ਰਾਜੇਸ਼ ਵਾਘ ਦੀ ਨਿਗਰਾਨੀ ਵਿਚ ਇਹ ਖੋਜ ਕਾਰਜ ਕੀਤੇ ਗਏ ਸਨ।
ਵਿਭਾਗ ਦੇ ਮੁਖੀ, ਡਾ. ਨਰਿੰਦਰ ਸਿੰਘ ਸ਼ਰਮਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਪਛਾਣ ਬਨਣ ਨਾਲ ਵਿਭਾਗ ਦੀ ਟੀਮ ਨੂੰ ਹੋਰ ਬਿਹਤਰ ਤਰੀਕੇ ਨਾਲ ਕੰਮ ਕਰਨ ਦਾ ਉਤਸਾਹ ਮਿਲਦਾ ਹੈ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਵੈਟਨਰੀ ਯੂਨੀਵਰਸਿਟੀ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਾਰੀ ਵਿਗਿਆਨੀਆਂ ਦੀ ਸਫਲਤਾ ਇਕ ਅਲੱਗ ਮਾਇਨੇ ਰੱਖਦੀ ਹੈ ਕਿ ਸਾਡੀਆਂ ਲੜਕੀਆਂ ਵੀ ਹੁਣ ਵਿਗਿਆਨ ਦੇ ਖੇਤਰ ਵਿਚ ਉੱਚੇ ਮਾਪਦੰਡ ਸਥਾਪਿਤ ਕਰ ਰਹੀਆਂ ਹਨ ਅਤੇ ਭੋਜਨ ਸੁਰੱਖਿਆ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਵੈਟਨਰੀ ਕਾਲਜ, ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਕਿਹਾ ਕਿ ਇਹ ਵਿਗਿਆਨ ਭਾਈਚਾਰੇ ਵਾਸਤੇ ਮਾਣ ਦੀ ਗੱਲ ਹੈ ਕਿ ਪਸ਼ੂ ਭੋਜਨ ਪ੍ਰਾਸੈਸਿੰਗ ਦੇ ਖੇਤਰ ਵਿਚ ਨਵੇਂ ਅਤੇ ਪ੍ਰਭਾਵੀ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ :- ਵੈਟਨਰੀ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੀ ਗਈ ਮੁਰਗੀ ਪਾਲਣ ( Poultry Farm )ਸੰਬੰਧੀ ਸਿਖਲਾਈ
Summary in English: Veterinary University students receive national honors