ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਰਾਸ਼ਟਰੀ ਸੇਵਾ ਯੋਜਨਾ ਦਿਵਸ ਮਨਾਉਣ ਦੇ ਸੰਬੰਧ ਵਿਚ ਇਸ ਦੇ ਵਲੰਟੀਅਰਾਂ ਲਈ ਲੇਖ ਲਿਖਣ ਦਾ ਅੰਤਰ-ਕਾਲਜ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਦਾ ਵਿਸ਼ਾ ਸੀ ’ਰਾਸ਼ਟਰੀ ਸੇਵਾ ਯੋਜਨਾ ਵਿਚ ਨੌਜਵਾਨਾਂ ਦੀ ਭੂਮਿਕਾ’।ਰਾਸ਼ਟਰੀ ਸੇਵਾ ਯੋਜਨਾ ਭਾਵ ਐਨ ਐਸ ਐਸ ਦੇ ਵਲੰਟੀਅਰਾਂ ਨੂੰ ਪਿਛਲੇ ਇਕ ਸਾਲ ਦੌਰਾਨ ਸਮਾਜਿਕ ਮੁੱਦਿਆਂ ਪ੍ਰਤੀ ਆਪਣੇ ਵਿਚਾਰ ਕਲਮਬੱਧ ਕਰਨ ਲਈ ਕਿਹਾ ਗਿਆ ਸੀ।
ਪ੍ਰਾਪਤ ਹੋਏ ਲੇਖਾਂ ਨੂੰ ਦਿੱਤੇ ਗਏ ਵਿਸ਼ੇ ਦੀ ਸਮਝ, ਸਮੱਸਿਆ ਦੇ ਹੱਲ ਅਤੇ ਵਿਚਾਰਾਂ ਦੀ ਪ੍ਰਭਾਵਸ਼ੀਲਤਾ ਅਨੁਸਾਰ ਪੜਚੋਲਿਆ ਜਾਵੇਗਾ ਅਤੇ ਜੇਤੂਆਂ ਦੀ ਚੋਣ ਕੀਤੀ ਜਾਵੇਗੀ।ਇਸ ਲੇਖ ਮੁਕਾਬਲੇ ਵਿਚ ਯੂਨੀਵਰਸਿਟੀ ਦੇ ਕਾਲਜ ਆਫ ਫ਼ਿਸ਼ਰੀਜ਼, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਅਤੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਜੇਤੂਆਂ ਦੇ ਨਾਵਾਂ ਦੀ ਘੋਸ਼ਣਾ 02 ਅਕਤੂਬਰ ਨੂੰ ਗਾਂਧੀ ਜਯੰਤੀ ਵਾਲੇ ਦਿਨ ਕੀਤੀ ਜਾਵੇਗੀ।ਇਥੇ ਇਹ ਦੱਸਣਾ ਵਰਨਣਯੋਗ ਹੈ ਕਿ 01 ਅਤੇ 02 ਅਕਤੂਬਰ ਨੂੰ ਐਨ ਐਸ ਐਸ ਦੇ ਵਲੰਟੀਅਰ ਯੂਨੀਵਰਸਿਟੀ ਕੈਂਪਸ ਵਿਚ ਸਫਾਈ ਮੁਹਿੰਮ ਵੀ ਆਯੋਜਿਤ ਕਰ ਰਹੇ ਹਨ।ਨਿਧੀ ਸ਼ਰਮਾ, ਐਨ ਐਸ ਐਸ ਪ੍ਰੋਗਰਾਮ ਸੰਯੋਜਕ ਨੇ ਦੱਸਿਆ ਕਿ ਹਰ ਵਰ੍ਹੇ 24 ਸਤੰਬਰ ਨੂੰ ਰਾਸ਼ਟਰੀ ਸੇਵਾ ਯੋਜਨਾ ਦਿਵਸ ਮਨਾਇਆ ਜਾਂਦਾ ਹੈ।ਇਸ ਲੇਖ ਮੁਕਾਬਲੇ ਵਿਚ 80 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸਮਾਜਿਕ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਅਤੇ ਹੱਲ ਸਾਂਝੇ ਕੀਤੇ।
ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ਼ ਅਫ਼ਸਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ, (ਬਠਿੰਡਾ) ਵਿਖੇ ਵੀ 70 ਵਿਦਿਆਰਥੀਆਂ ਨੇ ਇਸੇ ਵਿਸ਼ੇ ’ਤੇ ਮੁਕਾਬਲੇ ਵਿਚ ਹਿੱਸਾ ਲਿਆ।
ਵੱਖੋ-ਵੱਖਰੇ ਕਾਲਜਾਂ ਦੇ ਐਨ ਐਸ ਐਸ ਪ੍ਰੋਗਰਾਮ ਅਧਿਕਾਰੀਆਂ ਡਾ. ਵਰਿੰਦਰ ਪਾਲ ਸਿੰਘ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਅਤੇ ਡਾ. ਚੰਦਰ ਸੇਖਰ ਮੁਖੋਪਾਧਿਆਇ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਅਤੇ ਡਾ. ਸਚਿਨ ਖੈਰਨਾਰ, ਕਾਲਜ ਆਫ ਫ਼ਿਸ਼ਰੀਜ਼ ਇਸ ਮੁਕਾਬਲੇ ਤਹਿਤ ਪ੍ਰਾਪਤ ਹੋਏ ਲੇਖਾਂ ਦਾ ਮੁਲਾਂਕਣ ਕਰਨਗੇ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University organized an essay writing competition to celebrate National Service Planning Day