Punjab UPSC Topper: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸੋਮਵਾਰ ਨੂੰ ਨਤੀਜਿਆਂ ਦਾ ਐਲਾਨ ਕੀਤਾ, ਜਿਸ ਵਿੱਚ ਪੰਜਾਬ ਦੇ ਬੱਚਿਆਂ ਨੇ ਆਪਣੇ ਬੇਹਤਰੀਨ ਪ੍ਰਦਰਸ਼ਨ ਨਾਲ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਦੀ ਗਾਮਿਨੀ ਸਿੰਗਲਾ ਨੇ ਯੂ.ਪੀ.ਐਸ.ਸੀ. ਸਿਵਲ ਸੇਵਾਵਾਂ ਪ੍ਰੀਖਿਆ-2021 ਵਿੱਚ AIR 3 ਪ੍ਰਾਪਤ ਕੀਤਾ ਹੈ।
Punjab UPSC Topper 2022 : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੁਆਰਾ ਸੋਮਵਾਰ ਨੂੰ ਯੂ.ਪੀ.ਐਸ.ਸੀ. ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਘੋਸ਼ਿਤ ਕੀਤੇ ਗਏ। ਇਸ ਪ੍ਰੀਖਿਆ ਵਿੱਚ ਸ਼ਰੂਤੀ ਸ਼ਰਮਾ ਨੇ ਪਹਿਲਾ, ਅੰਕਿਤਾ ਅਗਰਵਾਲ ਨੇ ਦੂਜਾ ਅਤੇ ਗਾਮਿਨੀ ਸਿੰਗਲਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਪੰਜਾਬ ਦੇ ਬੱਚਿਆਂ ਨੇ ਸਿਵਲ ਸਰਵਿਸਿਜ਼ ਇਮਤਿਹਾਨ ਵਿੱਚ ਮੱਲਾਂ ਮਾਰੀਆਂ ਹਨ। ਸ੍ਰੀ ਆਨੰਦਪੁਰ ਸਾਹਿਬ ਤੋਂ ਗਾਮਿਨੀ ਸਿੰਗਲਾ ਨੇ ਸਿਵਲ ਸਰਵਿਸਿਜ਼ ਇਮਤਿਹਾਨ-2021 ਵਿੱਚ ਏਆਈਆਰ 3 ਪ੍ਰਾਪਤ ਕੀਤਾ ਹੈ।
ਸਫਲਤਾ ਦਾ ਸਿਹਰਾ ਮਾਤਾ-ਪਿਤਾ ਨੂੰ ਦਿੱਤਾ
ਆਪਣੀ ਸਫਲਤਾ 'ਤੇ ਗਾਮਿਨੀ ਸਿੰਗਲਾ ਨੇ ਕਿਹਾ ਕਿ ਸਖ਼ਤ ਮਿਹਨਤ ਅਤੇ ਮਾਤਾ-ਪਿਤਾ ਦੇ ਸਹਿਯੋਗ ਨੇ ਮੈਨੂੰ ਇੱਕ IAS ਅਫਸਰ ਬਣਨ ਦੇ ਬਚਪਨ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈ। ਗਾਮਿਨੀ ਦੇ ਪਿਤਾ ਡਾ. ਅਲੋਕ ਸਿੰਗਲਾ ਅਤੇ ਡਾ. ਨੀਰਜਾ ਸਿੰਗਲਾ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਮੈਡੀਕਲ ਅਫ਼ਸਰ ਹਨ ਅਤੇ ਉਸਦਾ ਭਰਾ ਆਈਆਈਟੀ, ਖੜਗਪੁਰ 'ਤੋਂ ਗ੍ਰੈਜੂਏਟ ਹੈ।
ਗਾਮਿਨੀ ਸਿੰਗਲਾ ਦਾ ਸਫਰ
ਦੱਸ ਦਈਏ ਕਿ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੀ ਗਾਮਿਨੀ ਨੇ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਹੈ। ਗਾਮਿਨੀ ਨੇ ਆਪਣੀ ਪੜ੍ਹਾਈ ਬਾਰੇ ਦੱਸਿਆ ਕਿ ਉਸਨੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿੱਚ ਬੀਟੈੱਕ ਕਰਨ ਤੋਂ ਤੁਰੰਤ ਬਾਅਦ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਫਿਰ ਦੂਜੀ ਕੋਸ਼ਿਸ਼ ਵਿੱਚ ਪ੍ਰੀਖਿਆ ਪਾਸ ਕਰ ਲਈ। ਆਨੰਦਪੁਰ ਸਾਹਿਬ ਵਿੱਚ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਨੂੰ ਅਗਲੇਰੀ ਪੜ੍ਹਾਈ ਲਈ ਚੰਡੀਗੜ੍ਹ ਭੇਜ ਦਿੱਤਾ। ਗਾਮਿਨੀ ਨੇ ਕਿਹਾ ਕਿ ਮੇਰੇ ਪਰਿਵਾਰ ਦੇ ਸਾਰੇ ਮੈਂਬਰਾਂ ਖਾਸ ਤੌਰ 'ਤੇ ਮੇਰੇ ਪਿਤਾ ਨੇ ਮੇਰੀ ਬਹੁਤ ਮਦਦ ਕੀਤੀ ਹੈ, ਅਸੀਂ ਸਾਰੇ ਉਸ ਹਰ ਚੀਜ਼ 'ਤੇ ਚਰਚਾ ਕਰਦੇ ਸੀ ਜਿਸ ਨਾਲ ਮੇਰਾ ਟੀਚਾ ਹਾਸਲ ਕਰਨ ਵਿਚ ਮਦਦ ਮਿਲਦੀ ਹੈ। ਇੰਨਾ ਹੀ ਨਹੀਂ, ਮੇਰਾ ਸਮਾਂ ਬਚਾਉਣ ਲਈ ਮੇਰੇ ਪਿਤਾ ਜੀ ਅਖਬਾਰਾਂ ਤੋਂ ਜਾਣਕਾਰੀ ਲੈ ਕੇ ਮੇਰੇ ਲਈ ਕਟਿੰਗ ਕਰਦੇ ਰਹਿੰਦੇ ਸਨ।
ਕਿਸਾਨ ਅਤੇ ਅਧਿਆਪਕ ਦੇ ਪੁੱਤਰ ਨੇ ਵੀ ਪਾਸ ਕੀਤੀ ਪ੍ਰੀਖਿਆ
ਦੂਜੇ ਪਾਸੇ ਮੁਕਤਸਰ ਦੇ ਪਿੰਡ ਭੁੱਲਰ ਦੇ 26 ਸਾਲਾ ਜਸਪਿੰਦਰ ਸਿੰਘ ਨੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿੱਚ 33ਵਾਂ ਰੈਂਕ ਹਾਸਲ ਕਰਕੇ ਆਪਣੇ ਮਾਪਿਆਂ ਸਮੇਤ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਜਸਪਿੰਦਰ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਪ੍ਰੀਖਿਆ ਪਾਸ ਕੀਤੀ ਹੈ। ਜਸਪਿੰਦਰ ਨੇ ਸਾਲ 2019 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ.ਏ., ਐਲ.ਐਲ.ਬੀ (ਆਨਰਜ਼) ਕੀਤੀ ਹੈ, ਉਸਨੇ ਅਕਾਲ ਅਕੈਡਮੀ ਮੁਕਤਸਰ ਤੋਂ 12ਵੀਂ ਜਮਾਤ ਵਿੱਚ ਨਾਨ-ਮੈਡੀਕਲ ਸਟਰੀਮ ਵਿੱਚ ਵਿਸ਼ਿਸ਼ਟਤਾ ਨਾਲ ਪੜ੍ਹਾਈ ਕੀਤੀ ਹੈ।
ਜਸਪਿੰਦਰ ਸਿੰਘ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ
ਜਸਪਿੰਦਰ ਦੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਨ 'ਤੇ ਉਸ ਦੇ ਪਿਤਾ ਨਛੱਤਰ ਸਿੰਘ ਭੁੱਲਰ ਨੇ ਕਿਹਾ ਕਿ ਮੇਰਾ ਪੁੱਤਰ ਹਮੇਸ਼ਾ ਤੋਂ ਅਫਸਰ ਬਣਨਾ ਚਾਹੁੰਦਾ ਸੀ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ। ਜਸਪਿੰਦਰ ਨੇ ਸਾਲ 2019 ਤੋਂ ਸਿਵਲ ਸਰਵਿਸਿਜ਼ ਇਮਤਿਹਾਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲਾਕਡਾਊਨ ਦੌਰਾਨ ਉਸ ਨੇ ਆਪਣੇ ਦਮ 'ਤੇ ਪੜ੍ਹਾਈ ਕੀਤੀ। ਜਦੋਂ ਲਾਕਡਾਊਨ ਹਟਾਇਆ ਗਿਆ ਤਾਂ ਉਸ ਨੇ ਦਿੱਲੀ ਦੇ ਇੱਕ ਪ੍ਰਾਈਵੇਟ ਇੰਸਟੀਚਿਊਟ ਤੋਂ ਕਰੀਬ ਛੇ ਮਹੀਨੇ ਕੋਚਿੰਗ ਲਈ।
ਇਹ ਵੀ ਪੜ੍ਹੋ : Alert! ਬਾਜ਼ਾਰ 'ਚ 500 ਅਤੇ 2000 ਦੇ ਨਕਲੀ ਨੋਟਾਂ ਦੀ ਭਰਮਾਰ! ਜਾਣੋ ਅਸਲੀ-ਨਕਲੀ ਨੋਟਾਂ ਦੀ ਪਛਾਣ ਕਿਵੇਂ ਕਰੀਏ!
ਪਟਿਆਲਾ ਦੇ ਨਮਨ ਸਿੰਗਲਾ ਨੇ 47ਵਾਂ ਰੈਂਕ ਹਾਸਲ ਕੀਤਾ
ਪੰਜਾਬ ਦੇ ਇੱਕ ਹੋਰ ਪੁੱਤਰ ਨੇ ਵੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਹਿਲੀ ਹੀ ਕੋਸ਼ਿਸ਼ ਵਿੱਚ ਪਾਸ ਕੀਤੀ ਹੈ, ਪਟਿਆਲਾ ਦੇ 23 ਸਾਲਾ ਨਮਨ ਸਿੰਗਲਾ ਨੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿੱਚ 47ਵਾਂ ਰੈਂਕ ਹਾਸਲ ਕੀਤਾ ਹੈ। ਪ੍ਰੋਫੈਸਰ ਕਲੋਨੀ, ਪਟਿਆਲਾ ਵਿੱਚ ਰਹਿਣ ਵਾਲੇ ਸਿੰਗਲਾ ਨੇ ਯਾਦਵਿੰਦਰ ਪਬਲਿਕ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਬੀਏ (ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ) ਕੀਤੀ। ਇਸ ਤੋਂ ਬਾਅਦ ਉਸਨੇ UPSC ਦੀ ਤਿਆਰੀ ਸ਼ੁਰੂ ਕੀਤੀ, ਨਮਨ ਨੇ ਕਿਹਾ ਕਿ ਲੋਕਾਂ ਨੇ ਸੁਝਾਅ ਦਿੱਤਾ ਹੈ ਕਿ ਮੈਨੂੰ IAS ਦੀ ਚੋਣ ਕਰਨੀ ਚਾਹੀਦੀ ਹੈ। ਜਦੋਂ ਕਿ ਉਸ ਦੇ ਪਿਤਾ ਨੀਰਜ ਕੁਮਾਰ ਸਿੰਗਲਾ ਅਤੇ ਮਾਂ ਮੋਨਿਕਾ ਸਿੰਗਲਾ ਨੇ ਕਿਹਾ, ਅਸੀਂ ਉਸ ਨਾਲ ਆਈਏਐਸ ਅਧਿਕਾਰੀਆਂ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਦੇ ਸੀ। ਅਸੀਂ ਉਸਦੇ ਲਈ ਖੁਸ਼ ਹਾਂ, ਇਹ ਸਾਡੇ ਲਈ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ।
Summary in English: UPSC Topper: Gamini Singla's Outstanding Performance in Civil Services!