
Guru Angad Dev Veterinary
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵਲੋਂ ਇਕ ਪੰਜ ਦਿਨਾ ਸਿਖਲਾਈ ਕੋਰਸ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ’ਝੀਂਗਾ ਪਾਲਣ ਲਈ ਸਹੀ ਪ੍ਰਬੰਧਨ ਪ੍ਰਣਾਲੀ’।
ਇਸ ਆਨਲਾਈਨ ਸਿਖਲਾਈ ਵਿਚ 92 ਪ੍ਰਤੀਭਾਗੀਆਂ ਜਿਨ੍ਹਾਂ ਵਿਚ 57 ਮਰਦ ਅਤੇ 35 ਔਰਤਾਂ ਸ਼ਾਮਿਲ ਸਨ ਨੇ ਹਿੱਸਾ ਲਿਆ।ਇਨ੍ਹਾਂ ਪ੍ਰਤੀਭਾਗੀਆਂ ਵਿਚ ਕਿਸਾਨ, ਯੁਵਕ, ਪਸਾਰ ਕਾਮੇ ਅਤੇ ਮੱਛੀ ਪਾਲਣ ਵਿਭਾਗ ਦੇ ਪੇਸ਼ੇਵਰ ਵੀ ਸ਼ਾਮਿਲ ਸਨ।
ਇਸ ਸਿਖਲਾਈ ਵਿਚ ਪ੍ਰਤੀਭਾਗੀਆਂ ਨੂੰ ਝੀਂਗਾ ਪਾਲਣ ਵਿਚ ਉਦਮੀ ਬਨਾਉਣ ਸੰਬੰਧੀ ਸਿੱਖਿਅਤ ਕੀਤਾ ਗਿਆ।ਉਨ੍ਹਾਂ ਨੂੰ ਇਸ ਕੰਮ ਦੀ ਜੈਵਿਕ ਸੁਰੱਖਿਆ ਅਤੇ ਭੋਜਨ ਸੁਰੱਖਿਆ ਮਾਪਦੰਡਾਂ ਬਾਰੇ ਦੱਸਿਆ ਗਿਆ ਤਾਂ ਜੋ ਉਹ ਗ਼ੈਰ ਸਮੁੰਦਰੀ ਇਲਾਕੇ ਵਿਚ ਆਪਣਾ ਕਿੱਤਾ ਕਰ ਸਕਣ।ਉਨ੍ਹਾਂ ਨੂੰ ਖਾਰੇ ਪਾਣੀ ਵਾਲੇ ਖੇਤਰਾਂ ਵਿਚ ਝੀਂਗਾ ਪਾਲਣ, ਇਸ ਸੰਬੰਧੀ ਆਉਂਦੀਆਂ ਮੁਸ਼ਕਿਲਾਂ, ਉਨ੍ਹਾਂ ਦੇ ਹਲ ਅਤੇ ਬਾਕੀ ਕਾਰਜਾਂ ਲਈ ਪੂਰਨ ਦਿਸ਼ਾ ਨਿਰਦੇਸ਼ ਦੱਸੇ ਗਏ।ਇਸ ਪ੍ਰੋਗਰਾਮ ਦੇ ਸੰਯੋਜਕ, ਡਾ. ਪ੍ਰਬਜੀਤ ਸਿੰਘ ਅਤੇ ਤਕਨੀਕੀ ਸੰਯੋਜਕ, ਡਾ. ਨਵੀਨ ਕੁਮਾਰ ਤੇ ੜਾ, ਜਤਿੰਦਰ ਸ਼ੁਕਲਾ ਨੇ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਅਧੀਨ ਇਸ ਸਿਖਲਾਈ ਨੂੰ ਸਿਰੇ ਚੜ੍ਹਾਇਆ।

Animal Sciences University
ਝੀਂਗਾ ਪਾਲਣ ਵਿਚ ਬਹੁਤ ਸਾਵਧਾਨੀਆਂ ਦੀ ਲੋੜ ਹੁੰਦੀ ਹੈ ਇਸ ਲਈ ਬੱਚ ਖਰੀਦਣ, ਪਾਣੀ, ਭੋਜਨ, ਸਿਹਤ, ਬਿਮਾਰੀਆਂ, ਰਸਾਇਣਾਂ ਦੀ ਵਰਤੋਂ, ਝੀਂਗੇ ਦੀ ਕਵਾਲਿਟੀ, ਪ੍ਰਾਸੈਸਿੰਗ, ਗੁਣਵੱਤਾ ਵਧਾਉਣਾ, ਵਾਤਾਵਰਣ ਸੁਰੱਖਿਆ, ਮੰਡੀਕਾਰੀ, ਰਹਿੰਦ ਖੂੰਹਦ ਅਤੇ ਪਾਣੀ ਦੀ ਨਿਕਾਸੀ ਦੇ ਨਾਲ ਰਾਜ ਅਤੇ ਕੇਂਦਰ ਦੀਆਂ ਸਕੀਮਾਂ ਬਾਰੇ ਵੀ ਦੱਸਿਆ ਗਿਆ।ਵੈਟਨਰੀ ਯੂਨੀਵਰਸਿਟੀ ਤੋਂ ਮਿਲਦੇ ਸਹਿਯੋਗ ਅਤੇ ਸੇਵਾਵਾਂ ਬਾਰੇ ਵੀ ਚਾਨਣਾ ਪਾਇਆ ਗਿਆ।
ਪ੍ਰਤੀਭਾਗੀਆਂ ਨੂੰ ਸੰਬੋਧਿਤ ਹੁੰਦਿਆਂ ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਕਿੱਤਾ ਬਹੁਤ ਸੁਚੱਜੇ ਅਤੇ ਸਿਆਣੇ ਢੰਗ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਇਸ ਲਈ ਜੈਵਿਕ ਸੁਰੱਖਿਆ ਦੀ ਵਧੇਰੇ ਲੋੜ ਹੁੰਦੀ ਹੈ।ਇਸ ਕਿੱਤੇ ਵਿਚ ਕਮਾਈ ਵੀ ਵਧੇਰੇ ਹੈ ਅਤੇ ਉਸ ਹਿਸਾਬ ਨਾਲ ਨਿਗਰਾਨੀ ਵੀ ਵਧੇਰੇ ਰੱਖਣੀ ਪੈਂਦੀ ਹੈ।ਉਨ੍ਹਾਂ ਕਿਹਾ ਕਿ ਝੀਂਗਾ ਉਤਪਾਦਨ ਵਿਚ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ ਇਸ ਲਈ ਉਨ੍ਹਾਂ ਪ੍ਰਤੀਭਾਗੀਆਂ ਨੂੰ ਪ੍ਰੇਰਿਆ ਕਿ ਉਹ ਆਪਣਾ ਕਿੱਤਾ ਪੂਰੀ ਸਿਖਲਾਈ ਲੈ ਕੇ ਜ਼ਰੂਰ ਸ਼ੁਰੂ ਕਰਨ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਖਾਰੇ ਪਾਣੀ ਵਾਲੇ ਇਲਾਕੇ ਵਿਚ ਜ਼ਮੀਨ ਦੀ ਸੁਚੱਜੀ ਵਰਤੋਂ ਵਾਸਤੇ ਝੀਂਗਾ ਪਾਲਣ ਬਹੁਤ ਵਧੀਆ ਵਿਕਲਪ ਹੈ।ਯੂਨੀਵਰਸਿਟੀ ਕਿਸਾਨਾਂ ਨੂੰ ਸਹਾਇਤਾ ਦੇਣ ਅਤੇ ਪਸ਼ੂ ਪਾਲਣ ਤੇ ਮੱਛੀ ਪਾਲਣ ਦੇ ਕਿੱਤਿਆਂ ਦੀ ਬਿਹਤਰੀ ਅਤੇ ਟਿਕਾਊਪਨ ਵਾਸਤੇ ਸਦਾ ਪ੍ਰਤਿਬੱਧ ਹੈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Training provided by Veterinary University on proper management system for shrimp farming