Artificial Intelligence: ਖੇਤੀਬਾੜੀ ਲਈ ਮੁੱਖ ਖਤਰੇ ਜਲਵਾਯੂ ਪਰਿਵਰਤਨ ਅਤੇ ਤਾਪਮਾਨ ਹਨ, ਜਦੋਂ ਕਿ ਮਿੱਟੀ ਦੀ ਕਿਸਮ, ਪੌਸ਼ਟਿਕ ਤੱਤ, ਫਸਲਾਂ ਦੀਆਂ ਕਿਸਮਾਂ ਵਰਗੇ ਸੈਕੰਡਰੀ ਖਤਰੇ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮੱਸਿਆਵਾਂ ਨੂੰ ਹੱਲ ਕਰਨ ਦੇ ਜ਼ਰੂਰੀ ਤਰੀਕਿਆਂ ਵਿੱਚੋਂ ਇੱਕ ਆਰਟੀਫੀਸ਼ਲ ਇੰਟੈਲੀਜੈਂਸ (AI) ਹੈ।
ਦੱਸ ਦੇਈਏ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਸਹਾਇਤਾ ਨਾਲ 21 ਦਿਨਾਂ ਸਰਦ ਰੁੱਤ ਸਿਖਲਾਈ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ 21 ਦਿਨਾਂ ਦੌਰਾਨ ਖੇਤੀ ਵਿੱਚ ਜਲ ਸਰੋਤ ਪ੍ਰਬੰਧਨ ਲਈ ਆਰਟੀਫੀਸ਼ਲ ਇੰਟੈਲੀਜੈਂਸ (Artificial Intelligence) ਦੇ ਵਿਸ਼ੇ 'ਤੇ ਵੱਖ-ਵੱਖ ਲੈਕਚਰ ਕਰਵਾਏ ਜਾਣਗੇ।
ਮੁੱਖ ਮਹਿਮਾਨ ਡਾ. ਮਾਨਵ ਇੰਦਰਾ ਸਿੰਘ ਗਿੱਲ ਨੇ ਅਜੋਕੇ ਸਮੇਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਰਾਜ ਦੇ ਕਿਸਾਨਾਂ ਦੀ ਭਲਾਈ ਅਤੇ ਖੇਤੀ ਦੇ ਵਿਕਾਸ ਲਈ ਵਿਗਿਆਨਕ ਯਤਨਾਂ ਦਾ ਉਲੇਖ ਵੀ ਕੀਤਾ। ਉਨ੍ਹਾਂ ਨੇ ਵੱਖ-ਵੱਖ ਰਾਜਾਂ ਤੋਂ ਆਏ ਸਿਖਿਆਰਥੀਆਂ ਨੂੰ ਇਸ ਸਰਦ ਰੁੱਤ ਸਿਖਲਾਈ ਕੋਰਸ ਤੋਂ ਨਵੇਂ ਉੱਭਰ ਰਹੇ ਖੇਤਰ ਏ.ਆਈ., ਆਈ.ਓ.ਟੀ., ਡਿਜ਼ੀਟਲ ਟੈਕਨਾਲੋਜੀ ਵਿੱਚ ਗਿਆਨ ਵਧਾਉਣ ਲਈ ਜ਼ੋਰ ਦਿੱਤਾ ਅਤੇ ਖੇਤੀਬਾੜੀ ਜਲ ਪ੍ਰਬੰਧਨ ਲਈ ਇਸ ਗਿਆਨ ਨੂੰ ਲਾਗੂ ਕਰਨ ਦੀ ਗੱਲ ਕੀਤੀ।
ਡਾ. ਪਰਵਿੰਦਰ ਸ਼ੇਰੋਂ , ਨਿਰਦੇਸ਼ਕ ਅਟਾਰੀ ਨੇ ਸਾਵਧਾਨ ਕੀਤਾ ਕਿ ਏ ਆਈ ਇੱਕ ਉੱਭਰ ਰਹੀ ਨਵੀਂ ਡਿਜੀਟਲ ਤਕਨਾਲੋਜੀ ਹੈ, ਇਸ ਲਈ ਵਿਗਿਆਨੀਆਂ ਨੂੰ ਇਸ ਦੇ ਫਾਇਦੇ ਅਤੇ ਨੁਕਸਾਨ ਦੋਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀਬਾੜੀ ਵਿਕਾਸ ਲਈ ਤਕਨਾਲੋਜੀ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪਾਣੀ ਇਕ ਅਹਿਮ ਸਰੋਤ ਹੈ ਅਤੇ ਇਸ ਦੀ ਸੰਭਾਲ ਸਮੇਂ ਦੀ ਲੋੜ ਹੈ।
ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ.ਜੇ.ਪੀ. ਸਿੰਘ ਨੇ ਸਰਦੀਆਂ ਦੇ ਸਕੂਲ ਦੀ ਮਹੱਤਤਾ ਬਾਰੇ ਦੱਸਦਿਆਂ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਾਣ-ਪਛਾਣ ਕਰਵਾਈ। ਡਾ. ਅਮੀਨਾ ਰਹੇਜਾ, ਵਿਗਿਆਨੀ, ਮਿੱਟੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਭਾਗ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਇਸ ਸਿਖਲਾਈ ਪ੍ਰੋਗਰਾਮ ਦੌਰਾਨ ਵਿਚਾਰੇ ਜਾਣ ਵਾਲੇ ਵਿਸ਼ਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: AI in Agriculture: ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਅਤੇ ਲਾਭ
ਡਾ. ਮਨਜੀਤ ਸਿੰਘ, ਡੀਨ, ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਤਕਨਾਲੋਜੀ ਨੇ ਸਿਖਿਆਰਥੀਆਂ ਨੂੰ ਆਰਟੀਫੀਸ਼ੀਲ ਇੰਟੈਲੀਜੈਂਸ ਦੇ ਇਤਿਹਾਸ ਅਤੇ ਖੇਤੀਬਾੜੀ ਦੇ ਵੱਖ-ਵੱਖ ਖੇਤਰਾਂ ਵਿੱਚ ਇਸਦੀ ਵਰਤੋਂ ਬਾਰੇ ਜਾਣੂ ਕਰਵਾਇਆ। ਅੰਤ ਵਿਚ ਡਾ. ਸਮਨਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਕੋਰਸ ਦੇ ਤਕਨੀਕੀ ਕੁਆਰਡੀਨੇਟਰ ਡਾ ਚੇਤਨ ਸਿੰਗਲਾ ਹਨ। ਕੋਰਸ ਵਿੱਚ ਦੇਸ਼ ਦੀਆਂ ਉੱਘੀਆਂ ਸੰਸਥਾਵਾਂ ਤੋਂ ਸਿਖਿਆਰਥੀ ਭਾਗ ਲੈ ਰਹੇ ਹਨ।
Summary in English: Training course on Artificial Intelligence for conservation of water resources in agriculture started