KVK Bathinda: ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।
ਇਸੀ ਲੜੀ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਬੀਬੀਆਂ ਲਈ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਦੱਸ ਦੇਈਏ ਕਿ ਪੀ.ਏ.ਯੂ. ਦੇ ਕੇ. ਵੀ. ਕੇ., ਬਠਿੰਡਾ ਵੱਲੋਂ ਕੱਪੜਿਆਂ ਦੀ ਵੱਖ-ਵੱਖ ਰਵਾਇਤੀ ਅਤੇ ਨਵੀਨ ਤਕਨੀਕਾਂ ਨਾਲ ਸਜਾਵਟ ਕਰਕੇ ਕੀਮਤ-ਵਾਧਾ ਕਰਨ ਸਬੰਧੀ ਮਿਤੀ 04.04.2024 ਤੋਂ 22.04.2024 ਤੱਕ 10 ਦਿਨਾਂ ਸਿਖਲਾਈ ਕੋਰਸ ਲਗਾਇਆ ਗਿਆ।
ਇਸ ਕੋਰਸ ਵਿੱਚ ਵੱਖ-ਵੱਖ ਪਿੰਡਾਂ ਕੋਠੇ ਕੌਰ ਸਿੰਘ, ਬਾਂਡੀ, ਲੇਲੇਆਣਾ, ਸੇਮਾ, ਜੋਧਪੁਰ ਰੋਮਾਣਾ, ਜੋਗਾਨੰਦ, ਮੱਲਵਾਲਾ, ਭੁੱਚੋਂ ਕਲਾਂ, ਭਾਗੀ ਬਾਂਦਰ, ਕਲਿਆਣ ਸੁੱਖਾ, ਡੂੰਮ ਵਾਲੀ, ਗੁਰੂਸਰ ਸੇਣੇਵਾਲਾ, ਝੰਡਾ ਕਲਾਂ, ਕੋਟ ਭਾਈ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਈਆਂ 26 ਸਿਖਿਆਰਥਣਾਂ ਨੇ ਭਾਗ ਲਿਆ।
ਇਸ ਕੋਰਸ ਦੇ ਕੋਆਰਡੀਨੇਟਰ ਪ੍ਰੋ. ਜਸਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਸ ਕਿੱਤਾਮੁਖੀ ਸਿਖਲਾਈ ਕੋਰਸ ਵਿੱਚ ਕੱਪੜਿਆਂ ਦੀ ਸਿਲਾਈ, ਕਢਾਈ, ਪੇਂਟਿੰਗ, ਟਾਈਡਾਈ ਆਦਿ ਦੀਆਂ ਵੱਖ-ਵੱਖ ਤਕਨੀਕਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤਾਂ ਜੋ ਕਿ ਇਨ੍ਹਾਂ ਤਕਨੀਕਾਂ ਦੀ ਵਰਤੋਂ ਨਾਲ ਕੱਪੜਿਆਂ ਦਾ ਕੀਮਤ ਵਾਧਾ ਕਰਕੇ ਬੀਬੀਆਂ ਘਰ ਬੈਠੀਆਂ ਹੀ ਪੈਸਾ ਕਮਾ ਸਕਣ।
ਕੋਰਸ ਦੇ ਅਖੀਰ ਵਿੱਚ ਸਿਖਿਆਰਥੀਆਂ ਵੱਲੋਂ ਬਣਾਏ ਗਏ ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਨੇ ਸਿਖਲਾਈ ਦੌਰਾਨ ਆਪਣੇ ਸੰਬੋਧਨ ਵਿੱਚ ਇਸ ਸਿਖਲਾਈ ਨੂੰ ਕਿੱਤੇ ਦੇ ਤੌਰ ਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਕਿੱਤਾ-ਮੁੱਖੀ ਸਿਖਲਾਈ ਦਾ ਮਕਸਦ ਬੀਬੀਆਂ ਨੂੰ ਖਾਸ ਕਿੱਤਿਆਂ ਸਬੰਧੀ ਜਾਣਕਾਰੀ ਦੇ ਕੇ ਇਸ ਯੋਗ ਬਣਾਉਣਾ ਹੈ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਅਤੇ ਘਰ ਦੀ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾ ਸਕਣ।
Summary in English: Training Course for Ladies by Krishi Vigyan Kendra of PAU, Bathinda