KVK, Sangrur: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਅਤੇ ਚਾਰਾ, ਮਿਲਟ ਅਤੇ ਪੋਸ਼ਣ ਸੈਕਸ਼ਨ, ਪਲਾਂਟ ਬ੍ਰੀਡਿੰਗ ਅਤੇ ਜੇਨੇਟਿਕਸ ਵਿਭਾਗ, ਪੀ ਏ ਯੂ ਵੱਲੋਂ ਜੀਨੀਅਸ ਫਾਰਮਰ ਪ੍ਰੋਡਿਊਸਰ ਕੰਪਨੀ ਲਿਮਿਟਡ ਦੇ ਸਹਿਯੋਗ ਨਾਲ ਲਹਿਰਾਗਾਗਾ ਵਿੱਚ ਦੁਧਾਰੂ ਪਸ਼ੂਆਂ ਲਈ ਮਿਆਰੀ ਸਾਈਲੇਜ ਦੇ ਉਤਪਾਦਨ, ਸਟੋਰੇਜ ਅਤੇ ਵਰਤੋਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਲਗਭਗ 70 ਕਿਸਾਨਾਂ ਦੇ ਭਾਗ ਲਿਆ।
ਇਸ ਸਿਖਲਾਈ ਕੈਂਪ ਦੀ ਸ਼ੁਰੂਆਤ ਵਿੱਚ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕੇ ਵੀ ਕੇ, ਖੇੜੀ ਨੇ ਕਿਸਾਨਾਂ ਨੂੰ ਜੀ ਆਇਆਂ ਆਖਦੇ ਹੋਏ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਿਧੀਆਂ ਅਤੇ ਵੱਖ-ਵੱਖ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ।
ਡਾ. ਮਨਦੀਪ ਸਿੰਘ ਨੇ ਕਿਸਾਨਾਂ ਨੂੰ ਕਣਕ ਤੋਂ ਬਾਅਦ ਬੀਜੀ ਜਾਂਦੀ ਗਰਮੀ ਰੁੱਤ ਦੀ ਮੱਕੀ ਦਾ ਆਚਾਰ ਬਣਾਉਣ ਲਈ ਕੀਤੀ ਜਾਂਦੀ ਵਪਾਰਕ ਕਾਸ਼ਤ ਤੋਂ ਗੁਰੇਜ਼ ਕਰਨ ਕਿਹਾ ਕਿਉਂਕਿ ਨਾਲ ਪਾਣੀ ਦੀ ਬੱਚਤ ਦੇ ਯਤਨਾਂ ਨੂੰ ਠੇਸ ਪਹੁੰਚਦੀ ਹੈ। ਉਹਨਾਂ ਕਿਸਾਨਾਂ ਨੂੰ ਬੇਲੋੜੇ ਖੇਤੀ ਖਰਚੇ ਘਟਾਉਣ ਅਤੇ ਪੀ ਏ ਯੂ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੇਤੀ ਸਾਹਿਤ ਨੂੰ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ।
ਡਾ. ਰਣਜੀਤ ਸਿੰਘ, ਸਹਾਇਕ ਪ੍ਰੋਫੈਸਰ, ਚਾਰਾ ਮਿਲਟ ਅਤੇ ਪੋਸ਼ਣ ਵਿਭਾਗ, ਪੀ ਏ ਯੂ ਲੁਧਿਆਣਾ ਨੇ ਕਿਸਾਨਾਂ ਨਾਲ ਵਧੀਆ ਕੁਆਲਿਟੀ ਦਾ ਸਾਈਲੇਜ਼ ਤਿਆਰ ਕਰਨ ਲਈ ਹਰੇ ਚਾਰੇ ਦੀ ਚੋਣ, ਜਗ੍ਹਾ ਦੀ ਚੋਣ, ਚਾਰੇ ਦੀ ਬਿਜਾਈ ਦੇ ਤਰੀਕੇ, ਕਟਾਈ ਦੇ ਸਮੇਂ ਅਤੇ ਆਚਾਰ ਬਣਾਉਣ ਦੀ ਵਿਧੀ ਬਾਰੇ ਵਿਸਥਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਕਿਸਾਨਾਂ ਨੂੰ ਚਾਰੇ ਤੋਂ ਅਚਾਰ ਬਣਾਉਣ ਸਮੇਂ ਧਿਆਨ ਰੱਖਣ ਯੋਗ ਨੁਕਤਿਆਂ ਬਾਰੇ ਵੀ ਦੱਸਿਆ। ਉਹਨਾਂ ਸਾਈਲੇਜ਼ ਤਿਆਰ ਹੋਣ ਤੋਂ ਬਾਅਦ ਉਸ ਦੀ ਕੁਆਲਿਟੀ ਚੈਕ ਕਰਨ ਦੇ ਤਰੀਕੇ ਅਤੇ ਉਸ ਦੀ ਸੁਯੋਗ ਵਰਤੋਂ ਕਰਨ ਬਾਰੇ ਵੀ ਸਾਂਝ ਪਾਈ। ਉਹਨਾਂ ਨੇ ਸਾਈਲੇਜ਼ ਦੀ ਪਸ਼ੂ ਦੇ ਅਨੁਸਾਰ ਸਹੀ ਵਰਤੋਂ ਬਾਰੇ ਵੀ ਦੱਸਿਆ। ਇਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਵੱਲੋਂ ਸਾਈਲੇਜ਼ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ।
ਡਾ. ਰੁਕਿੰਦਰ ਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਕਿਸਾਨਾਂ ਨਾਲ ਝੋਨੇ ਅਤੇ ਬਾਸਮਤੀ ਵਿੱਚ ਨਦੀਨ ਅਤੇ ਖਾਦ ਪ੍ਰਬੰਧ ਸੰਬੰਧੀ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਕਿਸਾਨਾਂ ਨੂੰ ਝੋਨੇ ਵਿੱਚ ਜ਼ਿੰਕ ਅਤੇ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਬਾਰੇ ਦੱਸਦੇ ਹੋਏ ਉਸ ਦੇ ਸਹੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਉਸਾਰੂ ਅਤੇ ਸੁਚਾਰੂ ਸਾਹਿਤ ਪਹੁੰਚਾਉਣਾ ਪੀ.ਏ.ਯੂ. ਦਾ ਉਦੇਸ਼: Dr. T.S. Riar
ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫ਼ੈਸਰ (ਫਾਰਮ ਮਸ਼ੀਨਰੀ) ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਉਪਲੱਬਧ ਖੇਤੀ ਮਸ਼ੀਨਰੀ ਦੀ ਸੁਯੋਗ ਵਰਤੋਂ ਬਾਰੇ ਦੱਸਿਆ।
ਕਿਸਾਨਾਂ ਨੂੰ ਪੀ.ਏ.ਯੂ ਦਾ ਖੇਤੀ ਸਾਹਿਤ ਵੀ ਮੁਹਈਆ ਕਰਵਾਇਆ ਗਿਆ। ਅਖੀਰ ਵਿੱਚ ਜੀਨੀਅਸ ਫਾਰਮਰ ਪ੍ਰੋਡਿਊਸਰ ਕੰਪਨੀ ਵੱਲੋਂ ਹੁਸ਼ਿਆਰ ਸਿੰਘ, ਕਰਮਜੀਤ ਸਿੰਘ ਅਤੇ ਸਰਦੂਲ ਸਿੰਘ ਨੇ ਪੀ.ਏ.ਯੂ ਅਤੇ ਕੇ.ਵੀ.ਕੇ ਦੀ ਸਮੁੱਚੀ ਟੀਮ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।
Summary in English: Training camp on production, preservation and use of standard maize achar by PAU - KVK, Sangrur