![Veterinary University Veterinary University](https://d2ldof4kvyiyer.cloudfront.net/media/4522/1.jpg)
Veterinary University
ਡੇਅਰੀ ਪਸ਼ੂਆਂ ਦੀ ਪ੍ਰਜਨਣ ਕੁਸ਼ਲਤਾ ਡੇਅਰੀ ਕਾਰੋਬਾਰ ਨੂੰ ਲਾਹੇਵੰਦ ਬਣਾਉਣ ਦਾ ਇਕ ਮਹੱਤਵਪੂਰਣ ਪਹਿਲੂ ਹੈ। ਇਸ ਮੰਤਵ ਨੂੰ ਧਿਆਨ ਵਿਚ ਰੱਖਦਿਆਂ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਅਤੇ ਪਸ਼ੂ ਪਾਲਣ ਪਸਾਰ ਸਿੱਖਿਆ ਵਿਭਾਗ ਨੇ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਅਧੀਨ ਜ਼ਿਲ੍ਹਾ ਲੁਧਿਆਣਾ ਦੇ ਰਾਮਪੁਰ ਅਤੇ ਪਮਾਲੀ ਪਿੰਡਾਂ ਵਿਚ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ।
ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕੁਲ 40 ਡੇਅਰੀ ਕਿਸਾਨਾਂ ਨੂੰ ਪਸ਼ੂਆਂ ਦੀ ਪ੍ਰਜਨਣ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਲਈ ਸਿਖਲਾਈ ਦਿੱਤੀ ਗਈ। ਵਿਭਾਗ ਦੇ ਮੁਖੀ ਡਾ: ਰਾਕੇਸ਼ ਕੁਮਾਰ ਸ਼ਰਮਾ ਨੇ ਸਰਦੀਆਂ ਦੇ ਮਹੀਨਿਆਂ ਦੌਰਾਨ ਗੱਭਣ ਡੇਅਰੀ ਪਸ਼ੂਆਂ ਦੀ ਦੇਖਭਾਲ ਅਤੇ ਬਿਹਤਰ ਨਤੀਜੇ ਪ੍ਰਾਪਤ ਕਰਨ ਲਈ ਵੱਖ-ਵੱਖ ਪ੍ਰਬੰਧਨ ਸੁਝਾਵਾਂ ਬਾਰੇ ਦੱਸਿਆ। ਡਾ. ਰਵਦੀਪ ਸਿੰਘ ਨੇ ਡੇਅਰੀ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਵੱਖ ਵੱਖ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਕ ਸ਼ੁਰੂਆਤੀ ਕਿੱਟ ਜਿਸ ਵਿਚ ਧਾਤਾਂ ਦਾ ਮਿਸ਼ਰਣ, ਪਸ਼ੂ ਚਾਟ ਅਤੇ ਯੂਨੀਵਰਸਿਟੀ ਪਬਲੀਕੇਸ਼ਨਾਂ ਦਾ ਸੰਗ੍ਰਹਿ ਸੀ, ਲਾਭਪਾਤਰੀਆਂ ਨੂੰ ਮੁਫਤ ਵਿਚ ਵੰਡਿਆ ਗਿਆ।
![Animal Sciences University Animal Sciences University](https://d2ldof4kvyiyer.cloudfront.net/media/4523/2.jpg)
Animal Sciences University
ਡਾ. ਸ਼ਰਮਾ ਨੇ ਦੱਸਿਆ ਕਿ ਵਿਭਾਗ ਡੇਅਰੀ ਕਿਸਾਨਾਂ ਲਈ ਆਨ-ਲਾਈਨ ਵਿਸ਼ੇਸ਼ ਸਿਖਲਾਈ ਕੋਰਸ ਵੀ ਕਰਵਾ ਰਿਹਾ ਹੈ। ਇਹ ਕੋਰਸ ਕੱਟੜੂ ਪ੍ਰਬੰਧਨ, ਡੇਅਰੀ ਪਸ਼ੂਆਂ ਦਾ ਪ੍ਰਜਨਣ ਪ੍ਰਬੰਧਨ; ਡੇਅਰੀ ਪਸ਼ੂਆਂ ਦਾ ਸਿਹਤ ਪ੍ਰਬੰਧਨ; ਪੋਸ਼ਣ ਪ੍ਰਬੰਧਨ; ਲੇਵਾ ਪ੍ਰਬੰਧਨ ; ਖੁਰ ਪ੍ਰਬੰਧਨ, ਡੇਅਰੀ ਫਾਰਮ ਵਿਖੇ ਰਹਿੰਦ ਖੂੰਹਦ ਪ੍ਰਬੰਧਨ; ਫੀਡ ਨਿਰਮਾਣ ਕਾਰਜ; ਇਕ ਸਿਹਤ (ਮਨੁੱਖ, ਪਸ਼ੂ ਅਤੇ ਵਾਤਾਵਰਣ ਦਾ ਆਪਸੀ ਤਾਲਮੇਲ); ਡੇਅਰੀ ਪਸ਼ੂਆਂ ਲਈ ਦੇਸੀ / ਜੜ੍ਹੀ-ਬੂਟੀ ਇਲਾਜ ਵਿਸ਼ਿਆਂ ਬਾਰੇ ਹਨ। ਪਹਿਲੇ ਚਾਰ ਕੋਰਸ 10-ਦਿਨ ਦੀ ਮਿਆਦ ਦੇ ਹਨ ਜਦੋਂਕਿ ਬਾਕੀ 5 ਦਿਨ ਵਿਚ ਪੂਰੇ ਹੋਣਗੇ।
ਇਹ ਕੋਰਸ ਰਾਜ ਦੇ ਸਾਰੇ ਕਿਸਾਨਾਂ ਲਈ ਖੁੱਲੇ ਹਨ। ਚਾਹਵਾਨ ਡੇਅਰੀ ਕਿਸਾਨ ਇੱਕ ਨਿਰਧਾਰਤ ਫਾਰਮ ਯੂਨੀਵਰਸਿਟੀ ਦੀ ਵੈਬਸਾਈਟ (www.gadvasu.in) ਤੋਂ ਡਾਊਨਲੋਡ ਕਰਕੇ ਨਾਮ ਦਰਜ ਕਰ ਸਕਦੇ ਹਨ। ਭਰਿਆ ਫਾਰਮ ਡਾਕ ਜਾਂ ਵਿਅਕਤੀਗਤ ਤੌਰ ’ਤੇ ਵਿਭਾਗ ਦੇ ਦਫ਼ਤਰ ਵਿੱਚ ਜਮ੍ਹਾ ਕੀਤਾ ਜਾ ਸਕਦਾ ਹੈ। ਘੱਟੋ ਘੱਟ 20 ਅਰਜ਼ੀਆਂ ਪ੍ਰਾਪਤ ਕਰਨ ਤੋਂ ਬਾਅਦ, ਕਿਸਾਨਾਂ ਨੂੰ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਅਤੇ ਸਿਖਲਾਈ ਫੀਸਾਂ ਲਈ ਵੱਖਰੇ ਤੌਰ ’ਤੇ ਸੂਚਿਤ ਕੀਤਾ ਜਾਵੇਗਾ। ਫੀਸ ਯੂਨੀਵਰਸਿਟੀ ਦੇ ਬੈਂਕ ਖਾਤੇ ਵਿੱਚ ਆਨ-ਲਾਈਨ ਢੰਗ ਦੁਆਰਾ ਜਮ੍ਹਾਂ ਕੀਤੀ ਜਾ ਸਕਦੀ ਹੈ। ਹਰੇਕ ਸਿਖਲਾਈ ਪ੍ਰੋਗਰਾਮ ਲਈ ਲੈਕਚਰ ਗੂਗਲ ਮੀਟ ਜਾਂ ਜ਼ੂਮ ਐਪਸ ’ਤੇ ਰੋਜ਼ਾਨਾ 11.00 ਵਜੇ ਤੋਂ 2.00 ਵਜੇ ਤੱਕ ਦਿੱਤੇ ਜਾਣਗੇ। ਪ੍ਰੋਗਰਾਮ ਦੇ ਪੂਰਾ ਹੋਣ ’ਤੇ ਸਫਲ ਉਮੀਦਵਾਰਾਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਣਗੇ। ਵਧੇਰੇ ਜਾਣਕਾਰੀ ਲਈ ਕਿਸਾਨ 0161-2414026, 2414005 ਜਾਂ 2553364 ‘ਤੇ ਸੰਪਰਕ ਕਰ ਸਕਦੇ ਹਨ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: The Veterinary University trained the farmers in ‘Dairy Animal Breeding Management’