Seed Subsidy: ਪੰਜਾਬ ਨੂੰ ਕਣਕ-ਝੋਨੇ ਦੇ ਗੇੜ 'ਚੋਂ ਕੱਢਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 'ਫ਼ਸਲੀ ਵਿਭਿੰਨਤਾ' ਬਾਰੇ ਬਣੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਲਏ ਹਨ। ਸ਼ੁਰੂਆਤੀ ਦੌਰ ਵਿੱਚ ਨਰਮੇ ਹੇਠ ਰਕਬਾ ਵਧਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਬਾਸਮਤੀ ਦੀ ਫ਼ਸਲ ਦਾ ਸਰਕਾਰੀ ਭਾਅ ਤੈਅ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਕੈਬਨਿਟ ਸਬ-ਕਮੇਟੀ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸਿੰਚਾਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਪੰਜਾਬੀ ਟ੍ਰਿਬਿਊਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਮੇ ਦੇ ਬੀਜ 'ਤੇ 33 ਫ਼ੀਸਦੀ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੀ ਬਿਜਾਈ ਲਈ ਉਤਸ਼ਾਹਿਤ ਕੀਤਾ ਜਾ ਸਕੇ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਨਰਮੇ ਹੇਠਲੇ ਰਕਬੇ ਵਿੱਚ ਇੱਕ ਲੱਖ ਹੈਕਟੇਅਰ ਦਾ ਵਾਧਾ ਕਰਨ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ : Government Subsidy: ਕਣਕ ਦੇ ਬੀਜ ਦੀ ਸਬਸਿਡੀ ਦੀ ਵੰਡ ਪਾਲਿਸੀ, ਇਸ ਤਰ੍ਹਾਂ ਭਰੋ ਬਿਨੈ ਪੱਤਰ
ਸਰਕਾਰ 'ਤੇ ਪਵੇਗਾ ਵਾਧੂ ਬੋਝ
ਨਰਮੇ ਦੇ ਬੀਜ 'ਤੇ ਸਬਸਿਡੀ ਦੇਣ ਨਾਲ ਸਰਕਾਰ 'ਤੇ ਕਰੀਬ 60 ਤੋਂ 100 ਕਰੋੜ ਰੁਪਏ ਦਾ ਬੋਝ ਪਵੇਗਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਤੋਂ ਮਨਜ਼ੂਰਸ਼ੁਦਾ ਬੀਜ ਕਿਸਾਨਾਂ ਨੂੰ ਸਰਕਾਰ ਵੱਲੋਂ ਸਬਸਿਡੀ 'ਤੇ ਦਿੱਤੇ ਜਾਣਗੇ। ਇਸੇ ਤਰ੍ਹਾਂ ਬਾਸਮਤੀ ਦੀ ਫਸਲ ਦਾ ਸਰਕਾਰੀ ਭਾਅ 2655 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਆਮ ਤੌਰ 'ਤੇ ਬਾਸਮਤੀ ਦਾ ਭਾਅ 2400 ਤੋਂ 2900 ਰੁਪਏ ਪ੍ਰਤੀ ਕੁਇੰਟਲ ਰਹਿੰਦਾ ਹੈ। ਪਿਛਲੇ ਸਾਲ ਇਹ ਭਾਅ 3200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਸੀ।
ਸਿੰਜਾਈ ਮਹਿਕਮੇ ਨੂੰ ਹਦਾਇਤ
ਮੁੱਖ ਮੰਤਰੀ ਨੇ ਸਿੰਚਾਈ ਵਿਭਾਗ ਨੂੰ 1 ਅਪਰੈਲ ਤੋਂ ਨਰਮਾ ਪੱਟੀ ਵਿੱਚ ਨਹਿਰੀ ਪਾਣੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਮੀਟਿੰਗ ਤੋਂ ਬਾਅਦ ਸਿੰਚਾਈ ਮੰਤਰੀ ਮੀਤ ਹੇਅਰ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਨਰਮਾ ਪੱਟੀ ਵਿੱਚ ਨਹਿਰੀ ਪਾਣੀ ਨੂੰ ਸਮੇਂ ਸਿਰ ਉਪਲਬਧ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਕਾਸ਼ਤ ਅਧੀਨ ਰਕਬਾ ਕਾਫ਼ੀ ਘੱਟ ਗਿਆ ਹੈ, ਜਿਸ ਨਾਲ ਫਸਲੀ ਵਿਭਿੰਨਤਾ ਦੇ ਟੀਚੇ ਨੂੰ ਘੱਟ ਕੀਤਾ ਗਿਆ ਹੈ। ਸਾਲ 1990-91 ਵਿੱਚ ਨਰਮੇ ਹੇਠ ਰਿਕਾਰਡ ਰਕਬਾ 7.01 ਲੱਖ ਹੈਕਟੇਅਰ ਸੀ, ਜਦੋਂਕਿ 2006-07 ਵਿੱਚ ਨਰਮੇ ਦਾ ਰਿਕਾਰਡ 27 ਲੱਖ ਗੱਠਾਂ ਦਾ ਉਤਪਾਦਨ ਹੋਇਆ ਸੀ। ਪਿਛਲੇ ਸਾਲ 2022-23 ਵਿੱਚ ਖੇਤੀ ਹੇਠਲਾ ਰਕਬਾ ਘਟ ਕੇ 2.41 ਲੱਖ ਹੈਕਟੇਅਰ ਰਹਿ ਗਿਆ ਸੀ ਅਤੇ ਸਿਰਫ਼ 4.54 ਲੱਖ ਗੱਠਾਂ ਹੀ ਪੈਦਾ ਹੋਈਆਂ ਸਨ। ਪੰਜਾਬ ਸਰਕਾਰ ਹੁਣ ਇੱਕ ਲੱਖ ਹੈਕਟੇਅਰ ਹੋਰ ਵਧਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਬੀਜ ਦੀ ਸਬਸਿਡੀ ਮੌਕੇ 'ਤੇ ਹੀ ਮੁਹੱਈਆ ਕਾਰਵਾਈ ਜਾਵੇਗੀ: ਧਾਲੀਵਾਲ
ਨਰਮੇ ਹੇਠ ਰਕਬਾ ਵਧਾਇਆ ਜਾਵੇਗਾ: ਧਾਲੀਵਾਲ
ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਲਈ ਨਰਮੇ ਹੇਠਲਾ ਰਕਬਾ ਵਧਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਪਾਹ ਦੇ ਬੀਜ 'ਤੇ 33 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬਾਸਮਤੀ ਦਾ ਘੱਟੋ ਘੱਟ ਸਮਰਥਨ ਮੁੱਲ ਵੀ ਤੈਅ ਕੀਤਾ ਜਾਵੇਗਾ। ਖੇਤੀ ਮੰਤਰੀ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਨਹਿਰੀ ਪਾਣੀ ਦੇਣ ਬਾਰੇ ਵੀ ਫ਼ੈਸਲੇ ਲਏ ਗਏ ਹਨ।
Summary in English: Subsidy on cotton seed by Punjab Government, Basmati MSP to be decided: Dhaliwal