MoU Sign: ਪੀ.ਏ.ਯੂ. ਨੇ ਇੰਡੀਅਨ ਫਾਰਮ ਫੌਰੈਸਟਰੀ ਡਿਵਲਪਮੈਂਟ ਕੋਆਪਰੇਟਿਵ ਲਿਮਿਟਡ ਪੰਜਾਬ ਨਾਲ ਇਕ ਸਮਝੌਤੇ ਉੱਪਰ ਦਸਤਖਤ ਕੀਤੇ। ਇਸ ਅਨੁਸਾਰ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਮਿਰਚਾਂ ਦੀ ਹਾਈਬ੍ਰਿਡ ਕਿਸਮ ਸੀ ਐੱਚ-27 ਦੇ ਬੀਜ ਉਤਪਾਦਨ ਦੇ ਅਧਿਕਾਰ ਸੰਬੰਧਿਤ ਫਰਮ ਨੂੰ ਦਿੱਤੇ ਗਏ।
ਸਮਝੌਤੇ ਦੀਆਂ ਸ਼ਰਤਾਂ ਉੱਪਰ ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਆਈ ਐੱਫ ਐੱਫ ਡੀ ਸੀ ਦੇ ਸ਼੍ਰੀ ਕੇ ਐੱਸ ਸੰਧੂ ਨੇ ਦਸਤਖਤ ਕੀਤੇ। ਇਸ ਮੌਕੇ ਕੁਦਰਤੀ ਸਰੋਤ ਦੇ ਅਪਰ ਨਿਰਦੇਸ਼ਕ ਖੋਜ ਡਾ. ਪੁਸ਼ਪਿੰਦਰਪਾਲ ਸਿੰਘ ਪੰਨੂ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਵਪਾਰੀਕਰਨ ਦੀ ਇਸ ਸੰਧੀ ਦੇ ਸਿਰੇ ਚੜ੍ਹਨ ਲਈ ਸੀਨੀਅਰ ਸਬਜ਼ੀ ਵਿਗਿਆਨੀ ਡਾ. ਸੇਲੇਸ਼ ਜਿੰਦਲ ਨੂੰ ਵਧਾਈ ਦਿੱਤੀ।
ਡਾ. ਜਿੰਦਲ ਨੇ ਦੱਸਿਆ ਕਿ ਸੀ ਐੱਚ-27 ਮਿਰਚਾਂ ਦੀ ਦੋਗਲੀ ਕਿਸਮ ਹੈ ਜੋ ਪੱਤਾ ਮਰੋੜ ਵਾਇਰਸ ਦਾ ਸਹਾਮਣਾ ਕਰਨ ਦੀ ਸਮਰਥਾ ਰੱਖਦੀ ਹੈ। ਇਸ ਤੋਂ ਇਲਾਵਾ ਇਸ ਕਿਸਮ ਵਿਚ ਫਲਾਂ ਦੇ ਗਾਲ੍ਹੇ ਅਤੇ ਜੜ੍ਹਾਂ ਦੀਆਂ ਗੰਢਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਦੀ ਯੋਗਤਾ ਵੀ ਹੈ।
ਇਹ ਵੀ ਪੜ੍ਹੋ: DAP ਦੀ ਸੁਚੱਜੀ ਵਰਤੋਂ ਬਾਰੇ ਕਿਸਾਨਾਂ ਨੂੰ ਸੁਝਾਅ
ਇਸਦੇ ਪੌਦੇ ਵੱਡੇ ਹੁੰਦੇ ਹਨ ਅਤੇ ਫਲ ਨੂੰ ਲੰਮੇ ਸਮੇਂ ਤੱਕ ਤੋੜਨ ਲਈ ਰੱਖਿਆ ਜਾ ਸਕਦਾ ਹੈ। ਫਲਾਂ ਦਾ ਰੰਗ ਹਲਕਾ ਹਰਾ ਹੁੰਦਾ ਹੈ ਅਤੇ ਇਸ ਵਿਚ ਤਿੱਖੇਪਣ ਦੀ ਮਾਤਰਾ ਦਰਮਿਆਨੀ ਹੁੰਦੀ ਹੈ। ਇਹ ਕਿਸਮ ਮਿਰਚਾਂ ਦਾ ਪਾਊਡਰ ਬਨਾਉਣ ਅਤੇ ਪ੍ਰੋਸੈਸਿੰਗ ਲਈ ਬੇਹੱਦ ਢੁੱਕਵੀਂ ਹੈ। ਉਹਨਾਂ ਕਿਹਾ ਕਿ ਇਸ ਕਿਸਮ ਨੂੰ ਦੇਸ਼ ਭਰ ਦੇ ਕਿਸਾਨਾਂ ਨੇ ਬੇਹੱਦ ਸਤਿਕਾਰੀਆ ਹੈ।
ਇਹ ਵੀ ਪੜ੍ਹੋ: ਆਲੂਆਂ ਦੀਆਂ ਬਿਮਾਰੀਆਂ ਲਈ ਕਿਸਾਨਾਂ ਨੂੰ ਸਲਾਹ
ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਪੀ.ਏ.ਯੂ. ਨੇ ਆਪਣੇ ਭਾਗੀਦਾਰਾਂ ਦੇ ਲਾਭ ਅਤੇ ਕਿਸਾਨਾਂ ਦੇ ਮੁਨਾਫ਼ੇ ਲਈ ਬੇਹੱਦ ਢੁਕਵੀਆਂ ਮਿਰਚਾਂ ਦੀਆਂ ਕਿਸਮਾਂ ਦਾ ਵਿਕਾਸ ਕੀਤਾ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Sign MoU for Commercialization of Chillies