
ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਆਯੋਜਿਤ
Kisan Mela: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਡਾ. ਡੀ. ਆਰ. ਭੂੰਬਲਾ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਖੜੀ ਵਿਖੇ “ਵਿਗਿਆਨਿਕ ਖੇਤੀ ਦੇ ਰੰਗ, ਪੀ.ਏ.ਯੂ. ਦੇ ਕਿਸਾਨ ਮੇਲਿਆਂ ਸੰਗ” ਉਦੇਸ਼ ਨੂੰ ਲੈ ਕੇ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ।

ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਆਯੋਜਿਤ
ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ, ਮਾਨਯੋਗ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਵਜੋਂ ਅਤੇ ਸ਼੍ਰੀਮਤੀ ਸੰਤੋਸ਼ ਕਟਾਰੀਆ, ਮੈਂਬਰ ਵਿਧਾਨ ਸਭਾ, ਹਲਕਾ ਬਲਾਚੌਰ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ। ਕਿਸਾਨ ਮੇਲੇ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਕੀਤੀ। ਇਹਨਾਂ ਤੋਂ ਇਲਾਵਾ ਸ. ਨਵਜੋਤ ਪਾਲ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ, ਸ. ਸਤਨਾਮ ਸਿੰਘ ਜਲਾਲਪੁਰ, ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ, ਸ. ਸਤਨਾਮ ਸਿੰਘ ਜਲਵਾਹਾ, ਚੇਅਰਮੈਨ, ਇੰਪਰੂਵਮੈਂਟ ਟਰੱਸਟ, ਸ਼ਹੀਦ ਭਗਤ ਸਿੰਘ ਨਗਰ ਅਤੇ ਸ. ਹਰਪ੍ਰੀਤ ਸਿੰਘ ਕਾਹਲੋਂ, ਸੂਬਾ ਸਕੱਤਰ ਪੰਜਾਬ ਅਤੇ ਆਬਜ਼ਰਵਰ ਹਲਕਾ ਗੜਸ਼ੰਕਰ ਵੀ ਕਿਸਾਨ ਮੇਲੇ ਵਿੱਚ ਸ਼ਾਮਲ ਹੋਏ।

ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਆਯੋਜਿਤ
ਇਸ ਮੌਕੇ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਸਾਨਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪੀ.ਏ.ਯੂ. ਵਿਗਿਆਨੀਆਂ ਅਤੇ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਸਦਕਾ ਹੀ ਅਸੀਂ ਰੰਗਲੇ ਪੰਜਾਬ ਦਾ ਸੁਪਨਾ ਪੂਰਾ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨੀ ਸੰਬੰਧੀ ਸਮੱਸਿਆਵਾਂ ਨੂੰ ਨੱਜਿਠਣ ਲਈ ਕਿਸਾਨ ਮਿਲਣੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਜ਼ਮੀਨੀ ਹਕੀਕਤਾਂ ਦਾ ਪਤਾ ਲਗਾ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਪੀ.ਏ.ਯੂ. ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਥੋੜ੍ਹੇ ਰਕਬੇ ਵਿੱਚੋਂ ਵੱਧ ਉਤਪਾਦਨ ਅਤੇ ਵੱਧ ਮੁਨਾਫ਼ਾ ਕਿਵੇਂ ਲੈਣਾ ਹੈ ਇਸ ਲਈ ਸਾਨੂੰ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਤੇ ਵਿਕਸਿਤ ਕੀਤੇ ਨਵੀਨ ਮਾਡਲਾਂ ਨੂੰ ਅਪਣਾਉਣ ਦੀ ਲੋੜ ਹੈ। ਕੰਢੀ ਖੇਤਰ ਵਿੱਚ ਪੀ.ਏ.ਯੂ. ਵੱਲੋਂ ਸ਼ੁਰੂ ਕੀਤੇ ਖੇਤੀਬਾੜੀ ਕਾਲਜ ਦੀ ਇਲਾਕੇ ਦੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਾਡੇ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਪ੍ਰਵਾਸ ਕਰਨ ਦੀ ਹੋੜ ਨੂੰ ਛੱਡ ਕੇ ਖੇਤੀ ਸਿੱਖਿਆ ਵਿੱਚ ਮੁਹਾਰਤ ਹਾਸਲ ਕਰਨਗੇ ਅਤੇ ਖੇਤੀਬਾੜੀ ਵਿਭਾਗ ਵਿੱਚ ਨੌਕਰੀਆਂ ਹਾਸਲ ਕਰਕੇ ਪੰਜਾਬ ਦੀ ਕਿਸਾਨੀ ਦਾ ਭਲਾ ਕਰ ਸਕਣਗੇ।
ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਬੀਜਣ ਦੀ ਅਪੀਲ ਕਰਦਿਆਂ ਸੰਯੁਕਤ ਖੇਤੀ ਪ੍ਰਣਾਲੀ ਦੇ ਮਾਡਲ ਨੂੰ ਅਪਣਾਉਣ ਲਈ ਕਿਹਾ ਜਿਸ ਵਿੱਚ ਢਾਈ ਕਿੱਲਿਆਂ ਦੇ ਰਕਬੇ ਤੋਂ ਸਾਢੇ ਚਾਰ ਲੱਖ ਰੁਪਏ ਤੋਂ ਵੱਧ ਸਲਾਨਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਰੂੜੀ, ਹਰੀ ਖਾਦ ਅਤੇ ਜੈਵਿਕ ਖਾਦਾਂ ਦੀ ਵਰਤੋਂ ਤੇ ਜ਼ੋਰ ਦਿੰਦਿਆਂ ਉਹਨਾਂ ਨੇ ਕੁਦਰਤੀ ਸੋਮਿਆਂ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਕਰਨ ਲਈ ਕਿਹਾ। ਚੰਗੀ ਸਿਹਤ ਨੂੰ ਬਰਕਰਾਰ ਰੱਖਣ ਲਈ ਉਹਨਾਂ ਨੇ ਘਰੇਲੂ ਪੱਧਰ ’ਤੇ ਆਰਗੈਨਿਕ ਸਬਜ਼ੀਆਂ ਪੈਦਾ ਕਰਨ ਅਤੇ ਦੁਧਾਰੂ ਪਸ਼ੂ ਰੱਖਣ ਦੀ ਸਿਫਾਰਸ਼ ਕਰਦਿਆਂ ਖੇਤੀ ਅਤੇ ਸਮਾਜਿਕ ਕਾਰਜਾਂ ਲਈ ਬੇਲੋੜੇ ਖਰਚੇ ਘਟਾਉਣ ਅਤੇ ਕਰਜ਼ਿਆਂ ਤੋਂ ਬਚਣ ਲਈ ਕਿਹਾ। ਨੌਜਵਾਨ ਪੀੜ੍ਹੀ ਨੂੰ ਖੇਤੀ ਧੰਦੇ ਨਾਲ ਜੁੜਨ ਦੀ ਅਪੀਲ ਕਰਦਿਆਂ ਉਹਨਾਂ ਖੇਤੀ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਆ ਤਾਂ ਜੋ ਗਿਆਨ ਵਿਗਿਆਨ ਦੇ ਹਾਣੀ ਬਣ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ: Amritsar ਦੇ ਨਾਗਕਲਾਂ ਤੋਂ Kisan Mela ਸ਼ੁਰੂ, ਬੀਜ ਲੈਣ ਲਈ ਇਸ ਨੰਬਰ 'ਤੇ ਕਰੋ ਸੰਪਰਕ

ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਆਯੋਜਿਤ
ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਨਵੀਆਂ ਉਤਪਾਦਨ ਅਤੇ ਸੁਰੱਖਿਆਂ ਤਕਨੀਕਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆਂ ਕਿ ਪੀ.ਏ.ਯੂ. ਵਿਗਿਆਨੀਆਂ ਵੱਲੋਂ ਹੁਣ ਤੱਕ 900 ਖੇਤ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਹਨਾਂ ਵਿੱਚੋਂ 240 ਕਿਸਮਾਂ ਨੇ ਰਾਸ਼ਟਰੀ ਪੱਧਰ ’ਤੇ ਪ੍ਰਮੁੱਖਤਾ ਹਾਸਲ ਕੀਤੀ ਹੈ। ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਕਣਕ ਦੀ ਪ੍ਰਮੁੱਖ ਕਿਸਮ ਪੀ.ਬੀ.ਡਬਲਯੂ. 826 ਜਿਸ ਨੇ ਕਲਕੱਤੇ ਤੋਂ ਜੰਮੂ ਤੱਕ ਆਪਣੀ ਧਾਂਕ ਜਮਾਈ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਣਕ ਦੀਆਂ ਨਵੀਆਂ ਕਿਸਮਾਂ ਪੀ.ਬੀ.ਡਬਲਯੂ. ਆਰ.ਐੱਸ. 1, ਪੀ.ਬੀ.ਡਬਲਯੂ. ਜ਼ਿੰਕ 2 ਅਤੇ ਪੰਜਾਬ ਚਪਾਤੀ 1 ਤੋਂ ਇਲਾਵਾ ਛੋਲਿਆਂ ਦੀ ਕਿਸਮ ਪੀ.ਬੀ.ਜੀ. 10, ਮਟਰ ਦੀ ਕਿਸਮ ਆਈ.ਪੀ.ਐੱਫ. 1212 ਅਤੇ ਚਾਰੇ ਦੀ ਕਿਸਮ ਜੇ 1008 ਬਾਰੇ ਵੀ ਚਾਨਣਾ ਪਾਇਆ। ਭੂਮੀ ਦੀ ਸਿਹਤ ਸੰਭਾਲ ਅਤੇ ਕੁਦਰਤੀ ਸੋਮਿਆਂ ਦੇ ਰੱਖ ਰਖਾਅ ਲਈ ਪੀ.ਏ.ਯੂ. ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਪੀਲੀ ਕੁੰਗੀ ਦੇ ਹਮਲੇ ਤੋਂ ਬਚਣ ਲਈ ਪੀ.ਏ.ਯੂ. ਵੱਲੋਂ ਸਿਫਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਬੀਜਣ ਲਈ ਕਿਹਾ।

ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਆਯੋਜਿਤ
ਇਸ ਮੌਕੇ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਕਿਸਾਨਾਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਦਾ ਨਿੱਘਾ ਜੀਅ ਆਇਆਂ ਕਰਦਿਆਂ ਕਿਹਾ ਕਿ ਵਿਗਿਆਨਿਕ ਲੀਹਾਂ ਤੇ ਖੇਤੀ ਕਰਕੇ ਹੀ ਅਸੀਂ ਆਪਣੀ ਆਮਦਨ ਵਧਾ ਸਕਦੇ ਹਾਂ। ਉਹਨਾਂ ਕਿਹਾ ਕਿ ਹੁਣ ਸਾਨੂੰ ਵਰ੍ਹੇ-ਛਿਮਾਹੀ ਆਮਦਨ ਦੇਣ ਵਾਲੀਆਂ ਰਵਾਇਤੀ ਫਸਲਾਂ ਤੋਂ ਹੱਟ ਕੇ ਸਬਜ਼ੀਆਂ ਅਤੇ ਫਲ ਉਤਪਾਦਨ ਦੇ ਨਾਲ-ਨਾਲ ਡੇਅਰੀ ਪਾਲਣ, ਮੁਰਗੀ ਪਾਲਣ, ਖੁੰਭ ਉਤਪਾਦਨ ਅਤੇ ਸ਼ਹਿਦ ਮੱਖੀ ਪਾਲਣ ਵਰਗੇ ਸਹਾਇਕ ਧੰਦੇ ਅਪਣਾਉਣ ਦੀ ਲੋੜ ਹੈ ਤਾਂ ਜੋ ਸਾਨੂੰ ਰੋਜ਼ਾਨਾ ਆਮਦਨ ਹਾਸਲ ਹੋ ਸਕੇ। ਇਸ ਮੌਕੇ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਕਿਸਾਨਾਂ ਨੂੰ ਪੀ.ਏ.ਯੂ. ਵਿਗਿਆਨੀਆਂ ਦੀਆਂ ਸਿਫਾਰਸ਼ਾਂ ਮੁਤਾਬਕ ਖੇਤੀ ਕਰਨ ਲਈ ਪ੍ਰੇਰਿਆ।

ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਆਯੋਜਿਤ
ਪੀ.ਏ.ਯੂ. ਦੇ ਖੇਤੀ ਮਾਹਿਰਾਂ ਨੇ ਤਕਨੀਕੀ ਸ਼ੈਸ਼ਨ ਦੌਰਾਨ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਸਾਨਾਂ ਦੀਆਂ ਖੇਤੀ ਸੰਬੰਧਿਤ ਸਮੱਸਿਆਵਾਂ ਦੇ ਸੁਯੋਗ ਹੱਲ ਸੁਝਾਏ। ਡਾ. ਮਨਮੋਹਨਜੀਤ ਸਿੰਘ, ਡੀਨ, ਖੇਤੀਬਾੜੀ ਕਾਲਜ, ਬੱਲੋਵਾਲ ਸੌਖੜੀ ਨੇ ਕਾਲਜ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਮੰਚ ਸੰਚਾਲਨ ਡਾ. ਗੁਰਵਿੰਦਰ ਸਿੰਘ, ਪਸਾਰ ਵਿਗਿਆਨੀ, ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਖੜੀ ਅਤੇ ਡਾ. ਤਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ, ਪੀ.ਏ.ਯੂ. ਨੇ ਕੀਤਾ। ਡਾ. ਰਿਆੜ ਨੇ ਦੱਸਿਆ ਕਿ ਪੀ.ਏ.ਯੂ. ਦੇਸ਼ ਭਰ ਦੀਆਂ 65 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪਹਿਲੇ ਨੰਬਰ ’ਤੇ ਆਈ ਹੈ ਜਿਸ ਦਾ ਸਿਹਰਾ ਪੀ.ਏ.ਯੂ. ਵਿਗਿਆਨੀਆਂ ਅਤੇ ਪੰਜਾਬ ਦੇ ਕਿਸਾਨਾਂ ਨੂੰ ਜਾਂਦਾ ਹੈ। ਖੇਤੀ ਸਾਹਿਤ ਨਾਲ ਵੱਧ ਤੋਂ ਵੱਧ ਜੁੜਨ ਦੀ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਵਿਗਿਆਨਕ ਲੀਹਾਂ ਤੇ ਖੇਤੀ ਕਰਕੇ ਹੀ ਅਸੀਂ ਆਪਣੀ ਆਮਦਨ ਵਿੱਚ ਇਜ਼ਾਫਾ ਕਰ ਸਕਦੇ ਹਾਂ।

ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਆਯੋਜਿਤ
ਇਸ ਮੌਕੇ ਡਾ. ਕੰਵਰ ਬਰਜਿੰਦਰ ਸਿੰਘ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਖੜੀ ਨੇ ਧੰਨਵਾਦ ਦੇ ਸ਼ਬਦ ਕਹੇ। ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਲੋਕ-ਨਾਚ ਭੰਗੜਾ ਵੀ ਪੇਸ਼ ਕੀਤਾ ਗਿਆ। ਯੂਨੀਵਰਸਿਟੀ ਵੱਲੋਂ ਲਗਾਈਆਂ ਖੇਤ ਪ੍ਰਦਰਸ਼ਨੀਆਂ, ਨੁੰਮਾਇਸ਼ਾਂ, ਬੀਜ ਵਿਕਰੀ ਕੇਂਦਰ, ਖੇਤੀ ਸਾਹਿਤ ਸਟਾਲ, ਸੈਲਫ-ਹੈਲਪ ਗਰੁੱਪਾਂ ਅਤੇ ਨਿੱਜੀ ਕੰਪਨੀਆਂ ਵੱਲੋਂ ਲਗਾਏ ਵੱਖ-ਵੱਖ ਸਟਾਲਾਂ ਤੇ ਕਿਸਾਨਾਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Punjab Kisan Mela in Ballowal Sonkhri