ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੇਂ ਖੇਤੀ ਐਕਟਾਂ ਵਿਰੁੱਧ ਸੰਵਿਧਾਨਿਕ ਅਤੇ ਕਾਨੂੰਨੀ ਪੱਧਰ ‘ਤੇ ਲੜਾਈ ਲੜਨ ਦਾ ਅਹਿਦ ਲੈਂਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਨਾਪਾਕ ਇਰਾਦਿਆਂ ਤੋਂ ਕਿਸਾਨਾਂ ਦੀ ਰਾਖੀ ਕਰਨ ਲਈ ਜੋ ਕੁਝ ਵੀ ਕਰਨਾ ਪਿਆ, ਉਹ ਕਰਨਗੇ।ਅੱਜ ਚੰਡੀਗੜ੍ਹ ਵਿੱਚ ਅਤੇ ਇਸ ਤੋਂ ਪਹਿਲਾਂ ਖਟਕੜ ਕਲਾਂ ਵਿਖੇ ਜਿੱਥੇ ਉਹ ਇਨ੍ਹਾਂ ਕਾਨੂੰਨਾਂ ਖ਼ਿਲਾਫ ਧਰਨੇ ‘ਤੇ ਬੈਠੇ, ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਗੈਰ-ਸੰਵਿਧਾਨਿਕ ਐਕਟਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਲਈ ਕਾਨੂੰਨੀ ਰਾਹ ਅਖ਼ਤਿਆਰ ਕਰਨ ਵਾਸਤੇ ਵਕੀਲਾਂ ਨਾਲ ਸਲਾਹ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੇ ਫੈਸਲੇ ‘ਤੇ ਮੁੜ ਗੌਰ ਕਰਨ ਲਈ ਮਜਬੂਰ ਕਰਨ ਅਤੇ ਇਨ੍ਹਾਂ ਨਵੇਂ ਕਾਨੂੰਨਾਂ ਵਿਰੁੱਧ ਲੜਾਈ ਲੜਣ ਲਈ ਅੰਦੋਲਨ ਅਤੇ ਕਾਨੂੰਨੀ ਲੜਾਈ ਨਾਲੋ-ਨਾਲ ਚਲਾਈ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਕਦੇ ਵੀ ਨਹੀਂ ਚਾਹੁੰਦੇ ਕਿ ਪੰਜਾਬ ਦਾ ਨੌਜਵਾਨ ਅਤੇ ਕਿਸਾਨ ਆਪਣੇ ਜਿਊਣ ਦੇ ਅਧਿਕਾਰ ਦੀ ਲੜਾਈ ਲੜਣ ਲਈ ਹਥਿਆਰ ਚੁੱਕੇ। ਉਨ੍ਹਾਂ ਨੇ ਸਾਵਧਾਨ ਕਰਦਿਆਂ ਕਿਹਾ ਕਿ ਇਨ੍ਹਾਂ ਨਵੇਂ ਕਾਨੂੰਨਾਂ ਨਾਲ ਸਰਹੱਦੀ ਸੂਬੇ ਪੰਜਾਬ ਦੀ ਸੁਰੱਖਿਆ ਖ਼ਤਰੇ ਵਿੱਚ ਪਵੇਗੀ ਕਿਉਂਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਹਮੇਸ਼ਾ ਹੀ ਗੜਬੜ ਫੈਲਾਉਣ ਦੇ ਮੌਕਿਆਂ ਦੀ ਤਾਕ ਵਿੱਚ ਰਹਿੰਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਤੇ ਸਮੇਂ ‘ਚ ਨਾਸਮਝੀ ਨਾਲ ਵਾਪਰੀ ਹਿੰਸਾ ‘ਚ ਪੰਜਾਬ ਦੀਆਂ 35000 ਜ਼ਿੰਦਗੀਆਂ ਅੱਤਵਾਦ ਦੀ ਭੇਟ ਚੜ੍ਹ ਗਈਆਂ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦਰਮਿਆਨ ਬੇਚੈਨੀ ਦੂਜੇ ਸੂਬਿਆਂ ਵਿੱਚ ਵੀ ਫੈਲ ਗਈ ਤਾਂ ਸਮੁੱਚਾ ਮੁਲਕ ਆਈ.ਐਸ.ਆਈ. ਦੇ ਖ਼ਤਰੇ ਹੇਠ ਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਪਿੱਠੂ ਤਾਕਤਾਂ ਭਾਰਤ ਵਿੱਚ ਰੋਸ ਪੈਦਾ ਕਰਨ ਲਈ ਵਾਹ ਲਾਉਣਗੀਆਂ। ਪਿਛਲੇ ਮਹੀਨਿਆਂ ਵਿੱਚ ਪੰਜਾਬ ‘ਚ 150 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਅਤੇ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਜੋ ਨਵੇਂ ਖੇਤੀ ਕਾਨੂੰਨ ਅਜਿਹਾ ਹੋਣ ਦੀ ਸੰਭਾਵਨਾ ਪੈਦਾ ਕਰਦੇ ਹਨ।
ਅਡਾਨੀ ਵਰਗੇ ਵੱਡੇ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤੇ ਜਾਣ ਦੀ ਸਖ਼ਤ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਕੀ ਅਡਾਨੀ ਗਰੀਬ ਭਾਰਤੀਆਂ ਨੂੰ ਸਸਤਾ ਭੋਜਨ ਦੇਵੇਗਾ?” ਉਨ੍ਹਾਂ ਕਿਹਾ ਕਿ ਇਹ ਕਾਨੂੰਨ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨੂੰ ਤਬਾਹ ਕਰਨ ਤੋਂ ਇਲਾਵਾ ਜਨਤਕ ਵੰਡ ਪ੍ਰਣਾਲੀ ਲਈ ਵੀ ਮਾਰੂ ਸਾਬਿਤ ਹੋਣਗੇ।
ਨਵੇਂ ਕਾਨੂੰਨਾਂ ਨੂੰ ਮੁਲਕ ਦੇ ਸੰਘੀ ਢਾਂਚੇ ‘ਤੇ ਡਾਕਾ ਮਾਰਨ ਵਾਲਾ ਕਦਮ ਦੱਸਦਿਆਂ ਮੁੱਖ ਮੰਤਰੀ ਨੇ ਇਨ੍ਹਾਂ ਖੇਤੀ ਬਿਲਾਂ ਦੇ ਕਾਨੂੰਨ ਬਣ ਜਾਣ ਨੂੰ ਪੰਜਾਬ ਲਈ ਕਾਲਾ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਪਹਿਲਾਂ ਇਨ੍ਹਾਂ ਨੂੰ ਆਰਡੀਨੈਂਸ ਦੇ ਰਸਤੇ ਲਿਆਂਦਾ ਗਿਆ ਅਤੇ ਫਿਰ ਬਿਨਾਂ ਕੋਈ ਵਿਚਾਰ-ਚਰਚਾ ਕੀਤੇ ਸੰਸਦ ਵਿੱਚ ਜਬਰੀ ਪਾਸ ਕੀਤਾ ਜਾਣਾ ਬਹੁਤ ਅਫਸੋਸਜਨਕ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਵੱਲੋਂ ਫੈਲਾਏ ਜਾ ਰਹੇ ਝੂਠ ਦੇ ਉਲਟ ਹਕੀਕਤ ਇਹ ਹੈ ਕਿ ਪੰਜਾਬ ਸਰਕਾਰ ਨੂੰ ਇਹ ਆਰਡੀਨੈਂਸ ਲਿਆਉਣ ਬਾਰੇ ਇਕ ਵਾਰ ਵੀ ਨਹੀਂ ਦੱਸਿਆ ਗਿਆ।
Summary in English: Punjab Government makes big announcement regarding agriculture bills