ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੀਏਯੂ ਵਿਖੇ ਖੇਤੀਬਾੜੀ ਖੋਜ ਦੀ ਮੁੱਖ ਕੜੀ ਵਜੋਂ ਜਾਣੀ ਜਾਂਦੀ ਨਵੀਂ ਵਿਧੀ ਸਪੀਡ ਬਰੀਡਿੰਗ ਖੋਜ ਸਹੂਲਤ ਦਾ ਉਦਘਾਟਨ ਕੀਤਾ। ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਂਟਰੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਮੈਂਬਰ ਗੁਰਪ੍ਰੀਤ ਬੱਸੀ, ਸ. ਦਲਜੀਤ ਸਿੰਘ ਗਰੇਵਾਲ ਅਤੇ ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਖੇਤੀ ਖੇਤਰ ਵਿੱਚ ਪੀਏਯੂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਵਿੱਤ ਮੰਤਰੀ ਨੇ ਨਵੀਂ ਬਰੀਡਿੰਗ ਵਿਧੀ ਸਪੀਡ ਬਰੀਡਿੰਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਫਸਲੀ ਪੀੜ੍ਹੀਆਂ ਦੇ ਚੱਕਰ ਬਾਰੇ ਖੋਜ ਕਰਨ ਦੀ ਇਹ ਤਕਨੀਕ ਫਸਲ ਬਰੀਡੰਗ ਦੇ ਖੇਤਰ ਦਾ ਅਹਿਮ ਯੁੱਗ ਸਾਬਿਤ ਹੋਵੇਗੀ।
ਇਹ ਵਿਧੀ ਸਮੇਂ ਦੀ ਮੰਗ: ਹਰਪਾਲ ਸਿੰਘ ਚੀਮਾ
ਹਰਪਾਲ ਸਿੰਘ ਚੀਮਾ ਨੇ ਐਕਸਲ ਬ੍ਰੀਡ ਦੀ ਸਥਾਪਨਾ ਨੂੰ ਪੀਏਯੂ ਦੀ ਖੋਜ ਅਤੇ ਨਵੀਨਤਾ ਦੀ ਵਿਰਾਸਤ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਅਨੁਸਾਰ ਇਸ ਵਿਧੀ ਨੂੰ ਖੋਜ ਅਤੇ ਅਮਲ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਖੇਤੀ ਖੋਜਕਾਰਾਂ, ਨੀਤੀ ਨਿਰਮਾਤਾਵਾਂ ਅਤੇ ਕਿਸਾਨ ਭਾਈਚਾਰੇ ਨਾਲ ਜੁੜੇ ਲੋਕਾਂ ਨੂੰ ਪੰਜਾਬ ਦੀ ਖੇਤੀ ਨੂੰ ਮੁੜ ਸੁਰਜੀਤ ਕਰਨ ਲਈ ਸਾਂਝੇ ਉਪਰਾਲੇ ਕਰਨ ਲਈ ਕਿਹਾ। ਸੋਸ਼ਲ ਮੀਡੀਆ ਪਲੇਟਫਾਰਮ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਸਾਨਾਂ ਨੂੰ ਨਵੇਂ ਖੇਤੀ ਸੁਝਾਅ ਦੇਣ ਲਈ ਪੀਏਯੂ ਖੇਤੀਬਾੜੀ ਸਾਹਿਤ ਨੂੰ ਪੇਂਡੂ ਲਾਇਬ੍ਰੇਰੀਆਂ ਤੱਕ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਪੰਜਾਬ ਸਰਕਾਰ ਦੀ ਵਿਉਂਤਬੰਦੀ
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੰਡੀ ਨਾਲ ਸਬੰਧਤ ਧਿਰਾਂ ਨੂੰ ਜਾਗਰੂਕ ਕਰਨਾ ਅਤੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਅਤੇ ਕਰਜ਼ਾ ਸਕੀਮਾਂ ਬਾਰੇ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਗਲੇ ਦੋ-ਤਿੰਨ ਸਾਲਾਂ ਦੌਰਾਨ ਪੀਏਯੂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਬਾਰੇ ਜਾਣੂ ਹੈ ਅਤੇ ਪੀਏਯੂ ਇਸ ਨੂੰ ਖੋਜ ਅਤੇ ਵਿਕਾਸ ਦੇ ਪੱਖੋਂ ਮਜ਼ਬੂਤ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੀ ਖੇਤੀ ਦੀ ਬਿਹਤਰੀ ਸੰਭਵ ਹੋ ਸਕਦੀ ਹੈ।
ਬਰੀਡਿੰਗ ਸਹੂਲਤਾਂ ਖੇਤੀ ਲਈ ਮੀਲ ਪੱਥਰ
ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਨਵੀਆਂ ਬਰੀਡਿੰਗ ਸਹੂਲਤਾਂ ਨੂੰ ਖੇਤੀਬਾੜੀ ਦੇ ਸਫ਼ਰ ਵਿੱਚ ਇੱਕ ਮੀਲ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ 2050 ਤੱਕ 10 ਅਰਬ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਦਾ ਇਹ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਉਨ੍ਹਾਂ ਨੇ ਐਕਸਲਬ੍ਰੀਡ ਨੂੰ ਨਾ ਸਿਰਫ਼ ਇੱਕ ਨਵੀਂ ਖੋਜ ਤਕਨੀਕ ਸਗੋਂ ਪੰਜਾਬ ਵਿੱਚ ਖੇਤੀ ਵਿਭਿੰਨਤਾ ਦੀ ਕੁੰਜੀ ਦੱਸਿਆ।
ਇਤਿਹਾਸਕ ਮੋੜ ਆਉਣ ਦੀ ਸੰਭਾਵਨਾ
ਪੀਏਯੂ ਦੀਆਂ ਖੋਜ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੰਨੇ, ਆਲੂ ਅਤੇ ਫਲਦਾਰ ਫਸਲਾਂ ਵਿੱਚ ਸਪੀਡ ਬਰੀਡਿੰਗ ਵਿਧੀ ਨੂੰ ਲਾਗੂ ਕਰਨ ਨਾਲ ਖੇਤੀ ਸੰਭਾਵਨਾਵਾਂ ਵਿੱਚ ਇਤਿਹਾਸਕ ਮੋੜ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਸਪੀਡ ਬਰੀਡਿੰਗ ਤਕਨੀਕ ਰਾਹੀਂ ਕਣਕ, ਝੋਨਾ, ਬਰਾਸਿਕਾ, ਮਟਰ ਅਤੇ ਛੋਲਿਆਂ 'ਤੇ ਕੀਤੇ ਖੋਜ ਪ੍ਰਯੋਗਾਂ ਬਾਰੇ ਦੱਸਿਆ।
ਇਹ ਵੀ ਪੜੋ: Haryana ਦੇ Gurugram ਜ਼ਿਲ੍ਹੇ ਵਿੱਚ Krishi Jagran ਵੱਲੋਂ MFOI Samridh Kisan Uttsav ਦਾ ਆਯੋਜਨ
ਕਣਕ ਦੀ ਵਾਢੀ 60-65 ਦਿਨਾਂ ਵਿੱਚ ਸੰਭਵ
ਉਨ੍ਹਾਂ ਦੱਸਿਆ ਕਿ ਐਕਸਲਬ੍ਰੀਡ ਵਿਧੀ ਰਾਹੀਂ ਕਣਕ ਦੀ ਵਾਢੀ 60-65 ਦਿਨਾਂ ਵਿਚ ਹੋ ਸਕੇਗੀ। ਇਸੇ ਤਰ੍ਹਾਂ ਝੋਨਾ, ਬਰੈਸਿਕਾ ਅਤੇ ਮਟਰ ਦੀ ਕਾਸ਼ਤ ਦੇ ਸਮੇਂ ਵਿੱਚ ਤੇਜ਼ੀ ਲਿਆਂਦੀ ਜਾ ਸਕਦੀ ਹੈ। ਇਸ ਤਕਨੀਕ ਰਾਹੀਂ ਨਾ ਸਿਰਫ਼ ਵਾਤਾਵਰਣ ਪੱਖੀ ਖੇਤੀ ਸੰਭਵ ਹੋਵੇਗੀ, ਸਗੋਂ ਮੁੱਖ ਫ਼ਸਲਾਂ ਦੀਆਂ ਕਿਸਮਾਂ ਦੀ ਕਾਸ਼ਤ ਵਿੱਚ ਤੇਜ਼ੀ ਲਿਆ ਕੇ ਵਿਸ਼ਵ ਭਰ ਵਿੱਚ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਖੋਜਾਂ ਦੇ ਹੋਰ ਖੇਤਰਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਵਾਤਾਵਰਣ ਅਨੁਕੂਲ ਤਕਨਾਲੋਜੀ, ਜੀਨੋਮ ਸੰਪਾਦਨ, ਬਾਇਓਸੈਂਸਰ, ਸੂਖਮ ਖੇਤੀਬਾੜੀ ਅਤੇ ਮਸਨੂਈ ਬੌਧਿਕਤਾ ਆਦਿ ਪ੍ਰਮੁੱਖ ਹਨ।
ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਸਪੀਡ ਬਰੀਡਿੰਗ ਸਲੂਹਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਭਾਰਤ ਦੇ ਬਾਇਓਤਕਨਾਲੋਜੀ ਵਿਭਾਗ ਦੀ ਇਮਦਾਦ ਨਾਲ ਐਕਸਲਬਰੀਡਿੰਗ 541.87 ਵਰਗ ਮੀਟਰਾਂ ਅਤੇ 8 ਕੰਟਰੋਲਡ ਚੈਂਬਰਾਂ ਵਿਚ ਸਥਾਪਿਤ ਹੈ। ਇਹ ਵਾਤਾਵਰਣ ਦੇ ਪ੍ਰਭਾਵਾਂ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਸਵੈਚਾਲਿਤ ਪ੍ਰਬੰਧ ਜਿਨ੍ਹਾਂ ਵਿਚ ਰੌਸ਼ਨੀ, ਤਾਪ, ਹੁੰਮਸ ਆਦਿ ਹੈ ਨਾਲ ਲੈਸ ਹੈ। ਇਸ ਵਿਚ ਫਸਲ ਪੀੜੀਵਾਰ ਚੱਕਰ ਸਲਾਨਾ 5-8 ਚੱਕਰਾਂ ਤੱਕ ਸੰਭਵ ਹਨ। ਇਸ ਵਿਚ 40 ਹਜ਼ਾਰ ਪੌਦਿਆਂ ਉੱਪਰ ਮੁਆਫਕ ਸਥਿਤੀਆਂ ਵਿਚ ਖੋਜ ਕਰਨ ਦੀ ਸਮਰਥਾ ਹੈ। ਉਹਨਾਂ ਨੇ ਐਕਸਲਬਰੀਡ ਨੂੰ ਪੀ.ਏ.ਯੂ. ਵੱਲੋਂ ਕੀਤੀ ਜਾ ਰਹੀ ਖੋਜ ਦਾ ਅਹਿਮ ਅਧਿਆਇ ਕਿਹਾ ਜਿਸ ਨਾਲ ਪੰਜਾਬ ਦੀ ਖੇਤੀ ਵਿਭਿੰਨਤਾ ਨਵੀਂ ਦਿਸ਼ਾ ਵਿਚ ਤੁਰ ਸਕੇਗੀ।
Summary in English: Punjab Finance Minister Harpal Singh Cheema inaugurated speed breeding research facilities, now wheat harvest possible in 60-65 days