Good News: ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਅਗਵਾਈ ਹੇਠ ਸ਼ੁਰੂ ਕੀਤਾ ਪ੍ਰਾਜੈਕਟ ‘ਪਹੁੰਚ’ ਆਮ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ।
ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਪ੍ਰਕਾਸ਼ਿਤ ਕਿਤਾਬ ਵਿੱਚ 44 ਦੇ ਕਰੀਬ ਵਿਭਾਗਾਂ ਦੀਆਂ ਸਕੀਮਾਂ ਤੋਂ ਇਲਾਵਾ ਸੇਵਾ ਕੇਂਦਰ ਦੀਆਂ 400 ਦੇ ਲਗਭਗ ਸੇਵਾਵਾਂ ਦੀ ਜਾਣਕਾਰੀ ਦਰਜ ਹੈ, ਜਿਸ ਨਾਲ ਲੋਕਾਂ ਵਿੱਚ ਸਕੀਮਾਂ ਪ੍ਰਤੀ ਜਾਗਰੂਕਤਾ ਵਧ ਰਹੀ ਹੈ। ਬਰਨਾਲਾ ਸ਼ਹਿਰ ਵਿੱਚ ਫਰਵਾਹੀ ਬਾਜ਼ਾਰ ਵਿੱਚ ਕੌਮਨ ਸਰਵਿਸ ਸੈਂਟਰ (ਸੀਐੱਸਸੀ) ਚਲਾ ਰਹੇ ਸ੍ਰੀ ਵਿਕਾਸ ਗਰਗ ਨੇ ਕਿਹਾ, ‘‘ਪਹੁੰਚ ਉਪਰਾਲਾ ਈ ਗਵਰਨੈਂਸ ਦੇ ਖੇਤਰ ’ਚ ਵਰਦਾਨ ਹੈ, ਜਿਸ ਨਾਲ ਈ ਸੇਵਾ ਦਾ ਕੰਮ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਹੈ ਤੇ ਲੋਕਾਂ ਦੀ ਖੁਆਰੀ ਘਟੀ ਹੈ।
ਪਹਿਲਾਂ ਜਦੋਂ ਕੋਈ ਸਰਟੀਫਿਕੇਟ ਬਣਾਉਣਾ ਹੁੰਦਾ ਸੀ ਤਾਂ ਜਾਣਕਾਰੀ ਦੀ ਘਾਟ ਕਾਰਨ ਅਸੀਂ ਆਮ ਲੋਕਾਂ ਤੋਂ ਕਈ ਉਹ ਦਸਤਾਵੇਜ਼ ਮੰਗ ਲੈਂਦੇ ਸੀ ਜਿਨ੍ਹਾਂ ਦੀ ਜ਼ਰੂਰਤ ਨਹੀਂ ਸੀ ਹੁੰਦੀ। ਹੁਣ ਉਨ੍ਹਾਂ ਕੋਲ ਇਕ ਲਿਖਤੀ ਸਬੂਤ ਹੈ, ਹੁਣ ਉਹ ਉਹੀ ਦਸਤਾਵੇਜ਼ ਅਰਜ਼ੀ ਨਾਲ ਲਾਉਂਦੇ ਹਨ ਜੋ ਕਿਤਾਬ ਵਿੱਚ ਦਰਜ ਹਨ, ਇਸ ਨਾਲ ਹੁਣ ਦਸਤਾਵੇਜ਼ਾਂ ਦੀ ਘਾਟ ਕਾਰਨ ਅਰਜ਼ੀਆਂ ਰੱਦ ਹੋਣ ਦੀ ਦਰ ਬੇਹੱਦ ਘਟ ਗਈ ਹੈ।’’ ਉਨ੍ਹਾਂ ਇਸ ਉਪਰਾਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਪੀਏਯੂ ਦੇ Micronutrients Project ਨੂੰ ਮਿਲਿਆ Award
ਇਸ ਮੌਕੇ ਹਿਤੇਸ਼ ਕੁਮਾਰ ਵਾਸੀ ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦੇ ਜਨਮ ਸਰਟੀਫਿਕੇਟ ਵਿੱਚ ਦਰੁਸਤੀ ਕਰਵਾਉਣੀ ਸੀ, ਜਿਸ ਬਾਬਤ ਦੋ ਵਾਰ ਐਪਲੀਕੇਸ਼ਨ ਅਪਲੋਡ ਕੀਤੀ ਗਈ ਪਰ ਉਹ ਰੱਦ ਹੋ ਜਾਂਦੀ ਸੀ। ਇਸ ਮਗਰੋਂ ਉਹ ਕਾਮਨ ਸਰਵਿਸ ਸੈਂਟਰ ’ਤੇ ਗਏ, ਜਿੱਥੇ ਉਨ੍ਹਾਂ ਨੇ ‘ਪਹੁੰਚ’ ਕਿਤਾਬ ਵਿੱਚੋਂ ਦੇਖ ਕੇ ਦਸਤਾਵੇਜ਼ ਅਪਲੋਡ ਕੀਤੇ, ਜਿਸ ਨਾਲ ਜਨਮ ਸਰਟੀਫਿਕੇਟ ਦੋ ਦਿਨਾਂ ਦੇ ਅੰਦਰ ਦਰੁਸਤ ਹੋ ਕੇ ਆ ਗਿਆ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਦੇ ਭੰਬਲਭੂਸੇ ਕਾਰਨ ਲੋਕਾਂ ਨੂੰ ਸਰਟੀਫਕੇਟ ਬਣਾਉਣ ’ਚ ਬਹੁਤ ਖੱਜਲ-ਖੁਆਰੀ ਹੁੰਦੀ ਸੀ ਤੇ ਹੁਣ ਵੱਡੇ ਪੱਧਰ ’ਤੇ ਰਾਹਤ ਮਿਲੀ ਹੈੇ।
ਇਹ ਵੀ ਪੜ੍ਹੋ : ਗੰਨੇ ਦੀ Research ਅਤੇ Development ਲਈ ਵਿਚਾਰ-ਵਟਾਂਦਰਾ
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਆਈਏਐੱਸ ਨੇ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਦਾ ਲਾਭ ਅਸਲ ਲਾਭਪਾਤਰੀਆਂ ਨੂੰ ਪਹੁੰਚਾਉਣ ਲਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨਿਰਦੇਸ਼ਾਂ ਤਹਿਤ ਹੰਭਲਾ ਮਾਰਦੇ ਹੋਏ ਉਨ੍ਹਾਂ ਪ੍ਰਾਜੈਕਟ ‘ਪਹੁੰਚ’ ਦੀ ਸ਼ੁਰੂਆਤ ਕੀਤੀ ਹੈ।
ਇਸ ਅਧੀਨ ਪ੍ਰਕਾਸ਼ਿਤ ਕਿਤਾਬ ਪਿੰਡ ਪਿੰਡ ਤੇ ਘਰ ਘਰ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ, ਇਸ ਵਾਸਤੇ ਕਿਤਾਬ ਨੂੰ ਡਿਜੀਟਲ ਰੂਪ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ’ਤੇ ਅਪਲੋਡ ਕੀਤਾ ਗਿਆ ਹੈ ਤੇ ਕਿਊਆਰ ਕੋਡ ਵੀ ਸੇਵਾ ਕੇਂਦਰਾਂ ’ਤੇ ਵੱਖ ਵੱਖ ਥਾਵਾਂ ’ਤੇ ਲਗਾਇਆ ਗਿਆ ਹੈ। ਹੁਣ ਅਗਲੇ ਪੜਾਅ ਤਹਿਤ ਲੋਕਾਂ ਨੂੰ ‘ਪਹੁੰਚ’ ਐਪ ਦੀ ਸਹੂਲਤ ਦਿੱਤੀ ਜਾਣੀ ਹੈ ਤਾਂ ਜੋ ਕੋਈ ਵੀ ਵਿਅਕਤੀ ਸਰਕਾਰੀ ਸਕੀਮਾਂ ਦੀ ਜਾਣਕਾਰੀ ਤੋਂ ਵਾਂਝਾ ਨਾ ਰਹੇ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਬਰਨਾਲਾ (District Public Relations Office Barnala)
Summary in English: Project 'Pahunch' is beneficial for farmers and general public