ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਦੇ ਡੀਨ, ਪ੍ਰੋ. ਯਸ਼ਪਾਲ ਸਿੰਘ ਮਲਿਕ ਨੂੰ ਸੂਖਮ ਜੀਵ ਵਿਗਿਆਨ ਦੀ ਅਕਾਦਮੀ ਨੇ ਆਪਣੀ ਮਹੱਤਵਪੂਰਣ ਫੈਲੋਸ਼ਿਪ ਨਾਲ ਨਿਵਾਜਿਆ ਹੈ।
ਪ੍ਰੋ. ਮਲਿਕ ਨੂੰ ਇਹ ਸਨਮਾਨ ਸੂਖਮ ਜੀਵ ਵਿਗਿਆਨ ਦੇ ਖੇਤਰ ਵਿਚ ਵਰ੍ਹਿਆਂ ਬੱਧੀ ਮਹੱਤਵਪੂਰਣ ਕਾਰਗੁਜ਼ਾਰੀ ਦਰਸਾਉਣ ਕਾਰਣ ਦਿੱਤਾ ਗਿਆ ਹੈ।
ਪ੍ਰੋ. ਮਲਿਕ ਨੂੰ ਐਨੀਮਲ ਬਾਇਓਤਕਨਾਲੋਜੀ ਦੇ ਖੇਤਰ ਵਿਚ ਵੱਡਾ ਨਾਮਣਾ ਪ੍ਰਾਪਤ ਹੈ।ਉਹ ਰੋਗ ਉਪਜਾਊ ਜੀਵਾਣੂ, ਉਨ੍ਹਾਂ ਦੇ ਵਿਕਾਸ ਅਤੇ ਮਹਾਂਮਾਰੀ ਵਿਸ਼ਾਣੂਆਂ ਦੇ ਖੇਤਰ ਵਿਚ ਲਗਾਤਾਰ ਖੋਜਸ਼ੀਲ ਰਹੇ ਹਨ।ਉਨ੍ਹਾਂ ਨੇ ਹੁਣ ਤਕ 7 ਪੁਸਤਕਾਂ ਅਤੇ 227 ਵਿਗਿਆਨਕ ਖੋਜ ਪੱਤਰ ਦਿੱਤੇ ਹਨ ਜੋ ਕਿ ਬਹੁਤ ਨਾਮੀ ਖੋਜ ਪੱਤਿ੍ਰਕਾਵਾਂ ਵਿਚ ਪ੍ਰਕਾਸ਼ਿਤ ਹੋਏ ਹਨ।
ਉਹ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਕਈ ਸੰਸਥਾਵਾਂ ਨਾਲ ਜੁੜੇ ਹੋਏ ਹਨ ਜੋ ਕਿ ਵਿਸ਼ਾਣੂ ਵਿਗਿਆਨ ’ਤੇ ਕੰਮ ਕਰ ਰਹੀਆਂ ਹਨ।ਉਹ ਏਸ਼ੀਅਨ ਵੈਟਨਰੀ ਐਸੋਸੀਏਸ਼ਨ ਫੈਡਰੇਸ਼ਨ ਦੇ ਵਨ ਹੈਲਥ ਗਰੁੱਪ ਦੀ ਭਾਰਤ ਵਲੋਂ 2021 ਤੋਂ 2025 ਤਕ ਨੁਮਾਇੰਦਗੀ ਵੀ ਕਰ ਰਹੇ ਹਨ।
ਉਨ੍ਹਾਂ ਨੇ ਕਈ ਅੰਤਰ-ਰਾਸ਼ਟਰੀ ਵਿਗਿਆਨਕ ਮੁਹਾਜਾਂ ’ਤੇ ਮੁਲਕ ਦੀ ਨੁਮਾਇੰਦਗੀ ਕੀਤੀ ਹੈ ਅਤੇ ਆਪਣੀ ਪਛਾਣ ਸਥਾਪਿਤ ਕੀਤੀ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਪ੍ਰੋ. ਮਲਿਕ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Prof. of Veterinary University. Malik was awarded a fellowship