ਗੁਰੂ ਅੰਗਦ ਦੇਵ ਵੈਟਨਰੀ ( Guru Angad Dev Veterinary ) ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਮੁਰਗੀ ਪਾਲਣ ਸੰਬੰਧੀ 10 ਦਿਨਾ ਸਿਖਲਾਈ ਪ੍ਰੋਗਰਾਮ 14 ਦਸੰਬਰ ਤੋਂ ਸ਼ੁਰੂ ਹੋ ਗਿਆ ਹੈ। 24 ਦਸੰਬਰ ਤਕ ਚੱਲਣ ਵਾਲੇ ਇਸ ਸਿਖਲਾਈ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਵਿਚ ਸਿੱਖਿਆਰਥੀਆਂ ਨੂੰ ਮੁਰਗੀ ਪਾਲਣ ਸੰਬੰਧੀ ਬੁਨਿਆਦੀ ਸਿੱਖਿਆ ਦਿੱਤੀ ਜਾਵੇਗੀ
ਜਿਸ ਵਿਚ ਮੁਰਗੀਆਂ ਦੀਆਂ ਨਸਲਾਂ, ਖੁਰਾਕ, ਪ੍ਰਬੰਧਨ, ਸ਼ੈਡ ਤਿਆਰ ਕਰਨੇ, ਮੌਸਮੀ ਪ੍ਰਬੰਧ, ਰੋਸ਼ਨੀ ਦੀ ਜ਼ਰੂਰਤ, ਟੀਕਾਕਰਨ, ਬਿਮਾਰੀਆਂ ਬਾਰੇ ਜਾਣਕਾਰੀ ਤੇ ਬਚਾਅ, ਆਂਡਿਆਂ ਅਤੇ ਮੀਟ ਦੀ ਗੁਣਵੱਤਾ ਵਧਾਉਣ ਤੋਂ ਇਲਾਵਾ ਮੁਰਗੀਖਾਨੇ ਦੇ ਨਫ਼ੇ ਨੁਕਸਾਨ ਬਾਰੇ ਦੱਸਿਆ ਜਾਵੇਗਾ।ਕਿਤਾਬੀ ਗਿਆਨ ਅਤੇ ਲੈਕਚਰਾਂ ਤੋਂ ਇਲਾਵਾ ਵਿਹਾਰਕ ਸਿੱਖਿਆ ਦੇ ਕੇ ਸਿੱਖਿਆਰਥੀਆਂ ਨੂੰ ਪੰਛੀਆਂ ਨੂੰ ਸੰਭਾਲਣ, ਮੁੱਖ ਮਾਪਦੰਡਾਂ ਦੀ ਪਛਾਣ ਕਰਨ, ਬਿਮਾਰ ਅਤੇ ਸਿਹਤਮੰਦ ਪੰਛੀ ਦੀ ਪਛਾਣ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਸਿਖਲਾਈ ਦਾ ਮੁੱਖ ਮੰਤਵ ਮੁਰਗੀ ਪਾਲਣ ਵਿਚ ਰੁਚੀ ਰੱਖਦੇ ਨਵੇਂ ਸਿੱਖਿਆਰਥੀਆਂ ਨੂੰ ਬੁਨਿਆਦੀ ਜਾਣਕਾਰੀ ਅਤੇ ਸਹਾਇਤਾ ਦੇਣਾ ਹੈ ਤਾਂ ਜੋ ਉਹ ਆਪਣਾ ਕਿੱਤਾ ਸੁਚੱਜੇ ਢੰਗ ਨਾਲ ਸ਼ੁਰੂ ਕਰਕੇ ਚਲਾ ਸਕਣ।ਕੋਵਿਡ-19 ਦੇ ਸੁਰੱਖਿਆ ਨੇਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਜੇ ਥੋੜ੍ਹੇ ਸਿੱਖਿਆਰਥੀਆਂ ਨੂੰ ਇਸ ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਲਈ ਸੱਦਿਆ ਗਿਆ ਹੈ।ਸਿਖਲਾਈ ਦੌਰਾਨ ਵੀ ਕੋਵਿਡ ਸੁਰੱਖਿਆ ਨੇਮਾਂ ਦੀ ਪੂਰਨ ਪਾਲਣਾ ਕੀਤੀ ਜਾ ਰਹੀ ਹੈ।ਯੂਨੀਵਰਸਿਟੀ ਵਲੋਂ ਕਰਵਾਏ ਜਾਂਦੇ ਕਿਸੇ ਵੀ ਪਸ਼ੂ ਪਾਲਣ ਕਿੱਤੇ ਸੰਬੰਧੀ ਸਿਖਲਾਈ ਲੈਣ ਲਈ ਉਮੀਦਵਾਰ ਆਪਣਾ ਫਾਰਮ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ਤੋਂ ਡਾਊਨਲੋਡ ਕਰਕੇ ਭੇਜ ਸਕਦਾ ਹੈ।
ਇਥੇ ਇਹ ਦੱਸਣਾ ਮਹੱਤਵਪੂਰਣ ਹੈ ਕਿ ਯੂਨੀਵਰਸਿਟੀ ਕਿਸਾਨਾਂ ਦੇ ਗਿਆਨ ਨੂੰ ਨਵਿਆਉਣ ਵਾਸਤੇ ਸਾਹਿਤ ਪ੍ਰਕਾਸ਼ਨ ਦਾ ਕਾਰਜ ਵੀ ਕਰਦੀ ਹੈ ਅਤੇ ਮਹੀਨਾਵਾਰ ਰਸਾਲਾ 'ਵਿਗਿਆਨਕ ਪਸ਼ੂ ਪਾਲਣ' ਵੀ ਪ੍ਰਕਾਸ਼ਿਤ ਕਰ ਰਹੀ ਹੈ।ਯੂਨੀਵਰਸਿਟੀ ਨੇ ਕਈ ਐਪਸ ਵੀ ਤਿਆਰ ਕੀਤੀਆਂ ਹੋਈਆਂ ਹਨ ਜੋ ਕਿ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ।ਕਿਸਾਨ ਕਿਸੇ ਸਹਾਇਤਾ ਵਾਸਤੇ ਕਿਸਾਨ ਸਹਾਇਤਾ ਨੰਬਰ 0161-2414005, 2414026 ਰਾਹੀਂ ਕਿਸਾਨ ਸੂਚਨਾ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ :- Farm Law: ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਚਕਾਰ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ, ਫਾਰਚਿਉਨ ਰਾਈਸ ਕੰਪਨੀ ਲਈ ਆਇਆ ਵੱਡਾ ਫੈਸਲਾ
Summary in English: Poultry training started by Veterinary University