ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਲੈਂਡਸਕੇਪਿੰਗ ਵਿੰਗ ਵੱਲੋਂ ਅੱਜ ਯੂਨੀਵਰਸਿਟੀ ਕੈਂਪਸ ਵਿਚ ਬੂਟੇ ਲਗਾਉਣ ਦੀ ਮੁਹਿੰਮ ਇਸ ਸਾਲ ਫਿਰ ਆਰੰਭੀ।
ਇਸ ਮੁਹਿੰਮ ਦਾ ਆਗਾਜ਼ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਐਨੀਮਲ ਬਾਇਓਤਕਨਾਲੋਜੀ ਕਾਲਜ ਦੇ ਸਾਹਮਣੇ ਬੂਟਾ ਲਗਾ ਕੇ ਕੀਤਾ।ਇਸ ਤੋਂ ਬਾਅਦ ਵਨ ਹੈਲਥ ਕੇਂਦਰ, ਸਾਇੰਟਿਸਟ ਹੋਮ, ਜੜ੍ਹੀ ਬੂਟੀ ਬਾਗ ਅਤੇ ਯੂਨੀਵਰਸਿਟੀ ਦੇ ਹੋਸਟਲਾਂ ਵਿਖੇ ਪੌਦੇ ਲਗਾਏ ਗਏ।ਇਸ ਵਰ੍ਹੇ ਦੀ ਮੁਹਿੰਮ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ’ਭਾਰਤ ਦਾ ਅਮਰੁਤ ਮਹੋਤਸਵ’ ਆਯੋਜਨ ਨੂੰ ਭੇਟ ਕਰਦਿਆਂ ’ਹਰ ਮੇਢ ਪਰ ਪੇੜ’ ਵਿਸ਼ੇ ’ਤੇ ਕਰਵਾਈ ਗਈ।ਯੂਨੀਵਰਸਿਟੀ ਵਿਖੇ ਵਿਭਿੰਨ ਤਰ੍ਹਾਂ ਦੇ ਬੂਟੇ ਲਗਾਏ ਗਏ ਜਿਨ੍ਹਾਂ ਵਿਚ ਟਰਮੀਨਾਲੀਆ, ਗੋਲਡਨ ਰੇਨ ਟਰੀ, ਪਿਲਖਣ, ਫਾਇਕਸ, ਅਮਲਤਾਸ, ਆਮਲਾ, ਪਾਮ, ਜੂਨੀਪਰ ਗੋਲਡਨ, ਅੰਬ, ਜਾਮੁਨ, ਚਾਂਦਨੀ, ਲੰਟਾਨਾ, ਰਾਤ ਕੀ ਰਾਣੀ ਅਤੇ ਬਾਂਸ ਦੇ ਬੂਟੇ ਸ਼ਾਮਿਲ ਸਨ।
ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਇਹ ਪੌਦੇ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਗਈ।ਡਾ. ਇੰਦਰਜੀਤ ਸਿੰਘ ਦੇ ਨਾਲ ਯੂਨੀਵਰਸਿਟੀ ਦੇ ਸਾਰੇ ਅਧਿਕਾਰੀਆਂ ਨੇ ਵੀ ਪੌਦੇ ਲਗਾਏ।ਬਾਇਓਤਕਨਾਲੋਜੀ ਕਾਲਜ ਦੇ ਡੀਨ, ਡਾ. ਯਸ਼ਪਾਲ ਸਿੰਘ ਮਲਿਕ ਅਤੇ ਪੂਰੇ ਸਟਾਫ਼ ਨੇ ਇਸ ਮੁਹਿੰਮ ਨੂੰ ਸਿਰੇ ਚੜ੍ਹਾਉਣ ਲਈ ਬਹੁਤ ਸੁਚੱਜੇ ਪ੍ਰਬੰਧ ਕੀਤੇ ਹੋਏ ਸਨ।ਡਾ. ਇੰਦਰਜੀਤ ਸਿੰਘ ਨੇ ਹਰ ਸਾਲ ਕਰਵਾਈ ਜਾ ਰਹੀ ਇਸ ਪੌਦੇ ਲਗਾਉਣ ਦੀ ਮੁਹਿੰਮ ਨੂੰ ਬਹੁਤ ਸਰਾਹਿਆ ਅਤੇ ਕੁਦਰਤ ਵਿਚ ਰੁੱਖਾਂ ਦੀ ਮਹੱਤਤਾ ਬਾਰੇ ਵਿਚਾਰ ਵੀ ਸਾਂਝੇ ਕੀਤੇ।ਪਿਛਲੇ ਸਾਲ ਦੇ ਲਗਾਏ ਬੂਟਿਆਂ ਦੀ ਨਜ਼ਰਸਾਨੀ ਕੀਤੀ ਗਈ ਅਤੇ ਉਨ੍ਹਾਂ ਦੇ ਵਿਕਾਸ ਨੂੰ ਜਾਂਚਿਆ ਗਿਆ।ਸਾਰਿਆਂ ਨੇ ਇਸ ਗੱਲ ਦਾ ਅਹਿਦ ਵੀ ਲਿਆ ਕਿ ਲਗਾਏ ਗਏ ਬੂਟਿਆਂ ਨੂੰ ਪ੍ਰਤਿਬੱਧਤਾ ਨਾਲ ਸੰਭਾਲਿਆ ਜਾਵੇਗਾ।
ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ਼ ਅਫ਼ਸਰ ਨੇ ਲੈਂਡਸਕੇਪ ਵਿੰਗ ਦੀ ਸਾਰੀ ਟੀਮ ਜਿਸ ਵਿਚ ਡਾ. ਮਨਦੀਪ ਸਿੰਘ ਬੱਲ, ਸ. ਜੋਗਿੰਦਰ ਸਿੰਘ ਅਤੇ ਹੋਰ ਕਿਰਤੀ ਸ਼ਾਮਿਲ ਸਨ ਨੂੰ ਇਸ ਕਾਰਜ ਲਈ ਮੁਬਾਰਕਬਾਦ ਦਿੱਤੀ।
ਡਾ. ਬੱਲ ਨੇ ਕਿਹਾ ਕਿ ਇਸ ਮੌਨਸੂਨ ਦੇ ਮੌਸਮ ਵਿਚ 500 ਵੱਡੇ ਰੁੱਖ ਲਗਾਏ ਜਾਣਗੇ ਅਤੇ 1000 ਸਜਾਵਟੀ ਪੌਦੇ ਲਾਏ ਜਾਣਗੇ।ਡਾ. ਰਾਮਪਾਲ ਨੇ ਸਾਰੇ ਅਧਿਕਾਰੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਦਾ ਇਸ ਪੌਦੇ ਲਗਾਉਣ ਦੀ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Planting of new plants started by Veterinary University under Green Campaign