Paddy Cultivation: ਧਰਤੀ ਹੇਠਲੇ ਪਾਣੀ ਉੱਪਰ ਨਿਰਭਰਤਾ ਘਟਾਉਣ ਲਈ ਝੋਨੇ ਦੀ ਲੁਆਈ ਮੌਨਸੂਨ ਦੀ ਸ਼਼ੁਰੂਆਤ ਦੇ ਨੇੜੇ ਕਰਨਾ ਪਾਣੀ ਬਚਾਉਣ ਦੀ ਨੀਤੀ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਪਿਛਲੇ 11 ਸਾਲਾਂ ਦੌਰਾਨ ਝੋਨੇ ਦੀਆਂ 11 ਕਿਸਮਾਂ ਕਾਸ਼ਤ ਲਈ ਸਿਫਾਰਸ਼ ਕੀਤੀਆਂ ਹਨ ਜੋ ਕਿ ਪਿਛੇਤੀ ਲੁਆਈ ਵਿੱਚ ਜਿਆਦਾ ਝਾੜ ਦਿੰਦੀਆਂ ਹਨ।
ਇਹ ਕਿਸਮਾਂ ਪੰਜਾਬ ਵਿੱਚ 70 ਪ੍ਰਤੀਸ਼ਤ ਤੋਂ ਜਿਆਦਾ ਰਕਬੇ ਉੱਪਰ ਲਗਾਈਆਂ ਜਾਂਦੀਆਂ ਹਨ। ਪਿਛਲੇ ਸਾਲਾਂ ਦੌਰਾਨ ਕੀਤੇ ਖੋਜ ਤਜਰਬਿਆਂ ਦੇ ਅੰਕੜੇਂ ਦਰਸਾਉਂਦੇ ਹਨ ਕਿ ਵਧੇਰੇ ਝਾੜ ਲਈ ਪੀ ਆਰ ਕਿਸਮਾਂ ਦੀ ਲੁਆਈ 25 ਜੂਨ ਦੇ ਨਜ਼ਦੀਕ ਜਿਆਦਾ ਲਾਹੇਵੰਦ ਹੈ ਸਗੋਂ ਪੀਆਰ 126 ਜੁਲਾਈ ਮਹੀਨੇ ਵਿੱਚ ਲੁਆਈ ਦੇ ਤਹਿਤ ਬਿਹਤਰ ਪ੍ਰਦਰਸ਼ਨ ਕਰਦੀ ਹੈ। ਇਨ੍ਹਾਂ ਕਿਸਮਾਂ ਦੀ ਅਗੇਤੀ ਲੁਆਈ ਕਰਨ ਨਾਲ ਬੂਰ ਪੈਣ ਸਮੇਂ ਉੱਚ ਤਾਪਮਾਨ ਕਰਕੇ ਮੁੰਜਰਾਂ ਵਿੱਚ ਫੋਕ ਵੱਧ ਜਾਂਦੀ ਹੈ ਅਤੇ ਦਾਣੇ ਹਲਕੇ ਰਹਿ ਜਾਂਦੇ ਹਨ ਜੋ ਕਿ ਝਾੜ ਘਟਣ ਦਾ ਕਾਰਨ ਬਣਦੇ ਹਨ।
ਕੀੜੇ-ਮਕੌੜਿਆਂ ਦਾ ਹਮਲਾ
ਝੋਨੇ ਦੀ ਲੁਆਈ ਅਗੇਤੀ ਸ਼ੁਰੂ ਹੋਣ ਕਰਕੇ ਕੀੜੇ-ਮਕੌੜਿਆਂ ਦੀਆਂ ਜਿਆਦਾ ਪੀੜ੍ਹੀਆਂ ਬਣਦੀਆਂ ਹਨ। ਇਹ ਸਥਿਤੀ ਪੀ.ਏ.ਯੂ., ਲੁਧਿਆਣਾ ਵਿਖੇ ਕਰਵਾਏ ਗਏ ਵੱਖ ਵੱਖ ਅਧਿਐਨਾਂ ਵਿੱਚ ਝੋਨੇ ਦੀਆਂ ਗੋਭ ਦੀਆਂ ਸੁੰਡੀਆਂ (ਪੀਲੀ, ਚਿੱਟੀ ਅਤੇ ਗੁਲਾਬੀ) ਲਈ ਦੇਖੀ ਗਈ ਹੈ। ਗੋਭ ਦੀਆਂ ਸੁੰਡੀਆਂ ਅਤੇ ਭੂਰੇ ਟਿੱਡਿਆਂ ਦੀ ਜਿਆਦਾ ਅਬਾਦੀ ਬਾਸਮਤੀ ਦੀ ਫ਼ਸਲ ਲਈ ਗੰਭੀਰ ਖ਼ਤਰਾ ਪੈਦਾ ਕਰੇਗੀ ਕਿਉਕਿ ਇਹਨਾਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਪਿਛੇਤੀ ਵਰਤੋਂ ਕਰਕੇ ਕੀਟਨਾਸ਼ਕਾਂ ਦੀ ਰਹਿੰਦ ਖੂੰਹਦ ਦੀਆਂ ਸੀਮਾਵਾਂ ਕਾਰਨ ਬਾਸਮਤੀ ਚਾਵਲ ਦੀ ਬਰਾਮਦ ਨੂੰ ਕਮਜ਼ੋਰ ਕਰਨ ਨਾਲ ਕਿਸਾਨੀ ਨੂੰ ਨੁਕਸਾਨ ਹੋ ਸਕਦਾ। ਝੋਨੇ ਦੀ ਫਸਲ 'ਤੇ ਕੀੜੇ ਦਾ ਵਾਧਾ ਆਉਣ ਵਾਲੀ ਕਣਕ ਦੀ ਫ਼ਸਲ ਲਈ ਵੀ ਖ਼ਤਰਾ ਸਾਬਤ ਹੋ ਸਕਦਾ ਹੈ ਜਿਵੇਂ ਕਿ ਸਾਲ 2019 ਦੌਰਾਨ ਝੋਨੇ ਦੀ ਫ਼ਸਲ ਤੋਂ ਬਾਅਦ ਗੁਲਾਬੀ ਸੁੰਡੀ ਦੇ ਮਾਮਲੇ ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਅਗੇਤੀ ਲੁਆਈ ਵਾਲੇ ਝੋਨੇ ਵਿੱਚ ਝੋਨੇ ਦੀ ਝੂਠੀ ਕਾਂਗਿਆਰੀ ਅਤੇ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦਾ ਹਮਲਾ ਵੀ ਵਧੇਰੇ ਹੁੰਦਾ ਹੈ।
2022 ਦੌਰਾਨ ਔਸਤ ਅੰਕੜੇ
ਸਾਉਣੀ 2022 ਦੌਰਾਨ ਦੱਖਣੀ ਬਲੈਕ ਸਟ੍ਰੀਕਡ ਬੌਣਾ ਵਾਇਰਸ ਦਾ ਹਮਲਾ ਹੋਇਆ। ਹਾਲਾਂਕਿ, 2023 ਦੌਰਾਨ ਇਸ ਵਾਇਰਸ ਦੀ ਇੱਕ ਵੀ ਰਿਪੋਰਟ ਨਹੀਂ ਆਈ ਪਰ ਫਿਰ ਵੀ ਸਾਨੂੰ ਇਸ ਬਾਰੇ ਬਹੁਤ ਚੌਕਸ ਰਹਿਣਾ ਹੋਵੇਗਾ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਬਿਮਾਰੀ ਨੂੰ ਫੈਲਾਉਣ ਵਾਲੇ ਪੌਦਿਆਂ ਦੇ ਟਿੱਡੇ (ਚਿੱਟੀ ਪਿੱਠ ਵਾਲੇ ਟਿੱਡੇ) ਦੀ ਜਾਂਚ ਕਰਨ ਲਈ ਪਨੀਰੀ ਦੀ ਬਿਜਾਈ ਤੋਂ ਹੀ ਖੇਤਾਂ ਦਾ ਸਰਵੇਖਣ ਕਰਦੇ ਰਹਿਣ। ਕੀੜਿਆਂ ਦੀ ਨਿਗਰਾਨੀ ਲਈ, ਪਨੀਰੀ/ਫਸਲ ਦੇ ਨੇੜੇ ਇੱਕ ਬਲਬ ਜਗਾਓ ਕਿਉਂਕਿ ਰਾਤ ਵੇਲੇ ਇਹ ਕੀੜੇ ਰੋਸ਼ਨੀ ਵੱਲ ਆਕਰਸ਼ਿਤ ਹੁੰਦੇ ਹਨ। ਪੌਦਿਆਂ ਉੱਤੇ ਟਿੱਡੇ ਦਿਖਾਈ ਦੇਣ 'ਤੇ, ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਲਈ ਸਿਫਾਰਿਸ਼ ਅਨੁਸਾਰ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਸਾਲ 2022 ਦੌਰਾਨ ਇਹ ਦੇਖਿਆ ਗਿਆ ਸੀ ਕਿ ਪਿਛੇਤੇ ਝੋਨੇ ਵਿੱਚ ਵਿੱਚ ਵਾਇਰਲ ਬਿਮਾਰੀ ਬਹੁਤ ਘੱਟ ਸੀ (ਸਾਰਣੀ 1)। ਇਸ ਲਈ ਪਨੀਰੀ ਦੀ ਅਗੇਤੀ ਬਿਜਾਈ (25 ਮਈ ਤੋਂ ਪਹਿਲਾਂ) ਅਤੇ ਅਗੇਤੀ ਲੁਆਈ (25 ਜੂਨ ਤੋਂ ਪਹਿਲਾਂ) ਨਾਂ ਕਰੋ।
ਇਹ ਵੀ ਪੜ੍ਹੋ : Paddy Cultivation: ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਨ ਦੀ ਕੋਸ਼ਿਸ਼, ਝੋਨੇ ਦੀ ਪੂਸਾ-44 ਕਿਸਮ ਦੀ ਕਾਸ਼ਤ 'ਤੇ ਪਾਬੰਦੀ ਲਗਾਉਣ ਦਾ ਫੈਸਲਾ, Punjab Government ਵੱਲੋਂ ਪੀਆਰ-126 ਬੀਜਣ ਦੀ ਸਲਾਹ
ਕਿਸਾਨ ਵੀਰਾਂ ਨੂੰ ਸਲਾਹ
ਉਪਰੋਕਤ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਉਹ ਪੀ ਆਰ 121, ਪੀ ਆਰ 128, ਪੀ ਆਰ 129, ਪੀ ਆਰ 130 ਅਤੇ ਪੀ ਆਰ 131 ਦੀ 30-35 ਦਿਨਾਂ ਦੀ ਪਨੀਰੀ ਦੀ ਲੁਆਈ 20 ਜੂਨ ਤੋਂ ਬਾਅਦ ਕਰਨ ਜਦਕਿ ਪੀ ਆਰ 126 ਦੀ 25-30 ਦਿਨਾਂ ਦੀ ਪਨੀਰੀ ਦੀ ਲੁਆਈ 25 ਜੂਨ ਤੋ 15 ਜੁਲਾਈ ਦਰਮਿਆਨ ਕਰਨ। ਇਹਨਾਂ ਕਿਸਮਾਂ ਤੋਂ ਵਧੀਆ ਝਾੜ ਲੈਣ ਲਈ ਪ੍ਰਤੀ ਏਕੜ 90 ਕਿਲੋਗ੍ਰਾਮ ਯੂਰੀਆ ਅਤੇ 25 ਕਿਲੋਗ੍ਰਾਮ ਜ਼ਿੰਕ ਸਲਫੇਟ (21%) ਜਾਂ 16.5 ਕਿਲੋਗ੍ਰਾਮ ਜ਼ਿੰਕ ਸਲਫੇਟ (33%) ਦੀ ਸਿਫ਼ਾਰਿਸ਼ ਹੈ। ਬੇਲੋੜੀਆਂ ਅਤੇ ਬੇ-ਵਕਤੀ ਖਾਦਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ। ਪੀ ਆਰ ਕਿਸਮਾਂ ਦੀ ਕਾਸ਼ਤ, ਕਣਕ ਦੀ ਵਾਢੀ ਅਤੇ ਝੋਨੇ ਦੀ ਲੁਆਈ ਦਰਮਿਆਨ ਜ਼ਿਆਦਾ ਸਮਾਂ ਹੋਣ ਕਾਰਣ ਹਰੀ ਖਾਦ ਦੀ ਵਰਤੋਂ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ ਜੋ ਕਿ ਜ਼ਮੀਨ ਦੇ ਭੌਤਿਕ ਅਤੇ ਰਸਾਇਣਕ ਗੁਣ ਸੁਧਾਰਨ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਘਟਾਉਣ ਦਾ ਸਬੱਬ ਬਣਦੀ ਹੈ।
ਸਾਰਣੀ 1. ਝੋਨੇ ਦੀ ਲੁਆਈ ਦੀਆਂ ਵੱਖ-ਵੱਖ ਮਿਤੀਆਂ (3 ਸਾਲ ਦੀ ਔਸਤ) ਅਧੀਨ ਪੈਦਾਵਾਰ (ਕੁ:/ਏਕੜ), ਪਾਣੀ ਦੀ ਬੱਚਤ ਅਤੇ ਬੌਣਾ ਵਾਇਰਸ ਰੋਗ (%) ਦੇ ਅੰਕੜੇ
ਲੁਆਈ ਦੀ ਮਿਤੀ |
ਪੀ.ਆਰ 126 |
ਪੀ.ਆਰ 131 |
ਪੀ.ਆਰ 121 |
15 ਜੂਨ ਦੇ ਮੁਕਾਬਲੇ ਸਿੰਚਾਈ ਦੇ ਪਾਣੀ ਦੀ ਬੱਚਤ (%) |
#ਵਾਇਰਸ ਰੋਗ ਨਾਲ ਪ੍ਰਭਾਵਿਤ ਪੌਦੇ (%)
|
15 ਜੂਨ |
29.6 |
36.8 |
32.3 |
- |
16.0 |
25 ਜੂਨ |
34.8 |
38.0 |
33.5 |
5.6 |
9.8 |
5 ਜੁਲਾਈ |
37.5 |
34.6 |
32.2 |
11.0 |
0.7 |
15 ਜੁਲਾਈ |
36.1 |
32.0 |
29.0 |
16.8 |
0.6 |
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU recommends for paddy cultivation, plant PR Varieties after June 20 for higher yield.