Beekeeping Training Course: ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਡਾਇਰੈਕਟੋਰੇਟ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਭਾਰਤ ਤਿੱਬਤ ਸੀਮਾ ਪੁਲਿਸ (ਆਈ.ਟੀ.ਬੀ.ਪੀ.) ਛਾਉਣੀ ਬੱਦੋਵਾਲ, ਲੁਧਿਆਣਾ ਵਿਖੇ ਤਿੰਨ ਰੋਜ਼ਾ 'ਵਿਗਿਆਨਕ ਮੱਖੀ ਪਾਲਣ ਸਿਖਲਾਈ' ਕੋਰਸ ਕਰਵਾਇਆ।
ਇਸ ਕੋਰਸ ਵਿਚ ਆਈ ਟੀ ਬੀ ਪੀ ਬੱਦੋਵਾਲ, ਸੀ ਆਈ ਐੱਸ ਐੱਫ ਅੰਮ੍ਰਿਤਸਰ ਅਤੇ ਸੀ.ਆਈ.ਐਸ.ਐਫ, ਕਪੂਰਥਲਾ ਤੋਂ 32 ਸਿਖਿਆਰਥੀਆਂ ਨੇ ਇਸ ਸਿਖਲਾਈ ਵਿੱਚ ਭਾਗ ਲਿਆ।
ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਪੂਰੇ ਦੇਸ਼ ਵਿਚ ਵਿਗਿਆਨਕ ਸ਼ਹਿਦ ਮੱਖੀ ਪਾਲਣ ਦੇ ਖੇਤਰ ਵਿਚ ਪਹਿਲਕਦਮੀਆਂ ਕੀਤੀਆਂ ਹਨ। ਇਸੇ ਸਦਕਾ ਸੂਬੇ ਵਿਚ ਸ਼ਹਿਦ ਦਾ ਉਤਪਾਦਨ ਨਵੀਆਂ ਸਿਖਰਾਂ ਤਕ ਪਹੁੰਚਿਆ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਵਿਗਿਆਨ ਕੇਦਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਯੂਨੀਵਰਸਿਟੀ ਵਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਦੇਸ਼ ਲਈ ਰੱਖਿਆ ਕਰਮਚਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਅਜਿਹੀਆਂ ਮਧੂ ਮੱਖੀ ਪਾਲਣ ਦੀਆਂ ਸਿਖਲਾਈਆਂ ਆਈ ਟੀ ਬੀ ਪੀ ਅਤੇ ਸੀ ਆਈ ਐੱਸ ਐੱਫ ਆਦਿ ਵਿੱਚ ਪ੍ਰਦਾਨ ਕਰਨ ਲਈ ਅਤੇ ਮਧੂ ਮੱਖੀ ਪਾਲਣ ਯੂਨਿਟ ਸਥਾਪਤ ਕਰਕੇ ਰੋਜ਼ੀ-ਰੋਟੀ ਕਮਾਉਣ ਲਈ ਇਸ ਕਿੱਤੇ ਨੂੰ ਅਪਣਾਉਣ ਵਿੱਚ ਮਦਦ ਕੀਤੀ ਜਾਏਗੀ। ਉਨ੍ਹਾਂ ਨੇ ਉਦਮ ਵਿਕਾਸ ਲਈ ਪੀਏਯੂ ਵੱਲੋਂ ਕਰਵਾਈਆਂ ਜਾ ਰਹੀਆਂ ਹੋਰ ਵੱਖ-ਵੱਖ ਸਿਖਲਾਈਆਂ ਬਾਰੇ ਵੀ ਮਹੱਤਵਪੂਰਨ ਵੇਰਵੇ ਸਾਂਝੇ ਕੀਤੇ।
ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਦੱਸਿਆ ਕਿ ਵਿਭਾਗ ਵੱਲੋਂ ਕੀਟ-ਵਿਗਿਆਨ ਦੇ ਖੇਤਰ ਵਿੱਚ ਵੱਖ-ਵੱਖ ਸਿਖਲਾਈ ਪ੍ਰੋਗਰਾਮ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ ਅਤੇ ਮਧੂ ਮੱਖੀ ਪਾਲਣ ਇਨ੍ਹਾਂ ਸਿਖਲਾਈਆਂ ਵਿੱਚੋਂ ਇੱਕ ਅਹਿਮ ਪਹਿਲੂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਸਿਖਿਆਰਥੀਆਂ ਨੂੰ ਵਿਗਿਆਨਕ ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਸਮਝਣ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਮਧੂ-ਮੱਖੀਆਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦੇ ਪ੍ਰਬੰਧਨ ਲਈ ਚੰਗੀ ਗੁਣਵੱਤਾ ਵਾਲੇ ਸ਼ਹਿਦ ਦੇ ਉਤਪਾਦਨ ਲਈ ਗੈਰ-ਰਸਾਇਣਕ ਤਰੀਕਿਆਂ ਨੂੰ ਤਰਜੀਹ ਦੇਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।
ਇਹ ਵੀ ਪੜੋ: ਕਾਲਜ ਆਫ ਡੇਅਰੀ ਅਤੇ ਫ਼ੂਡ ਸਾਇੰਸ ਤਕਨਾਲੋਜੀ ਵਿਖੇ ਵਿਦਿਆਰਥੀਆਂ ਲਈ Orientation Program ਦਾ ਆਯੋਜਨ
ਆਈ.ਟੀ.ਬੀ.ਪੀ. ਬੱਦੋਵਾਲ ਤੋਂ ਡਿਪਟੀ ਕਮਾਂਡੈਂਟ ਜੀ.ਡੀ. ਸ੍ਰੀ ਨਰੇਸ਼ ਕੁਮਾਰ ਸੈਣੀ ਨੇ ਪੀ.ਏ.ਯੂ ਵੱਲੋਂ ਅਜਿਹੀਆਂ ਸਿਖਲਾਈਆਂ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਿਖਿਆਰਥੀਆਂ ਨੂੰ ਮਧੂ ਮੱਖੀ ਪਾਲਣ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਨਾਗਰਿਕਾਂ ਦੀ ਭਲਾਈ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਵੱਖ-ਵੱਖ ਸ਼ਾਂਤੀ ਸਮੇਂ ਦੇ ਅਪਰੇਸ਼ਨਾਂ ਵਿੱਚ ਆਈ ਟੀ ਬੀ ਪੀ ਦੇ ਸ਼ਲਾਘਾਯੋਗ ਯੋਗਦਾਨ ਨੂੰ ਉਜਾਗਰ ਕੀਤਾ।
ਡਾ. ਰਿਤੂ ਸ਼ਰਮਾ, ਸੈਕਿੰਡ ਇਨ ਕਮਾਂਡ ਆਈਟੀਬੀਪੀ, ਬੱਦੋਵਾਲ, ਨੇ ਸਿਖਲਾਈ ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ, ਪੀਏਯੂ ਅਤੇ ਕਮਾਂਡੈਂਟ 26 ਬਟਾਲੀਅਨ, ਸ਼੍ਰੀ ਸੌਰਭ ਦੂਬੇ, ਆਈਟੀਬੀਪੀ, ਬੱਦੋਵਾਲ ਦਾ ਇਸ ਸਿਖਲਾਈ ਲਈ ਧੰਨਵਾਦ ਕੀਤਾ।
ਕੋਰਸ ਦੇ ਡਾਇਰੈਕਟਰ ਡਾ: ਜਸਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਕੋਰਸ ਆਪਣੀ ਕਿਸਮ ਦਾ ਤੀਜਾ ਕੋਰਸ ਹੈ, ਜੋ ਵਿਸ਼ੇਸ਼ ਤੌਰ 'ਤੇ ਰੱਖਿਆ ਕਰਮਚਾਰੀਆਂ ਲਈ ਆਯੋਜਿਤ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਰੱਖਿਆ ਸਥਾਨਾਂ 'ਤੇ ਮਧੂ ਮੱਖੀ ਪਾਲਣ ਯੂਨਿਟ ਸਥਾਪਤ ਕਰਨ ਅਤੇ ਸੇਵਾਮੁਕਤ ਹੋਣ ਦੀ ਉਮਰ ਤੋਂ ਬਾਅਦ ਰੱਖਿਆ ਕਰਮਚਾਰੀਆਂ ਨੂੰ ਰੋਜ਼ੀ-ਰੋਟੀ ਦੇ ਮੌਕੇ ਪ੍ਰਦਾਨ ਕਰਨ ਦੇ ਯਤਨਾਂ ਵਜੋਂ ਕਰਾਇਆ ਗਿਆ ਹੈ। ਇਹ ਸਿਖਲਾਈ ਪ੍ਰਾਪਤ ਕਰਮਚਾਰੀ ਆਪਣੇ ਸਾਥੀਆਂ ਨੂੰ ਮਧੂ ਮੱਖੀ ਪਾਲਣ ਬਾਰੇ ਮਹੱਤਵਪੂਰਨ ਵਿਗਿਆਨਕ ਗਿਆਨ ਦਾ ਪ੍ਰਸਾਰ ਕਰਨ ਲਈ ਦੂਤ ਵਜੋਂ ਕੰਮ ਕਰ ਸਕਦੇ ਹਨ।
ਡਾ: ਅਮਿਤ ਚੌਧਰੀ ਅਤੇ ਭਾਰਤੀ ਮਹਿੰਦਰੂ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਸਨ ਅਤੇ ਉਨ੍ਹਾਂ ਨੇ ਸਿਖਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪ੍ਰੋਗਰਾਮ ਦੀ ਰੂਪਰੇਖਾ ਨੂੰ ਤਿਆਰ ਕੀਤਾ।
Summary in English: PAU Organized Beekeeping training course for Indo Tibetan Border Police personnel