Agricultural News: ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਕ ਵਿਸ਼ੇਸ਼ ਸਮਾਰੋਹ ਵਿੱਚ ਯੂਨੀਵਰਸਿਟੀ ਵੱਲੋਂ ਤਿਆਰ ਸਾਲ 2024 ਦੀ ਡਾਇਰੀ ਅਤੇ ਕੈਲੰਡਰ ਨੂੰ ਜਾਰੀ ਕੀਤਾ। ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੈਲੰਡਰ ਅਤੇ ਡਾਇਰੀ ਰਿਲੀਜ਼ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦਾ ਕੈਲੰਡਰ ਜਿੱਥੇ ਆਉਣ ਵਾਲੇ ਵਰ੍ਹੇ ਦੇ ਕੰਮਕਾਜੀ ਦਿਨਾਂ ਬਾਰੇ ਜਾਣਕਾਰੀ ਮੁਹੱਈਆ ਕਰਾਉਣ ਦਾ ਸਰੋਤ ਹੈ ਉਥੇ ਖੇਤੀਬਾੜੀ ਡਾਇਰੀ ਕਿਸਾਨਾਂ ਅਤੇ ਕਿਸਾਨੀ ਸਮਾਜ ਨੂੰ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ, ਕਿਸਮਾਂ ਸੰਬੰਧੀ ਸੰਖੇਪ ਵਿਚ ਵਾਕਫੀ ਦੇਣ ਵਾਲਾ ਦਸਤਾਵੇਜ਼ ਹੈ।
ਅੱਗੇ ਬੋਲਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੀ ਖੇਤੀਬਾੜੀ ਡਾਇਰੀ ਅਤੇ ਕੈਲੰਡਰ ਨੂੰ ਸ਼ਿੱਦਤ ਨਾਲ ਕਰਮਚਾਰੀ ਅਤੇ ਆਮ ਲੋਕ ਉਡੀਕਦੇ ਹਨ। ਡਾ. ਗੋਸਲ ਨੇ ਦੱਸਿਆ ਕਿ ਇਸ ਵਾਰ ਪੀ.ਏ.ਯੂ. ਨੇ ਰੋਜ਼ਾਨਾ ਕੰਮਕਾਜ ਨੂੰ ਦਰਜ਼ ਕਰਨ ਲਈ ਛੋਟੀ ਜੇਬ ਡਾਇਰੀ ਵੀ ਛਪਵਾਈ ਹੈ। ਉਹਨਾਂ ਨੇ ਸਮੂਹ ਕਰਮਚਾਰੀਆਂ ਅਤੇ ਕਿਸਾਨੀ ਸਮਾਜ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆ ਆਉਂਦੇ ਵਰ੍ਹੇ ਵਿਚ ਚੰਗੇ ਫਸਲੀ ਉਤਪਾਦਨ ਦੀ ਕਾਮਨਾ ਕੀਤੀ ਅਤੇ ਕੁਦਰਤ ਦੇ ਸਹਿਯੋਗ ਦੀ ਆਸ ਪ੍ਰਗਟਾਈ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਸੰਚਾਰ ਕੇਂਦਰ ਖੇਤੀਬਾੜੀ ਨਾਲ ਸੰਬੰਧਿਤ ਸੂਚਨਾ ਨੂੰ ਪ੍ਰਸਾਰਿਤ ਕਰਨ ਲਈ ਹਰ ਸੰਭਵ ਤਰੀਕਾ ਵਰਤਦਾ ਹੈ। ਉਹਨਾਂ ਕਿਹਾ ਰਵਾਇਤੀ ਪ੍ਰਕਾਸ਼ਨ ਮਾਧਿਅਮਾਂ ਦੇ ਨਾਲ-ਨਾਲ ਡਿਜ਼ੀਟਲ ਪਲੇਟਫਾਰਮ ਰਾਹੀਂ ਨਵੀਨ ਤਕਨਾਲੋਜੀ ਦੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਜਾਂਦੀ ਹੈ। ਇਸ ਤੋਂ ਇਲਾਵਾ ਸੋਵੀਨਰਾਂ ਅਤੇ ਯਾਦ ਚਿੰਨ੍ਹਾਂ ਰਾਹੀਂ ਵੀ ਯੂਨੀਵਰਸਿਟੀ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਕੋਸ਼ਿਸ਼ ਲਗਾਤਾਰ ਜਾਰੀ ਰਹਿੰਦੀ ਹੈ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਇਸ ਮੌਕੇ ਕਿਹਾ ਕਿ ਸੰਚਾਰ ਕੇਂਦਰ ਦੇ ਉੱਦਮ ਨਾਲ ਇਹ ਡਾਇਰੀ ਅਤੇ ਕੈਲੰਡਰ ਬਹੁਤ ਵਾਜਿਬ ਸਮੇਂ ਤੇ ਪ੍ਰਕਾਸ਼ਿਤ ਹੋ ਕੇ ਲੋਕਾਂ ਦੇ ਹੱਥਾਂ ਵਿਚ ਪਹੁੰਚ ਰਹੇ ਹਨ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਡਾਇਰੀ ਨੂੰ ਰਿਲੀਜ਼ ਕਰਨ ਲਈ ਮਾਣਯੋਗ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਰਜਿਸਟਰਾਰ ਸ਼੍ਰੀ ਰਿਸ਼ੀਪਾਲ ਸਿੰਘ, ਆਈ ਏ ਐੱਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਡੀਨ ਖੇਤੀਬਾੜੀ ਕਾਲਜ ਡਾ. ਚਰਨਜੀਤ ਸਿੰਘ ਔਲਖ, ਡੀਨ ਕਮਿਊਨਟੀ ਸਾਇੰਸ ਡਾ. ਕਿਰਨ ਬੈਂਸ, ਡੀਨ ਬੇਸਿਕ ਸਾਇੰਸਜ਼ ਡਾ. ਸ਼ੰਮੀ ਕਪੂਰ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਯੂਨੀਵਰਸਿਟੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਅੱਜ ਨਵੇਂ ਸਾਲ ਦਾ ਕੈਲੰਡਰ ਅਤੇ ਬਿਓਰਾ ਪੁਸਤਕ ਲੋਕ ਅਰਪਣ ਕੀਤੇ। ਡਾ. ਸਿੰਘ ਨੇ ਦੱਸਿਆ ਕਿ ਇਸ ਬਿਓਰਾ ਪੁਸਤਕ ਵਿਚ ਜਿਥੇ ਪਸ਼ੂ ਪਾਲਣ ਕਿੱਤਿਆਂ ਸੰਬੰਧੀ ਗਿਆਨ ਪ੍ਰਕਾਸ਼ਿਤ ਹੈ ਉਥੇ ਪਸ਼ੂਆਂ ਦੀਆਂ ਬਿਮਾਰੀਆਂ, ਪ੍ਰਬੰਧਨ ਅਤੇ ਯੂਨੀਵਰਸਿਟੀ ਵਿਖੇ ਮਿਲਦੀਆਂ ਸੇਵਾਵਾਂ ਦਾ ਵੇਰਵਾ ਵੀ ਦਰਜ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪਸ਼ੂ ਪਾਲਣ ਵਿਚ ਸੁਧਾਰ ਲਈ ਅਤੇ ਸੂਬੇ ਵਿਚ ਇਨ੍ਹਾਂ ਕਿੱਤਿਆਂ ਨਾਲ ਜੁੜੇ ਉਦਯੋਗ ਨੂੰ ਉਤਸਾਹਿਤ ਕਰਨ ਲਈ ਪੂਰਨ ਤੌਰ ’ਤੇ ਯਤਨਸ਼ੀਲ ਹੈ। ਇਹ ਕਾਰਜ ਯੂਨੀਵਰਸਿਟੀ ਦੇ ਮੁੱਖ ਕੈਂਪਸ ਤੋਂ ਇਲਾਵਾ ਕ੍ਰਿਸ਼੍ਰੀ ਵਿਗਿਆਨ ਕੇਂਦਰ ਅਤੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰਾਂ ਰਾਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਮੌਕੇ ’ਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਪਸ਼ੂ ਪਾਲਣ ਭਾਈਚਾਰੇ ਦੇ ਨਾਲ ਸਮੁੱਚੀ ਲੋਕਾਈ ਲਈ ਇਹ ਵਰ੍ਹਾ ਖੁਸ਼ਹਾਲੀ ਵਾਲਾ ਹੋਵੇ।
ਇਹ ਵੀ ਪੜੋ: ਪੰਜਾਬ ਦੇ ਕਿਸਾਨਾਂ ਤੋਂ CM Award ਲਈ ਅਰਜ਼ੀਆਂ ਦੀ ਮੰਗ, ਇਸ ਲਿੰਕ ਤੋਂ ਡਾਊਨਲੋਡ ਕਰੋ ਨਿਰਧਾਰਤ ਪ੍ਰੋਫਾਰਮੇ
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਪਸਾਰ ਸਿੱਖਿਆ ਨਿਰਦੇਸ਼ਾਲਾ ਸਿਖਲਾਈਆਂ, ਸਾਹਿਤ, ਰਸਾਲੇ, ਮੋਬਾਈਲ ਐਪਸ ਅਤੇ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਸਮੂਹ ਭਾਈਵਾਲ ਧਿਰਾਂ ਨੂੰ ਵਿਗਿਆਨਕ ਗਿਆਨ ਦਾ ਪ੍ਰਚਾਰ ਕਰ ਰਿਹਾ ਹੈ। ਇਸ ਮੌਕੇ ’ਤੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ, ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ. ਵੀ ਕੇ ਦੁਮਕਾ, ਕੰਪਟਰੋਲਰ ਅਤੇ ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਵੀ ਮੌਜੂਦ ਸਨ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਤੋਂ ਮਿਲੀ ਹੈ।
Summary in English: PAU-GADVASU Releases Handbook of Agriculture and New Year Calendar