Safar Dar Safar: ਰਾਜ ਸਭਾ ਮੈਂਬਰ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਗਈ ਪੁਸਤਕ 'ਸਫ਼ਰ ਦਰ ਸਫ਼ਰ’' ਨੂੰ ਲੋਕ ਅਰਪਿਤ ਕੀਤਾ ਗਿਆ।
ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਇਸ ਮੌਕੇ ਉੱਪਰ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਹਰੇਕ ਵਿਅਕਤੀ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਸਮੇਂ-ਸਮੇਂ ਉੱਪਰ ਉਹ ਆਪਣੀ ਜ਼ਿੰਦਗੀ ਦੇ ਸਫ਼ਰ ਦੌਰਾਨ ਆਪਣੇ ਆਸ-ਪਾਸ ਦੇ ਲੋਕਾਂ ਅਤੇ ਵਰਤਾਰਿਆਂ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਦਰੁਸਤ ਕਰੇ।
ਉਹਨਾਂ ਕਿਹਾ ਮਨੁੱਖ ਦੀਆਂ ਵਧੇਰੇ ਕਰਕੇ ਸਮਸਿਆਵਾਂ ਦਾ ਮੂਲ ਕਾਰਨ ਉਸ ਦੀ ਬੇਸਮਝੀ ਤੇ ਨਾਕਾਰਾਤਮਕ ਦ੍ਰਿਸ਼ਟੀਕੋਣ ਹੁੰਦਾ ਹੈ ਅਤੇ ਜੇਕਰ ਮਨੁੱਖ ਆਪਣੇ ਨੁਕਤਾ-ਏ-ਨਜ਼ਰ ਨੂੰ ਸਾਕਾਰਾਤਮਕ ਅਤੇ ਸਿਰਜਣਾਤਮਕ ਰੱਖਣ ਦਾ ਯਤਨ ਕਰੇ ਤਾਂ ਉਹ ਨਿਸ਼ਚਿਤ ਤੌਰ ਉੱਪਰ ਉਹ ਆਪਣੀ ਜ਼ਿੰਦਗੀ ਦੇ ਹਰ ਮੈਦਾਨ ਫ਼ਤਿਹ ਹਾਸਲ ਕਰ ਸਕਦਾ ਹੈ। ਉਹਨਾਂ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦਿਆ ਕਿਹਾ ਕਿ ਲੇਖਕ ਵਲੋਂ ਜੀਵਨ ਦੀਆਂ ਡੂੰਘੀਆਂ ਰਮਜ਼ਾਂ ਨੂੰ ਬਾਖੂਬੀ ਸਮਝਣ ਦਾ ਯਤਨ ਕੀਤਾ ਗਿਆ ਹੈ ਅਤੇ ਇਹ ਪੁਸਤਕ ਬੁਨਿਆਦੀ ਇਖ਼ਲਾਕੀ ਕਦਰਾਂ-ਕੀਮਤਾਂ ਪ੍ਰਤੀ ਮਨੁੱਖੀ ਸਮਝ ਨੂੰ ਬੇਹਤਰ ਬਣਾਉਣ ਦੇ ਮਨੋਰਥ ਨਾਲ ਲਿਖੀ ਗਈ ਹੈ।
ਇਸ ਮੌਕੇ ਪ੍ਰਸਿੱਧ ਸ਼ਾਇਰ ਅਤੇ ਪ੍ਰਧਾਨ ਸਿਰਜਣਾ ਕੇਂਦਰ (ਕਪੂਰਥਲਾ) ਸ: ਕੰਵਰ ਇਕਬਾਲ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਉਹਨਾਂ ਨੇ ਇਸ ਗੱਲ ਦਾ ਵਿਸ਼ੇਸ਼ ਤੌਰ ਉੱਪਰ ਉਲੇਖ ਕੀਤਾ ਕਿ ਇਹ ਪੁਸਤਕ ਅਜੌਕੀ ਪੀੜ੍ਹੀ ਨੂੰ ਜੀਵਨ ਵਿੱਚ ਉਸਾਰੂ ਤੇ ਰਚਨਾਤਮਿਕ ਸੋਚ ਨੂੰ ਅਪਣਾਉਣ, ਆਪਣੇ ਉਜਵਲ ਭਵਿੱਖ ਲਈ ਸੁਪਨੇ ਸਿਰਜਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਹਾਂ ਪੱਖੀ ਸੋਚ ਨੂੰ ਅਪਣਾਉਣ ਦੇ ਨਾਲ-ਨਾਲ ਸੌੜੀ ਤੇ ਨਾਂਹ ਪੱਖੀ ਸੋਚ ਨੂੰ ਛੱਡਣ ਲਈ ਪ੍ਰੇਰਿਤ ਕਰੇਗੀ।
ਉਨ੍ਹਾਂ ਨੇ ਇਸ ਦੀ ਤਰ੍ਹਾਂ ਦੀ ਕਿਤਾਬ ਨੂੰ ਵਰਤਮਾਨ ਸਮੇਂ ਦੀ ਇਕ ਅਹਿਮ ਜ਼ਰੂਰਤ ਦੱਸਿਆ। ਉਹਨਾਂ ਨੇ ਡਾ. ਅਰਵਿੰਦਰ ਸਿੰਘ ਭੱਲਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚ ਪ੍ਰਿੰਸੀਪਲ ਡਾ. ਭੱਲਾ ਵਲੋਂ ਬਜ਼ੁਰਗ, ਦਾਨਿਸ਼ਵਰ, ਮੁਰਸ਼ਦ, ਮੁਰੀਦ, ਸ਼ਿਸ਼, ਗੁਰੂਦੇਵ, ਫ਼ਕੀਰ, ਜਗਿਆਸੂ, ਸਾਈਂ, ਵਲੀ, ਜੋਗੀ, ਜਿਹੇ ਪਾਤਰਾਂ ਰਾਹੀਂ ਜੀਵਨ ਦੀਆਂ ਅਜ਼ਮਾਇਸ਼ਾਂ ਨਾਲ ਨਜਿੱਠਣ ਦੇ ਢੰਗ ਬੜੇ ਸੌਖੇ ਅਤੇ ਸਰਲ ਢੰਗ ਪੇਸ਼ ਕੀਤੇ ਗਏ ਹਨ।
ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਆਪਣੀ ਇਸ ਪੁਸਤਕ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਪੁਸਤਕ ਵਿਚ ਸ਼ਾਮਿਲ ਪੈਂਹਠ ਲਲਿਤ ਨਿਬੰਧ ਇਨਸਾਨ ਨੂੰ ਰੋਜ਼ਮਰਾ ਦੀ ਜ਼ਿੰਦਗੀ ਵਿਚ ਦਰਪੇਸ਼ ਆਉਣ ਵਾਲੀਆਂ ਅਜ਼ਮਾਇਸ਼ਾਂ, ਚਣੌਤੀਆਂ, ਮੁਸ਼ਕਿਲਾਂ, ਤ੍ਰਾਸਦੀਆਂ ਆਦਿ ਦੇ ਸਨਮੁੱਖ ਮਨੁੱਖ ਨੂੰ ਸੰਘਰਸ਼ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਮਨੁੱਖ ਅੰਦਰ ਹੌਸਲਾ, ਹਿੰਮਤ ਅਤੇ ਚੜਦੀ ਕਲਾ ਦੀ ਭਾਵਨਾ ਪੈਦਾ ਕਰਦੇ ਹਨ।
ਇਹ ਵੀ ਪੜ੍ਹੋ : ਅਜੋਕੇ ਸਮੇਂ ਵਿੱਚ Agriculture ਵਿੱਚ 'ਨਵੀਂ ਸੋਚ' ਦੀ ਲੋੜ: Padma Shri Awardee Bharat Bhushan Tyagi
ਉਹਨਾਂ ਨੇ ਇਸ ਗੱਲ ਦਾ ਇਥੇ ਵਿਸ਼ੇਸ਼ ਤੌਰ ਉੱਪਰ ਉਲੇਖ ਕੀਤਾ ਕਿ ਇਸ ਪੁਸਤਕ ਦਾ ਮੁੱਖਬੰਧ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਪਦਮ ਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਵਿਸ਼ੇਸ਼ ਤੌਰ ਉੱਪਰ ਲਿਖਿਆ ਹੈ। ਡਾ. ਅਰਵਿੰਦਰ ਸਿੰਘ ਭੱਲਾ ਨੇ ਇਹ ਵੀ ਕਿਹਾ ਕਿ ਇਹ ਪੁਸਤਕ ਮਨੁੱਖ ਅੰਦਰਲੀਆਂ ਬੁਰਾਈਆਂ ਦੀ ਨਿਸ਼ਾਨਦੇਹੀ ਕਰਕੇ ਉਸ ਨੂੰ ਨੈਤਿਕਤਾ ਜਾਂ ਆਦਰਸ਼ਵਾਦ ਦੇ ਰਾਹ ਉੱਪਰ ਚੱਲਣ ਲਈ ਪ੍ਰੇਰਦੀ ਹੈ। ਆਧੁਨਿਕ ਮਨੁੱਖ ਜੋ ਕਿ ਈਰਖਾ, ਹੰਕਾਰ, ਨਫ਼ਰਤ, ਸੌੜੀ ਸੋਚ, ਬਦਲਾਖੋਰੀ, ਪਸ਼ੂ-ਬਿਰਤੀ, ਡਰ, ਚਿੰਤਾ, ਅਸੁਰੱਖਿਆ, ਆਦਿ ਪ੍ਰਵਿਰਤੀਆਂ ਦੇ ਪ੍ਰਭਾਵ ਹੇਠ ਜਿਉਂਣ ਲਈ ਮਜਬੂਰ ਦਿਖਾਈ ਦੇ ਰਿਹਾ ਹੈ, ਉਹ ਇਖ਼ਲਾਕੀ ਕਦਰਾਂ ਕੀਮਤਾਂ ਨੂੰ ਅਮਲੀ ਜੀਵਨ ਵਿੱਚ ਅਪਣਾਉਣ ਦੀ ਬਜਾਏ ਬਦਕਿਸਮਤੀ ਨਾਲ ਆਪਣੇ ਵਿਵਹਾਰਿਕ ਜੀਵਨ ਵਿਚੋਂ ਬਾਹਰ ਕੱਢ ਰਿਹਾ ਹੈ। ਸਿੱਟੇ ਵਜੋਂ ਉਸ ਦੀ ਜ਼ਿੰਦਗੀ ਵਿਚੋਂ ਸਹਿਜ, ਸੁਹਜ, ਸਬਰ, ਸੁਹਿਰਦਤਾ ਅਤੇ ਸੰਤੋਖ ਮਨਫੀ ਹੋ ਰਿਹਾ ਹੈ।
ਉਨ੍ਹਾਂ ਇਸ ਪੁਸਤਕ ਨੂੰ ਲਿਖਣ ਵਿਚ ਸਹਿਯੋਗ ਅਤੇ ਮਾਰਗਦਰਸ਼ਨ ਦੇਣ ਲਈ ਡਾ. ਐੱਸ.ਪੀ. ਸਿੰਘ, ਸਾਬਕਾ ਉੱਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਧੰਨਵਾਦ ਕੀਤਾ। ਇਥੇ ਇਹ ਗੱਲ ਵਿਸ਼ੇਸ਼ ਤੌਰ ਉੱਪਰ ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਨਾਲ ਖੋਜ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਹੁਣ ਤੱਕ ਉਨ੍ਹਾਂ ਵੱਲੋਂ ਉਨੀਂ ਕਿਤਾਬਾਂ ਅਤੇ ਅੱਸੀਂ ਤੋਂ ਵੱਧ ਖੋਜ ਪਰਚੇ ਲਿਖੇ ਜਾਣ ਦੇ ਨਾਲ-ਨਾਲ ਦੋ ਖੋਜ ਪ੍ਰਾਜੈਕਟ ਸਫਲਤਾਪੂਰਵਕ ਮੁਕੰਮਲ ਕੀਤੇ ਜਾ ਚੁੱਕੇ ਹਨ। ਇਸ ਮੌਕੇ ਉੱਪਰ ਸ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ ਸੁਲਤਾਨਪੁਰ ਲੋਧੀ, ਪਾਲ ਸਿੰਘ ਨੌਲੀ, ਡਾ. ਪਰਮਜੀਤ ਸਿੰਘ ਮਾਨਸਾ, ਪ੍ਰਸਿੱਧ ਵਿਦਵਾਨ ਤੇ ਸ਼ਾਇਰ ਮੁਖ਼ਤਾਰ ਸਿੰਘ ਚੰਦੀ ਅਤੇ ਸ਼ਾਇਰਾ ਕੁਲਵਿੰਦਰ ਕੰਵਲ ਵਿਸ਼ੇਸ਼ ਤੌਰ ਉੱਪਰ ਮੌਜੂਦ ਸਨ।
Summary in English: Padma Shri Sant Balbir Singh Seechewal dedicated the book "Safar Dar Safar" written by Principal Dr. Bhalla