ਪੰਜਾਬ ‘ਚ ਖੇਤੀ ਬਿੱਲਾਂ ਦੇ ਖ਼ਿਲਾਫ਼ ਚੱਲ ਰਹੇ ਅੰਦੋਲਨ ਦਰਮਿਆਨ ਕੇਂਦਰ ਸਰਕਾਰ ਨੇ 5 ਦਿਨ ਪਹਿਲਾਂ ਹੀ ਮਤਲਬ ਕਿ 26 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ।
ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ 27 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਹਨ। ਇਸ ਮੁਤਾਬਕ ਮੰਡੀਆਂ ‘ਚ ਖਰੀਦ ਸ਼ੁਰੂ ਹੋ ਜਾਵੇਗੀ, ਜੋ ਕਿ 27 ਸਤੰਬਰ ਤੋਂ ਸ਼ੁਰੂ ਹੋ ਕੇ 30 ਨਵੰਬਰ ਤੱਕ ਜਾਰੀ ਰਹੇਗੀ।
ਖਰੀਫ ਸੀਜ਼ਨ-2020 ਲਈ ਝੋਨੇ ਦੀ ਖਰੀਦ ਬਾਬਤ ਉੱਚ ਅਧਿਕਾਰੀਆਂ, ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ, ਐਸ. ਐਸ. ਪੀਜ਼. ਅਤੇ ਖਰੀਦ ਪ੍ਰਬੰਧਾਂ ਨਾਲ ਜੁੜੇ ਸਾਰੇ ਅਧਿਕਾਰੀਆਂ ਨਾਲ ਇਕ ਉੱਚ ਪੱਧਰੀ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਨਿਰਦੇਸ਼ ਦਿੱਤੇ ਕਿ ਖਰੀਦ ਦੌਰਾਨ ਕੋਵਿਡ-19 ਤੋਂ ਬਚਾਅ ਰੱਖਿਆ ਜਾਵੇ ਅਤੇ ਸਮਾਜਿਕ ਦੂਰੀ ਦੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 72 ਘੰਟੇ ਪਹਿਲਾਂ ਪਾਸ ਜਾਰੀ ਕੀਤਾ ਜਾਵੇ, ਜਿਸ ਨਾਲ ਉਹ ਮੰਡੀ ‘ਚ ਆਪਣੀ ਫ਼ਸਲ ਲਿਆ ਸਕੇ। ਇਕ ਪਾਸ ’ਤੇ ਸਿਰਫ ਇਕ ਟਰਾਲੀ ਦੀ ਇਜਾਜ਼ਤ ਹੋਵੇਗੀ। ਸਮਾਜਿਕ ਦੂਰੀ ਨੂੰ ਕਾਇਮ ਰੱਖਣ ਲਈ ਮੰਡੀ ‘ਚ 30 ਫੁੱਟ ਗੁਣਾਂ 30 ਫੁੱਟ ਦੇ ਬਲਾਕ ਬਣਾਏ ਜਾਣ।
ਕੁੱਲ 4019 ਖਰੀਦ ਕੇਂਦਰ ਕੀਤੇ ਸਥਾਪਿਤ-
ਪੰਜਾਬ ਦੀ ਮੁੱਖ ਸਕੱਤਰ ਨੇ ਦੱਸਿਆ ਕਿ ਸੂਬੇ ‘ਚ ਕੁੱਲ 4019 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ‘ਚ 152 ਮੁੱਖ ਯਾਰਡ, 283 ਸਬ-ਯਾਰਡ, 1436 ਖਰੀਦ ਕੇਂਦਰ, 524 ਅਸਥਾਈ ਯਾਰਡ ਅਤੇ 1624 ਮਿੱਲਾਂ ਵੀ ਸ਼ਾਮਲ ਹਨ। ਉਨ੍ਹਾਂ ਪੰਜਾਬ ਮੰਡੀ ਬੋਰਡ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮਹਿਕਮੇ ਨੂੰ ਝੋਨੇ ਦੀ ਫ਼ਸਲ ਦੀ ਬਿਨਾਂ ਮੁਸ਼ਕਲ, ਨਿਰਵਿਘਨ ਅਤੇ ਸਮੇਂ ਸਿਰ ਖਰੀਦ ਨੂੰ ਯਕੀਨੀ ਬਣਾਉਣ ਲਈ ਕੇਂਦਰਾਂ ਦੀ ਗਿਣਤੀ 4500 ਤੋਂ ਵੱਧ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਜੇ ਕਰੋਨਾ ਦੇ ਕਿਸੇ ਮਾਮਲੇ ਕਰਕੇ ਕੋਈ ਕੇਂਦਰ ਸੀਲ ਕਰਨਾ ਪਿਆ ਤਾਂ ਉਸ ਖਰੀਦ ਕੇਂਦਰ ‘ਚ ਫ਼ਸਲ ਵੇਚਣ ਵਾਲਿਆਂ ਲਈ ਕੋਈ ਹੋਰ ਵਿਕਲਤਪਿਤ ਖਰੀਦ ਕੇਂਦਰ ਦੀ ਵੀ ਨਿਸ਼ਾਨਦੇਹੀ ਕਰ ਕੇ ਰੱਖ ਲੈਣੀ ਚਾਹੀਦੀ ਹੈ।
ਖਰੀਦ ਏਜੰਸੀਆਂ ਨੂੰ ਖਰੀਦ ਕੀਤੇ ਝੋਨੇ ਦੀ 48 ਘੰਟਿਆਂ ‘ਚ ਲਿਫਟਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਖਰੀਦ ਕਾਰਜਾਂ ਦੇ ਇੰਚਾਰਜ ਹੋਣਗੇ ਅਤੇ ਮੰਡੀ ਬੋਰਡ 29 ਸਤੰਬਰ, 2020 ਤੋਂ ਪਾਸ ਜਾਰੀ ਕਰਨਾ ਸ਼ੁਰੂ ਕਰ ਦੇਵੇ। ਉਨ੍ਹਾਂ ਕਿਹਾ ਕਿ ਮੰਡੀਆਂ ‘ਚ ਚੈੱਕ ਪੁਆਇੰਟ ਸਥਾਪਤ ਕੀਤੇ ਜਾਣਗੇ ਅਤੇ ਸਿਰਫ ਇਕ ਕਿਸਾਨ ਜਾਂ ਨੁਮਾਇੰਦੇ ਨੂੰ ਜਾਇਜ਼ ਪਾਸ ਦੇ ਨਾਲ ਮੰਡੀਆਂ ‘ਚ ਦਾਖ਼ਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਚੈਕ-ਪੁਆਇੰਟਸ ’ਤੇ ਖੁਸ਼ਕ ਖੰਘ/ਸਾਹ ‘ਚ ਦਿੱਕਤ ਦੇ ਲੱਛਣ ਅਤੇ ਬੁਖਾਰ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ। ਉਨ੍ਹਾਂ ਮੰਡੀ ਬੋਰਡ ਨੂੰ ਹਦਾਇਤ ਕੀਤੀ ਕਿ ਮੀਂਹ ਪੈਣ ’ਤੇ ਫ਼ਸਲ ਖਰਾਬ ਹੋਣ ਤੋਂ ਬਚਾਉਣ ਲਈ 50 ਹਜ਼ਾਰ ਤਰਪਾਲਾਂ ਦਾ ਪ੍ਰਬੰਧ ਕੀਤਾ ਜਾਵੇ। ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਇਸ ਖਰੀਦ ਸੀਜ਼ਨ ‘ਚ 3195 ਗਾਰਡੀਅਨ ਆਫ ਗਵਰਨੈਂਸ (ਜੀਓਜੀ) ਦੀਆਂ ਸੇਵਾਵਾਂ ਲੈ ਰਹੀ ਹੈ।
ਇਹ ਵੀ ਪੜ੍ਹੋ :- ਪੰਜਾਬ ਵਿੱਚ ਆਯੁਸ਼ਮਾਨ ਯੋਜਨਾ ਦੇ ਤਹਿਤ 10 ਹਸਪਤਾਲਾਂ ਵਿੱਚ ਇਲਾਜ ਦੀ ਸਹੂਲਤਾਂ
Summary in English: Paddy procurement started in Punjab