Fish Farming: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਨੇ ਸਜਾਵਟੀ ਮੱਛੀ ਪਾਲਣ ਕਿੱਤੇ ਸੰਬੰਧੀ ਸਿੱਖਿਅਤ ਕਰਨ ਹਿਤ ਇਕ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ।
ਇਸ ਮੌਕੇ ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਸਜਾਵਟੀ ਮੱਛੀਆਂ ਨੂੰ ਬਤੌਰ ਪਾਲਤੂ ਰੱਖਣ ਦਾ ਰੁਝਾਨ ਕਾਫੀ ਵੱਧ ਰਿਹਾ ਹੈ। ਇਸੇ ਰੁਚੀ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਿਖਲਾਈ ਦਾ ਆਯੋਜਨ ਕੀਤਾ ਗਿਆ। ਸਮਰੱਥਾ ਉਸਾਰੀ ਵਧਾਉਣ ਅਧੀਨ ਕਰਵਾਏ ਇਸ ਸਿਖਲਾਈ ਪ੍ਰੋਗਰਾਮ ਵਿਚ 23 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਨੌਜਵਾਨ ਲੜਕੇ ਅਤੇ ਲੜਕੀਆਂ ਵੀ ਸ਼ਾਮਿਲ ਸਨ।
ਡਾ. ਵਨੀਤ ਇੰਦਰ ਕੌਰ, ਸਿਖਲਾਈ ਸੰਯੋਜਕ ਨੇ ਦੱਸਿਆ ਕਿ ਇਨ੍ਹਾਂ ਸਿੱਖਿਆਰਥੀਆਂ ਨੂੰ ਮੱਛੀਆਂ ਦੀਆਂ ਕਿਸਮਾਂ, ਉਨ੍ਹਾਂ ਦਾ ਬੱਚ ਤਿਆਰ ਕਰਨਾ, ਪ੍ਰਜਣਨ, ਖੁਰਾਕ ਅਤੇ ਸਿਹਤ ਸੰਭਾਲ ਬਾਰੇ ਪੂਰਨ ਗਿਆਨ ਦਿੱਤਾ ਗਿਆ। ਮੱਛੀਆਂ ਦੇ ਅਕਵੇਰੀਅਮ ਬਨਾਉਣ, ਉਨ੍ਹਾਂ ਦੀ ਸੰਭਾਲ ਤੇ ਉਨ੍ਹਾਂ ਦੀ ਸਜਾਵਟ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸਿਖਲਾਈ ਵਿੱਚ ਭਾਸ਼ਣੀ ਗਿਆਨ ਦੇ ਨਾਲ ਪ੍ਰਯੋਗਿਕ ਗਿਆਨ ਵੀ ਸਾਂਝਾ ਕੀਤਾ ਗਿਆ। ਸਿੱਖਿਆਰਥੀਆਂ ਨੂੰ ਮੰਡੀਕਾਰੀ ਨੁਕਤੇ, ਸੰਚਾਰ ਕੌਸ਼ਲ ਅਤੇ ਰਾਜ ਅਤੇ ਕੇਂਦਰੀ ਸਰਕਾਰ ਦੀਆਂ ਵੱਖੋ-ਵੱਖਰੀਆਂ ਭਲਾਈ ਸਕੀਮਾਂ ਬਾਰੇ ਵੀ ਦੱਸਿਆ ਗਿਆ। ਸਿਖਲਾਈ ਦਾ ਸੰਚਾਲਨ ਡਾ. ਸਚਿਨ ਖੈਰਨਾਰ ਅਤੇ ਡਾ. ਅਮਿਤ ਮੰਡਲ ਨੇ ਕੀਤਾ।
ਇਹ ਵੀ ਪੜ੍ਹੋ: GADVASU ਦਾ Institute of Microbial Technology ਨਾਲ ਇਕਰਾਰਨਾਮਾ
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਨੌਜਵਾਨਾਂ ਅਤੇ ਔਰਤਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਆਪਣੇ ਘਰ ਵਿਚ ਹੀ ਇਕ ਛੋਟੀ ਇਕਾਈ ਸਥਾਪਿਤ ਕਰਕੇ ਇਸ ਕਿੱਤੇ ਨੂੰ ਸ਼ੁਰੂ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਮੁਨਾਫ਼ਾ ਮਿਲੇਗਾ ਅਤੇ ਉਨ੍ਹਾਂ ਦਾ ਉਤਸਾਹ ਵਧੇਗਾ। ਯੂਨੀਵਰਸਿਟੀ ਹਰ ਵਕਤ ਉਨ੍ਹਾਂ ਦੀ ਬਾਂਹ ਫੜਨ ਲਈ ਤੱਤਪਰ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਉਦਮੀ ਬਨਣਾ ਚਾਹੀਦਾ ਹੈ ਤਾਂ ਜੋ ਉਹ ਨਵੀਆਂ ਉਦਾਹਰਣਾਂ ਲਿਖ ਸਕਣ। ਵੈਟਨਰੀ ਯੂਨੀਵਰਸਿਟੀ, ਪਸ਼ੂਧਨ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਵਿਭਿੰਨ ਸਿਖਲਾਈ ਪ੍ਰੋਗਰਾਮ ਕਰਵਾ ਰਹੀ ਹੈ। ਕੋਈ ਵੀ ਚਾਹਵਾਨ ਇਥੋਂ ਸਿੱਖਿਆ ਲੈ ਕੇ ਅਤੇ ਆਪਣਾ ਕਿੱਤਾ ਸ਼ੁਰੂ ਕਰਕੇ ਰਾਸ਼ਟਰੀ ਤਰੱਕੀ ਵਿਚ ਯੋਗਦਾਨ ਪਾ ਸਕਦਾ ਹੈ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Ornamental fish farming is a growing trend among the youth