KVK Hoshiarpur: ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ।
ਇਸੇ ਲੜੀ 'ਚ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਖੁੰਬਾਂ ਦੀ ਕਾਸ਼ਤ ਬਾਬਤ ਪੰਜ ਦਿਨਾਂ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਆਓ ਜਾਣਦੇ ਹਾਂ ਕੀ ਕੁਝ ਖਾਸ ਰਿਹਾ...
ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਇਲਾਕੇ ਦੇ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਦੇ ਲਾਭ ਲਈ ਸਹਾਇਕ ਕਿੱਤਿਆਂ ਸਬੰਧੀ ਵੱਖ-ਵੱਖ ਸਿਖਲਾਈ ਕੋਰਸਾਂ ਦਾ ਆਯੋਜਨ ਕਰਦਾ ਹੈ। ਇਸੇ ਸੰਦਰਭ ਵਿੱਚ 9 ਤੋਂ 13 ਸਤੰਬਰ 2024 ਤੱਕ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਖੁੰਬਾਂ ਦੀ ਕਾਸ਼ਤ ਬਾਬਤ ਪੰਜ ਦਿਨਾਂ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ।
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਿਖਿਆਰਥੀਆਂ ਨੂੰ ਕੇ.ਵੀ.ਕੇ. ਦੁਆਰਾ ਕਿਰਸਾਨੀ ਬਾਬਤ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਲਈ ਸਹਾਇਕ ਕਿੱਤਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾ ਬੌਂਸ ਨੇ ਦੱਸਿਆ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਖੁੰਬਾਂ ਦੀ ਖੇਤੀ ਸਹਾਇਕ ਕਿੱਤੇ ਵਜੋਂ ਸ਼ੁਰੂ ਕੀਤੀ ਜਾ ਸਕਦੀ ਹੈ।
ਸਿਖਲਾਈ ਦੌਰਾਨ, ਡਾ ਕਰਮਵੀਰ ਸਿੰਘ ਗਰਚਾ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਨੇ ਬਟਨ, ਢੀਂਗਰੀ, ਮਿਲਕੀ, ਸ਼ਿਟਾਕੀ ਅਤੇ ਪਰਾਲੀ ਵਾਲੀ ਖੁੰਬ ਦੀ ਕਾਸ਼ਤ, ਖੁੰਬਾਂ ਦਾ ਬੀਜ ਉਤਪਾਦਨ, ਖਾਦ ਦੀ ਤਿਆਰੀ ਅਤੇ ਫਸਲ ਪ੍ਰਬੰਧਨ ਬਾਰੇ ਡੂੰਘਾਈ ਨਾਲ ਚਰਚਾ ਕੀਤੀ।ਸਿਖਿਆਰਥੀਆਂ ਨੇ ਕੇ.ਵੀ.ਕੇ. ਕੈਂਪਸ ਵਿਖੇ ਪ੍ਰੈਕਟੀਕਲ ਸੈਸ਼ਨਾਂ ਦੌਰਾਨ ਹੱਥੀਂ ਮਸ਼ਰੂਮ ਦੀ ਕਾਸ਼ਤ ਦੇ ਵੱਖ-ਵੱਖ ਪਹਿਲੂ ਸਿੱਖੇ।ਕੇ.ਵੀ.ਕੇ. ਦੇ ਮਾਹਿਰਾਂ ਦੁਆਰਾ ਖੁੰਬਾਂ ਦੇ ਰੋਗ ਪ੍ਰਬੰਧਨ, ਖੁੰਬਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਬਾਰੇ ਲੈਕਚਰ ਵੀ ਦਿੱਤੇ ਗਏ।
ਸਿਖਿਆਰਥੀਆਂ ਨੇ ਸਫਲ ਮਸ਼ਰੂਮ ਉਤਪਾਦਕ ਅਤੇ ਕੇ.ਵੀ.ਕੇ. ਦੇ ਪੁਰਾਣੇ ਸਿਖਿਆਰਥੀ, ਸ. ਅਮਨਦੀਪ ਸਿੰਘ ਸਿੱਧੂ ਦੇ ਪਿੰਡ ਪਰਸੋਤਾ ਵਿਖੇ ਸਥਿਤ ਖੁੰਬ ਫਾਰਮ ਦਾ ਦੌਰਾ ਵੀ ਕੀਤਾ, ਜਿਸ ਦੌਰਾਨ ਉਨ੍ਹਾਂ ਵਪਾਰਿਕ ਪੱਧਰ ਤੇ ਮਸ਼ਰੂਮ ਦੀ ਖੇਤੀ ਲਈ ਆਪਣੇ ਸਫ਼ਰ ਅਤੇ ਤਜ਼ਰਬੇ ਸਾਂਝੇ ਕੀਤੇ।
ਇਸ ਮੌਕੇ ਡਾ. ਹਰਜੀਤ ਸਿੰਘ, ਬਾਗਬਾਨੀ ਵਿਕਾਸ ਅਫਸਰ, ਮਾਹਿਲਪੁਰ ਨੇ ਵੀ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਸ ਲਾਹੇਵੰਦ ਖੇਤੀ ਧੰਦੇ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨ ਵਰਗ ਦੀ ਭਲਾਈ ਲਈ ਖੁੰਬਾਂ ਦੀ ਖੇਤੀ ਸਬੰਧੀ ਬਾਗਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ।
ਸਰੋਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agriculture University)
Summary in English: Organized training course on Mushroom Farming by Krishi Vigyan Kendra, Hoshiarpur