ਅੱਜ ਮੰਗਲਵਾਰ ਨੂੰ ਪੀ.ਏ.ਯੂ ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹਕਾਰ ਸੇਵਾ ਕੇਂਦਰ ਵਿਚ ਪਸਾਰ ਕੌਂਸਲ ਦੀ ਮੀਟਿੰਗ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵਾਈਸ ਚਾਂਸਲਰ ਡਾ. ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪਸਾਰ ਵਿਗਿਆਨੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ।
ਵਾਈਸ ਚਾਂਸਲਰ ਡਾ. ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਉਦਯੋਗਾਂ ਦੀ ਲੋੜ ਅਨੁਸਾਰ ਕਣਕ ਦੀਆਂ ਵੱਖ-ਵੱਖ ਕਿਸਮਾਂ ਦਾ ਵਿਕਾਸ ਅਤੇ ਸਿਫ਼ਾਰਸ਼ਾਂ ਕੀਤੀਆਂ ਹਨ। ਸਾਡੀਆਂ ਸਿਫ਼ਾਰਸ਼ ਕੀਤੀਆਂ ਨਵੀਆਂ ਕਿਸਮਾਂ ਜ਼ਿੰਕ-2, ਚਪਾਤੀ ਅਤੇ ਸਟਾਰਚ ਮੁਕਤ ਕਣਕ ਦੀ ਕਿਸਮ ਪੌਸ਼ਟਿਕ ਗੁਣਾਂ ਦੇ ਨਾਲ-ਨਾਲ ਪਰਿਵਾਰਕ ਵਰਤੋਂ ਲਈ ਬੇਹੱਦ ਢੁੱਕਵੀਆਂ ਹਨ। ਡਾ. ਗੋਸਲ ਨੇ ਕਿਹਾ ਕਿ ਪਰਾਲੀ ਦੀ ਖੇਤ ਤੋਂ ਬਾਹਰ ਸੰਭਾਲ ਕਰਨ ਵਾਲੇ ਕਿਸਾਨਾਂ ਨੂੰ ਆਉਂਦੇ ਦਿਨਾਂ ਵਿਚ ਬਾਗਾਂ ਅਤੇ ਸਬਜ਼ੀਆਂ ਵਿਚ ਮਲਚਿੰਗ ਲਈ ਇਸ ਪਰਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੀ.ਏ.ਯੂ. ਵਾਤਾਵਰਨ ਪੱਖੀ ਖੇਤੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਆਚਾਰ ਵਾਲੀ ਮੱਕੀ ਦੇ ਮੁਕਾਬਲੇ ਬਾਜਰਾ ਅਤੇ ਚਰ੍ਹੀ ਦੇ ਸਾਈਲੇਜ ਸੰਬੰਧੀ ਖੋਜ ਕਰ ਰਹੀ ਹੈ।
ਇਸ ਮੌਕੇ ਬੋਲਦਿਆ ਪੀ.ਏ.ਯੂ. ਦੇ ਰਜਿਸਟਰਾਰ ਸ਼੍ਰੀ ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਕਿਹਾ ਮੌਜੂਦਾ ਸਮਿਆਂ ਵਿਚ ਪਰਾਲੀ ਨੂੰ ਸਾੜਨਾ ਸਭ ਤੋਂ ਵੱਡਾ ਮਸਲਾ ਹੈ ਅਤੇ ਪਸਾਰ ਮਾਹਿਰਾਂ ਨੂੰ ਇਸ ਮਸਲੇ ਨੂੰ ਹੱਲ ਕਰਨ ਲਈ ਹੋਰ ਵੀ ਤਤਪਰਤਾ ਨਾਲ ਕੰਮ ਕਰਨ ਦੀ ਲੋੜ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਪਸਾਰ ਮਾਹਿਰਾਂ ਨੂੰ ਪਿਛੇਤੀ ਬਿਜਾਈ ਲਈ ਪੀ.ਏ.ਯੂ. ਦੀਆਂ ਕਿਸਮਾਂ ਦੀ ਸਿਫ਼ਾਰਸ਼ ਕਿਸਾਨਾਂ ਤੱਕ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਦੇਰੀ ਵਾਲੀ ਹਾਲਤਾਂ ਵਿਚ ਵੀ ਪੈਦਾਵਾਰ ਵਿਚ ਸੁਧਾਰ ਕੀਤਾ ਜਾ ਸਕੇ। ਬਦਲਵੀਆਂ ਫਸਲਾਂ ਵਿਚ ਦਾਲਾਂ, ਤੇਲਬੀਜ, ਫਲ਼ਾਂ ਅਤੇ ਫੁੱਲਾਂ ਦੀ ਖੇਤੀ ਸੰਬੰਧੀ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ।
ਇਹ ਵੀ ਪੜੋ:- 25 ਨਵੰਬਰ 2023 ਨੂੰ Agricultural Engineering College ਦੀ ਸਲਾਨਾ ਐਲੂਮਨੀ ਮੀਟ
ਇਸ ਦੌਰਾਨ ਹੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਾਰਵਾਈ ਰਿਪੋਰਟ ਪੇਸ਼ ਕਰਦਿਆਂ ਪਸਾਰ ਮਾਹਿਰਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਅੰਤ ਵਿਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ.ਪੀ. ਐੱਸ ਸੋਢੀ ਨੇ ਸਭ ਦਾ ਧੰਨਵਾਦ ਕੀਤਾ। ਸ੍ਰੋਤ:- PAU LUDHIANA |
Summary in English: meeting of extension experts of PAU Ludhiana was held