ਭਾਰਤੀ ਖੇਤੀਬਾੜੀ ਨੇ ਆਜ਼ਾਦੀ ਤੋਂ ਬਾਅਦ ਬਹੁਤ ਤਰੱਕੀ ਕੀਤੀ ਹੈ, ਪਰ ਅਜੇ ਵੀ ਭੋਜਨ ਅਤੇ ਪੋਸ਼ਣ ਸੁਰੱਖਿਆ ਵਰਗੀਆਂ ਵੰਗਾਰਾਂ ਇਸ ਦੇ ਸਨਮੁੱਖ ਹਨ। ਪਿੰਡਾਂ ਵਿਚ ਵਸਦੀ ਖੇਤੀ ਦੇ ਨਾਲ ਜੁੜੀ ਹੋਈ ਆਬਾਦੀ ਦਾ ਜੀਵਨ ਪੱਧਰ ਉੱਪਰ ਚੁਕਣਾ ਸਮੇਂ ਦੀ ਪ੍ਰਮੁੱਖ ਮੰਗ ਹੈ।
ਇਸ ਤੋਂ ਇਲਾਵਾ ਮਹਿੰਗਾਈ ਅਤੇ ਬੇਰੋਜ਼ਗਾਰੀ ਦੀ ਸਮੱਸਿਆ ਅੱਜ ਕਲ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਸਮਾਜ ਅਤੇ ਨੀਤੀ-ਘਾੜ੍ਹੇ ਇਸ ਸਮੱਸਿਆ ਨਾਲ ਜੂਝਦੇ ਹੋਏ ਇਸਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਕਿੱਤਾ ਮੁੱਖੀ ਸਿਖਿਆ ਅਤੇ ਸਵੈ ਮਾਰਕਿਟਿੰਗ ਰਾਹੀਂ ਆਪਣੇ ਪੈਰਾਂ ਤੇ ਖੜੇ ਹੋਕੇ ਹੀ ਅਸੀਂ ਬੇਰੋਜ਼ਗਾਰੀ ਤੋਂ ਨਿਜਾਤ ਪਾ ਸਕਦੇ ਹਾਂ। ਨੌਜਵਾਨ ਪੀੜ੍ਹੀ, ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਆਤਮ ਨਿਰਭਰ ਬਣਾਉਣ ਅਤੇ ਉਨਾਂ ਦਾ ਆਰਥਕ ਪੱਧਰ ਸੁਧਾਰਨ ਦੇ ਮੰਤਵ ਦੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਸਕਿਲ ਡਿਵੈਲਪਮੈੰਟ ਸੈਂਟਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਕੀਤਾ ਮੁਖੀ ਸਿਖਲਾਈ ਦਿੰਦੀ ਹੈ।
ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪੰਜਾਬ ਦੇ 18 ਜ਼ਿਲ੍ਹਿਆਂ ਜਿਵੇਂ ਕਿ ਅੰਮ੍ਰਿਤਸਰ (ਨਾਗ ਕਲਾਂ ਜਹਾਂਗੀਰ), ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਸੰਗਰੂਰ (ਖੇੜੀ), ਪਟਿਆਲਾ(ਰੌਣੀ), ਕਪੂਰਥਲਾ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ (ਲੰਗੜੋਆ), ਹੁਸ਼ਿਆਰਪੁਰ (ਬਾਹੋਵਾਲ), ਸ਼੍ਰੀ ਮੁਕਤਸਰ ਸਾਹਿਬ (ਗੋਨਿਆਣਾ), ਮੋਗਾ (ਬੁੱਧ ਸਿੰਘ ਵਾਲਾ), ਲੁਧਿਆਣਾ (ਸਮਰਾਲਾ), ਸ਼੍ਰੀ ਫਤਿਹਗੜ੍ਹ ਸਾਹਿਬ (ਸ਼ਮਸ਼ੇਰ ਨਗਰ), ਜਲੰਧਰ (ਨੂਰ ਮਹਿਲ), ਮਾਨਸਾ (ਖੋਖਰ ਖੁਰਦ), ਰੋਪੜ (ਹਵੇਲੀ ਕਲਾਂ ਅਤੇ ਪਠਾਨਕੋਟ (ਘੋਹ) ਵਿਖੇ ਸਥਿਤ ਹਨ। ਇਹਨਾਂ ਕੇਂਦਰਾਂ ਤੇ ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਵਿੱਚ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖੋ-ਵੱਖ ਖੇਤਰ ਜਿਵੇਂ ਕਿ ਪੋਲਟਰੀ, ਡੇਅਰੀ, ਸੂਰ ਪਾਲਣ, ਮਧੂ-ਮੱਖੀ ਪਾਲਣ, ਖੁੰਭਾਂ ਦੀ ਕਾਸ਼ਤ, ਸਬਜ਼ੀਆਂ ਉਗਾਉਣ, ਮੱਛੀ ਪਾਲਣ, ਕੱਪੜਿਆਂ ਦੀ ਸਿਲਾਈ-ਕਢਾਈ ਆਦਿ ਵਿਸ਼ਿਆਂ ਵਿੱਚ ਕਿੱਤਾ-ਮੁਖੀ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਖੇਤੀ ਵੰਨ-ਸੁਵੰਨਤਾ ਅਤੇ ਮੰਡੀਕਰਨ ਨੂੰ ਧਿਆਨ ਵਿੱਚ ਰਖਦੇ ਹੋਏ ਬੀਜ ਉਤਪਾਦਨ, ਨਰਸਰੀ ਉਗਾਉਣ, ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਅਤੇ ਫੁੱਲਾਂ ਦੀ ਖੇਤੀ ਅਤੇ ਕੱਪੜਿਆਂ ਦੀ ਗੁਣਵੱਤਾ ਵਧਾਉਣ ਆਦਿ ਵਿਸ਼ਿਆਂ ਤੇ ਵੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਹਨਾਂ ਸਹਾਇਕ ਧੰਦਿਆਂ ਨੂੰ ਅਪਨਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਲਈ ਚਾਨਣ ਮੁਨਾਰਾ- ਕ੍ਰਿਸ਼ੀ ਵਿਗਿਆਨ ਕੇਂਦਰ
ਇਹਨਾਂ ਸਹਾਇਕ ਧੰਦਿਆਂ ਨੂੰ ਅਪਨਾਉਣ ਤੋਂ ਬਾਅਦ ਕਿਸਾਨ ਵੀਰ ਅਤੇ ਬੀਬੀਆਂ ਨਵੀਂ ਤਰ੍ਹਾਂ ਦਾ ਕੌਸ਼ਲ, ਗਿਆਨ ਅਤੇ ਤਜ਼ਰਬਾ ਹਾਸਲ ਕਰਦੀਆਂ ਹਨ ਅਤੇ ਆਪਣੀ ਸੂਝ ਬੂਝ ਵਰਤ ਕੇ ਆਪਣੇ ਪਰਿਵਾਰ ਦਾ ਜੀਵਨ ਪੱਧਰ ਉੱਪਰ ਚੁੱਕ ਸਕਦੀਆਂ ਹਨ। ਆਪਣੇ ਬੱਚਿਆਂ ਨੂੰ ਸੁਨਹਿਰੀ ਭਵਿੱਖ ਦੇਣਾ ਸਿਰਫ ਇੱਕ ਪਿਤਾ ਦਾ ਕੰਮ ਨਹੀਂ ਹੈ ਬਲਕਿ ਮਾਂ ਵੀ ਇਸ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਸਕਦੀ ਹੈ। ਇੱਕ ਆਰਥਿਕ ਤੌਰ ਤੇ ਆਤਮ ਨਿਰਭਰ ਮਾਂ ਨਾ ਕੇਵਲ ਆਪ ਸਵੈ-ਵਿਸ਼ਵਾਸ ਨਾਲ ਭਰਪੂਰ ਹੁੰਦੀ ਹੈ, ਬਲਕਿ ਆਪਣੇ ਬੱਚਿਆਂ ਲਈ ਵੀ ਪ੍ਰੇਰਣਾ-ਸਰੋਤ ਬਣ ਸਕਦੀ ਹੈ।
ਜਿਆਦਾਤਰ ਸਿਖਿਆਰਥੀਆਂ ਵੱਲੋਂ ਸਿਖਲਾਈ ਉਪਰੰਤ ਅਚਾਰ, ਚਟਨੀਆਂ, ਜੈਮ, ਮੁਰੱਬੇ, ਕਢਾਈ ਵਾਲੇ ਸੂਟ, ਪੇਂਟਿੰਗ ਵਾਲਾ ਸਮਾਨ, ਉਨੀ ਕੱਪੜੇ, ਸ਼ਹਿਦ, ਪਿੰਨੀਆਂ, ਪੰਜੀਰੀ, ਬਿਸਕੁਟ ਆਦਿ ਉਤਪਾਦ ਤਿਆਰ ਕੀਤੇ ਜਾਂਦੇ ਹਨ। ਜਦੋਂ ਉਹ ਇਨ੍ਹਾਂ ਉਤਪਾਦਾਂ ਨੂੰ ਪਿੰਡ ਪੱਧਰ ਤੇ ਵੇਚਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਈ ਵਾਰ ਆਪਣੇ ਆਲੇ-ਦੁਆਲੇ ਉਨਾਂ ਨੂੰ ਇਹਨਾਂ ਉਤਪਾਦਾਂ ਦਾ ਸਹੀ ਮੁੱਲ ਨਹੀਂ ਮਿਲਦਾ। ਇਸ ਲਈ ਸਿਖਲਾਈ ਦੇ ਦੌਰਾਨ ਉਹਨਾਂ ਨੂੰ ਤਿਆਰ ਉਤਪਾਦਾਂ ਆਕਰਸ਼ਕ ਪੈਕਿੰਗ ਅਤੇ ਮੰਡੀਕਰਨ ਬਾਰੇ ਦੱਸਿਆ ਜਾਂਦਾ ਹੈ ਤਾਂ ਜੋ ਕਿ ਵੱਧ ਤੋਂ ਵੱਧ ਲੋਕ ਉਹਨਾਂ ਦੇ ਸਮਾਨ ਨੂੰ ਪਸੰਦ ਕਰਕੇ ਖਰੀਦਣ।
ਇਹ ਵੀ ਪੜ੍ਹੋ: ਹੁਣ ਪਰਾਲੀ ਨੂੰ ਪਸ਼ੂਆਂ ਦੀ ਖੁਰਾਕ ਵਜੋਂ ਵਰਤਿਆ ਜਾਵੇਗਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਆਯੋਜਿਤ ਕਿਸਾਨ ਮੇਲੇ ਨਾਂ ਕੇਵਲ ਕਿਸਾਨ ਵੀਰਾਂ ਅਤੇ ਬੀਬੀਆਂ ਤੱਕ ਵਿਗਿਆਨਕ ਖੇਤੀ ਤਕਨੀਕਾਂ ਪਹੁੰਚਾਉਂਦੇ ਹਨ ਬਲਕਿ ਨਵੇਂ ਉੱਭਰਦੇ ਉੱਦਮੀਆਂ ਲਈ ਵੀ ਆਪਣੀ ਪਹਿਚਾਣ ਬਣਾਉਣ ਦਾ ਸੋਮਾ ਹਨ। ਕਿਸਾਨ ਮੇਲਿਆਂ ਵਿੱਚ ਸਵੈ-ਮਾਰਕਟਿੰਗ ਰਾਹੀਂ ਨਵੇਂ ਉੱਦਮੀ ਆਪਣੇ ਉਤਪਾਦਾਂ ਨੂੰ ਸਿੱਧੇ ਗਾਹਕਾਂ ਤੱਕ ਪਹੁੰਚਾ ਸਕਦੇ ਹਨ। ਕਿਸਾਨ ਮੇਲਿਆਂ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਵਿਚਰਦੇ ਹਨ ਅਤੇ ਖੇਤੀ ਗਿਆਨ ਤੋਂ ਇਲਾਵਾ ਉਹ ਖਰੀਦੋ-ਫਰੋਖਤ ਵੀ ਕਰਦੇ ਹਨ। ਇਸ ਲਈ ਇਹਨਾਂ ਕਿਸਾਨ ਮੇਲਿਆਂ ਦੇ ਵਿੱਚ ਸਵੈ ਸਹਾਇਤਾ ਸਮੂਹਾਂ, ਔਰਤਾਂ ਅਤੇ ਨੌਜਵਾਨਾਂ ਉੱਦਮੀਆਂ ਲਈ ਪ੍ਰਦਰਸ਼ਨੀ ਅਤੇ ਵਿਕਰੀ ਸਟਾਲ ਰਾਖਵੇਂ ਰੱਖੇ ਜਾਂਦੇ ਹਨ ਤਾਂ ਜੋ ਕਿ ਉਹ ਆਪਣਾ ਸਮਾਨ ਦੂਸਰਿਆਂ ਨੂੰ ਦਿਖਾ ਸਕਣ।
ਅਕਸਰ ਇਹ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਲੋਕ ਕਿਸੇ ਖਾਸ ਗਰੁੱਪ ਦੀ ਹਲਦੀ/ਅਚਾਰ/ਚਟਨੀ/ਸ਼ਹਿਦ ਆਦਿ ਖਰੀਦਣ ਲਈ ਬਾਰ-ਬਾਰ ਉਮੜਦੇ ਹਨ ਅਤੇ ਉਹ ਸਮਾਨ ਬਾਰੇ ਆਪਣੀ ਰਾਏ ਵੀ ਦੱਸਦੇ ਹਨ। ਇਹ ਟੀਕਾ ਟਿੱਪਣੀ ਅਤੇ ਸੁਝਾਅ ਨਵੇਂ ਉੱਦਮੀਆਂ ਨੂੰ ਆਪਣੇ ਉਤਪਾਦ ਦੀ ਗੁਣਵੱਤਾ ਸੁਧਾਰਣ ਦੇ ਵਿੱਚ ਬਹੁਤ ਸਹਾਈ ਹੁੰਦੇ ਹਨ। ਇਸ ਤੋਂ ਬਿਨਾਂ ਵਪਾਰ ਦੇ ਵਿੱਚ ਥੋੜੀ ਜਹੀ ਕਾਮਯਾਬੀ ਉਹਨਾਂ ਨੂੰ ਨੌਕਰੀਆਂ ਦੇ ਪਿੱਛੇ ਭੱਜਣ ਦੀ ਬਜਾਏ ਰੁਜ਼ਗਾਰ ਉਤਪਾਦਕ ਬਨਣ ਦਾ ਮੌਕਾ ਦਿੰਦੀ ਹੈ। ਕਿਸਾਨ ਮੇਲਿਆਂ ਵਿਚ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਮੇਲਾ ਸਟੇਜ ਤੇ ਇਨਾਮ ਵੀ ਦਿਤੇ ਜਾਂਦੇ ਹਨ, ਜੋ ਕਿ ਉਹਨਾਂ ਦੇ ਜੋਸ਼ ਨੂੰ ਹੋਰ ਪਕੇਰਾ ਕਰਦੇ ਹਨ।
ਮੁਕਦੀ ਗੱਲ ਇਹ ਹੈ ਕਿ ਤਕਨੀਕੀ ਜਾਣਕਾਰੀ, ਯੋਗ ਸਿਖਲਾਈ, ਕਰੜੀ ਮਿਹਨਤ, ਆਤਮ-ਵਿਸ਼ਵਾਸ, ਪਰਿਵਾਰ ਦਾ ਸਹਿਯੋਗ ਅਤੇ ਮੰਡੀਕਰਣ ਦੇ ਆਧੁਨਿਕ ਤਰੀਕੇ ਵਰਗੇ ਗੁਣਾਂ ਦਾ ਧਾਰਨ ਕਰਕੇ ਨਵੇਂ ਉੱਦਮੀ ਕਿਸਾਨ ਮੇਲਿਆਂ ਵਿਚ ਭਾਗ ਲੈ ਕੇ ਤਰੱਕੀ ਦੇ ਨਵੇਂ ਸਿਰਨਾਵੇ ਲਿਖ ਸਕਦੇ ਹਨ।
ਗੁਰਉਪਦੇਸ਼ ਕੌਰ ਅਤੇ ਪ੍ਰੇਰਨਾ ਕਪਿਲਾ
ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ
Summary in English: Kisan Melas: Key to success for budding entrepreneurs