
ਬੱਕਰੀ ਪਾਲਣ ਸਿਖਲਾਈ ਕੋਰਸ ਸੰਪੂਰਨ
Goat Farming: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਇਕ ਹਫ਼ਤੇ ਦਾ ਬੱਕਰੀ ਪਾਲਣ ਸਿਖਲਾਈ ਕੋਰਸ ਸੰਪੂਰਨ ਹੋ ਗਿਆ।
ਇਸ ਸਿਖਲਾਈ ਵਿੱਚ 32 ਕਿਸਾਨਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ 28 ਮਰਦ ਅਤੇ ਚਾਰ ਔਰਤਾਂ ਸਨ। ਇਹ ਕਿਸਾਨ ਪੰਜਾਬ ਤੋਂ ਇਲਾਵਾ ਝਾਰਖੰਡ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਪਹੁੰਚੇ ਸਨ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਪਸ਼ੂਧਨ ਕਿੱਤਿਆਂ ਦੀ ਬਿਹਤਰੀ ਵਾਸਤੇ ਵਿਸ਼ੇਸ਼ ਕੰਮ ਕਰ ਰਹੀ ਹੈ ਜਿਨ੍ਹਾਂ ਵਿੱਚ ਬੱਕਰੀ ਪਾਲਣ ਵੀ ਪ੍ਰਮੁੱਖ ਹੈ। ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਆ ਕਿ ਉਹ ਯੂਨੀਵਰਸਿਟੀ ਦੇ ਸੰਪਰਕ ਵਿੱਚ ਰਹਿਣ ਤੇ ਨਵੀਨਤਮ ਜਾਣਕਾਰੀ ਨਾਲ ਜੁੜੇ ਰਹਿਣ। ਉਨ੍ਹਾਂ ਬੱਕਰੀ ਪਾਲਣ ਦੇ ਕਿੱਤੇ ਨੂੰ ਇਕ ਬਿਹਤਰ ਆਮਦਨ ਦੇਣ ਵਾਲੇ ਕਿੱਤੇ ਵਜੋਂ ਪਰਿਭਾਸ਼ਿਤ ਕੀਤਾ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਯੂਨੀਵਰਸਿਟੀ ਦਾ ਇਹ ਟੀਚਾ ਹੈ ਕਿ ਪਸ਼ੂ ਪਾਲਣ ਕਿੱਤਿਆਂ ਰਾਹੀਂ ਪੇਂਡੂ ਖੇਤਰ ਦੀ ਆਮਦਨ ਨੂੰ ਵਧਾਇਆ ਜਾਵੇ। ਉਨ੍ਹਾਂ ਬੱਕਰੀ ਪਾਲਣ ਕਿੱਤੇ ਦੇ ਵਿਭਿੰਨ ਲਾਭਾਂ ਬਾਰੇ ਚਾਨਣਾ ਪਾਇਆ।
ਡਾ. ਜਸਵਿੰਦਰ ਸਿੰਘ, ਕੋਰਸ ਨਿਰਦੇਸ਼ਕ ਅਤੇ ਮੁਖੀ, ਵੈਟਨਰੀ ਪਸਾਰ ਸਿੱਖਿਆ ਵਿਭਾਗ ਨੇ ਸਿਖਲਾਈ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆਰਥੀਆਂ ਨੂੰ ਮੌਖਿਕ ਗਿਆਨ ਦੇ ਨਾਲ ਵਿਹਾਰਕ ਗਿਆਨ ਵੀ ਦਿੱਤਾ ਗਿਆ। ਉਨ੍ਹਾਂ ਨੂੰ ਜਾਨਵਰਾਂ ਦੇ ਸ਼ੈਡ ਤਿਆਰ ਕਰਨ, ਖੁਰਾਕ, ਪ੍ਰਜਣਨ, ਸਿਹਤ ਪ੍ਰਬੰਧ, ਬਿਮਾਰੀਆਂ ਤੋਂ ਬਚਾਅ, ਜੈਵਿਕ ਸੁਰੱਖਿਆ, ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਮੰਡੀਕਰਨ ਨੀਤੀਆਂ ਬਾਰੇ ਦੱਸਿਆ ਗਿਆ।
ਇਹ ਵੀ ਪੜ੍ਹੋ: Paddy-Basmati ਵਿੱਚ ਖਾਦਾਂ ਅਤੇ ਪਾਣੀ ਦੀ ਸੰਤੁਲਿਤ ਵਰਤੋਂ ਸਬੰਧੀ Sangrur ਨੇ ਪਿੰਡ ਰਾਜਪੁਰਾ ਵਿਖੇ ਕੈਂਪ ਦਾ ਆਯੋਜਨ
ਅਗਾਂਹਵਧੂ ਬੱਕਰੀ ਪਾਲਕ ਸ਼੍ਰੀ ਅਸਵਰ ਅਲੀ (ਕਾਲਾ ਗੋਸਲ) ਨੇ ਆਪਣੇ ਪੇਸ਼ੇਵਰ ਤਜਰਬੇ ਸਾਂਝੇ ਕਰਦਿਆਂ ਕਈ ਮਹੱਤਵਪੂਰਨ ਨੁਕਤੇ ਦੱਸੇ। ਸਿੱਖਿਆਰਥੀਆਂ ਨੂੰ ਉਨ੍ਹਾਂ ਦੇ ਵਿਚਾਰਾਂ ਨੇ ਬਹੁਤ ਪ੍ਰਭਾਵਿਤ ਕੀਤਾ। ਇਸ ਸਿਖਲਾਈ ਦਾ ਸੰਯੋਜਨ ਡਾ. ਰਾਕੇਸ਼ ਸ਼ਰਮਾ ਅਤੇ ਡਾ. ਅਸ਼ੀਸ਼ ਮੀਲ ਨੇ ਕੀਤਾ।
ਪਸਾਰ ਸਿੱਖਿਆ ਵਿਭਾਗ ਵੱਲੋਂ 30 ਜੂਨ 2025 ਤੋਂ ਡੇਅਰੀ ਫਾਰਮਿੰਗ ਸੰਬੰਧੀ ਦੋ ਹਫ਼ਤੇ ਦਾ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ। ਚਾਹਵਾਨ ਕਿਸਾਨ, ਕਿਸਾਨ ਸੂਚਨਾ ਕੇਂਦਰ ਦੇ ਫੋਨ ਨੰਬਰ 62832-97919 ’ਤੇ ਸੰਪਰਕ ਕਰਕੇ ਆਪਣਾ ਨਾਂ ਦਰਜ ਕਰਵਾ ਸਕਦੇ ਹਨ।
Summary in English: Interest in Goat Farming is increasing: Veterinary Experts