Progressive Farmers: ਵਾਤਾਵਰਣ ਦੀ ਸ਼ੁੱਧਤਾ ਲਈ ਪਰਾਲੀ ਨੂੰ ਬਿਨਾਂ ਅੱਗ ਲਗਾਏ ਨਿਪਟਾਰਾ ਕਰਨ ਵਾਲੇ ਮਾਲੇਰਕੋਟਲਾ ਜ਼ਿਲ੍ਹੇ ਦੇ 51 ਕਿਸਾਨਾਂ ਦਾ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ. ਪੱਲਵੀ ਨੇ ਸਥਾਨਕ ਪੰਜਾਬ ਉਰਦੂ ਅਕਾਦਮੀ ਵਿਖੇ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ ਤੌਰ ਉੱਤੇ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਖੇਤੀਬਾੜੀ ਬਲਾਕ ਮਾਲੇਰਕੋਟਲਾ ਦੇ 26 ਅਤੇ ਬਲਾਕ ਅਹਿਮਦਗੜ੍ਹ ਦੇ 25 ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ,ਚੇਅਰਮੈਨ ਮਾਰਕੀਟ ਕਮੇਟੀ ਸੰਦੌੜ ਸ੍ਰੀ ਕਰਮਜੀਤ ਸਿੰਘ ਤੋਂ ਇਲਾਵਾ ਹੋਰ ਖੇਤੀਬਾੜੀ ਮਾਹਿਰ ਮੌਜੂਦ ਸਨ।
ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਸਨਮਾਨ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਅਜਿਹੇ ਢੰਗ ਤਰੀਕੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੀ ਗਿਣਤੀ ਵਧ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਨ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ, ਜਿਸ ਕਾਰਨ ਪਿਛਲੇ ਸਾਲ ਜ਼ਿਲ੍ਹੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਕਰੀਬ 50 ਫੀਸਦੀ ਕਮੀ ਆਈ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਂਦੇ ਹੋਏ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ ਤੱਕ ਘਟਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਵਾਤਾਵਰਨ ਪੱਖੀ ਨਿਪਟਾਰੇ ਲਈ ਸਰਕਾਰ ਵੱਲੋਂ ਸਬਸਿਡੀ 'ਤੇ ਆਧੁਨਿਕ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਬਹੁਤ ਗੰਭੀਰ ਯਤਨ ਕਰ ਰਹੀ ਹੈ ਅਤੇ ਹਰ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਉਦਯੋਗਾਂ ਅਤੇ ਭੱਠਿਆਂ ਨੂੰ ਪਰਾਲੀ ਨੂੰ ਬਾਲਣ ਵਜੋਂ ਵਰਤਣ ਲਈ ਪ੍ਰੇਰਿਤ ਕੀਤਾ ਗਿਆ ਹੈ, ਪਰ ਪਰਾਲੀ ਦੇ ਕੁਝ ਹਿੱਸੇ ਦਾ ਹੀ ਨਿਪਟਾਰਾ ਕੀਤਾ ਜਾਂਦਾ ਹੈ, ਜਦੋਂਕਿ ਕਿਸਾਨਾਂ ਦੇ ਸਹਿਯੋਗ ਤੋਂ ਬਿਨਾਂ 80 ਫ਼ੀਸਦੀ ਪਰਾਲੀ ਦਾ ਨਿਪਟਾਰਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਅਗਾਂਹਵਧੂ ਕਿਸਾਨ ਬਣਿਆ ਕੁਦਰਤੀ ਸੋਮਿਆਂ ਦਾ ਰਾਖਾ, ਕਿਸਾਨਾਂ ਨੂੰ ਦਿੰਦਾ ਹੈ ਖਾਦਾਂ-ਰਸਾਇਣਾਂ ਤੋਂ ਪਰਹੇਜ਼ ਦਾ ਸੰਦੇਸ਼
ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨਾ ਸਾੜਨ ਨੂੰ ਪਹਿਲ ਦੇਣ। ਸਰਬੱਤ ਦੇ ਭਲੇ ਲਈ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਠੱਲ੍ਹ ਪਾ ਕੇ ਮਨੁੱਖਤਾ ਦੀ ਸੱਚੀ ਸੇਵਾ ਵਿੱਚ ਯੋਗਦਾਨ ਪਾਈਏ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਪਰਾਲੀ ਦਾ ਪ੍ਰਬੰਧਨ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਸੰਗਰੂਰ ਡਾ ਮਨਦੀਪ ਸਿੰਘ, ਖੇਤੀਬਾੜੀ ਇੰਜੀਨੀਅਰ ਡਾ. ਸੁਨੀਲ ਕੁਮਾਰ,ਡਿਪਟੀ ਡਾਇਰੈਕਟਰ ਡਾਇਰੀ ਸ੍ਰੀ ਜਸਵਿੰਦਰ ਸਿੰਘ, ਵੈਟਰਨਰੀ ਅਫ਼ਸਰ ਡਾ ਸੁਹੇਲ ਲਿਆਕਤ, ਮੱਛੀ ਪਾਲਣ ਅਫ਼ਸਰ ਸ੍ਰੀ ਲਵਪ੍ਰੀਤ ਸਿੰਘ , ਖੇਤੀਬਾੜੀ ਵਿਕਾਸ ਅਫ਼ਸਰ ਡਾ ਕੁਲਬੀਰ ਸਿੰਘ ਅਤੇ ਸ੍ਰੀਮਤੀ ਕੁਲਦੀਪ ਕੌਰ ਨੇ ਆਪਣੇ ਆਪਣੇ ਵਿਭਾਗਾਂ ਸਬੰਧੀ ਸਕੀਮਾਂ ਦਾ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਨੇ ਕਿਹਾ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨ ਆਪਣੇ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰਨ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਹੋਰਨਾਂ ਕਿਸਾਨਾਂ ਨੂੰ ਵੀ ਅਜਿਹਾ ਮਾਣ-ਸਨਮਾਨ ਦਿੱਤਾ ਜਾ ਸਕੇ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਮਾਲੇਰਕੋਟਲਾ (District Public Relations Office Malerkotla)
Summary in English: Honoring 51 Progressive Farmers of Punjab