District SBS Nagar News: ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਜ਼ਿਲ੍ਹਾ ਐੱਸ ਬੀ ਐੱਸ ਨਗਰ ਦੇ ਪਿੰਡ ਪਠਲਾਵਾ ਵਿਚ ਇਕ ਮਿੰਨੀ ਜੰਗਲ ਸਥਾਪਿਤ ਕੀਤਾ ਹੈ। ਇਹ ਜੰਗਲ ਪ੍ਰਵਾਸੀ ਭਾਰਤੀ ਸ. ਜਗਤਾਰ ਸਿੰਘ ਤੰਬਰ ਦੀ ਯਾਦ ਵਿਚ ਉਹਨਾਂ ਦੇ ਪਰਿਵਾਰ ਨੇ ਰਵਾਇਤੀ ਰੁੱਖਾਂ ਦੇ ਰੂਪ ਵਿਚ ਸਥਾਪਿਤ ਕੀਤਾ ਹੈ। ਦੱਸ ਦੇਈਏ ਕਿ ਤੰਬਰ ਪਰਿਵਾਰ ਨੇ ਤਕਨੀਕੀ ਅਗਵਾਈ ਅਤੇ ਚੰਗੇ ਪੌਦਿਆਂ ਲਈ ਪੀ.ਏ.ਯੂ. ਨਾਲ ਸੰਪਰਕ ਬਣਾਇਆ ਸੀ।
ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਰਾਊਂਡ ਗਲਾਸ ਫਾਊਂਡੇਸ਼ਨ ਅਤੇ ਤੰਬਰ ਪਰਿਵਾਰ ਦੇ ਸਹਿਯੋਗ ਨਾਲ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ। 200 ਦੇ ਕਰੀਬ ਰਵਾਇਤੀ ਰੁੱਖ ਜਿਨ੍ਹਾਂ ਵਿਚ 24 ਕਿਸਮਾਂ ਦੇ ਫਲਦਾਰ ਬੂਟੇ ਅਤੇ ਝਾੜੀਆਂ ਸ਼ਾਮਿਲ ਹਨ, ਤੰਬਰ ਪਰਿਵਾਰ ਵੱਲੋਂ ਮੁਹੱਈਆ ਕਰਾਈ ਕਰੀਬ ਅੱਧਾ ਏਕੜ ਜ਼ਮੀਨ ਉੱਪਰ ਲਾਏ ਗਏ।
ਇਸ ਸੰਬੰਧੀ ਇਕ ਵਿਸ਼ੇਸ਼ ਸਮਾਰੋਹ ਹੋਇਆ ਜਿਸ ਵਿਚ ਵਿਭਾਗ ਦੇ ਮੁਖੀ ਡਾ. ਗੁਰਵਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਿੰਨੀ ਜੰਗਲ ਦਾ ਮਹੱਤਵ ਪੰਜਾਬ ਦੇ ਮੂਲ ਰੁੱਖਾਂ ਅਤੇ ਜੀਵਾਂ ਨੂੰ ਬਚਾਉਣ ਦੀ ਕੋਸ਼ਿਸ਼ ਵਜੋਂ ਪਛਾਣਿਆ ਜਾ ਸਕਦਾ ਹੈ। ਉਹਨਾਂ ਨੇ ਭਵਿੱਖ ਵਿਚ ਇਹਨਾਂ ਰੁੱਖਾਂ ਦੀ ਸਾਂਭ-ਸੰਭਾਲ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
ਸਮਾਰੋਹ ਦੀ ਸ਼ੁਰੂਆਤ ਅਰਦਾਸ ਨਾਲ ਹੋਈ। ਵਿਦੇਸ਼ੀ ਪਰਿਵਾਰ ਨੇ ਇਸ ਤੋਂ ਬਾਅਦ ਇਕ ਇਕ ਪੌਦਾ ਲਾਇਆ। ਰਾਊਂਡ ਗਲਾਸ ਫਾਊਂਡੇਸ਼ਨ ਦੇ ਰੋਮਨਪ੍ਰੀਤ ਸਿੰਘ ਅਤੇ ਡਾ. ਤਰਨਵੀਰ ਸਿੰਘ ਦੇ ਨਾਲ ਸ਼੍ਰੀ ਇਕਬਾਲ ਸਿੰਘ ਅਟਵਾਲ ਵੀ ਪੌਦੇ ਲਾਉਣ ਦੀ ਇਸ ਮੁਹਿੰਮ ਦਾ ਹਿੱਸਾ ਬਣੇ।
ਇਹ ਵੀ ਪੜ੍ਹੋ : MOONG VARIETY: PAU ਵੱਲੋਂ ਕਿਸਾਨਾਂ ਨੂੰ ਅਪੀਲ, Punjab ਦੇ ਕਿਸਾਨ ਵਧੇਰੇ ਝਾੜ ਦੇਣ ਵਾਲੀ ਮੂੰਗੀ ਦੀ ਕਿਸਮ SML 1827 ਦੀ ਕਰਨ ਕਾਸ਼ਤ
ਜ਼ਿਕਰਯੋਗ ਹੈ ਕਿ ਇਸ ਜੰਗਲ ਵਿਚ ਬਹੁਤ ਸਾਰੇ ਰਵਾਇਤੀ ਰੁੱਖ ਲਾਏ ਗਏ ਹਨ ਜਿਨ੍ਹਾਂ ਵਿਚ ਬਹੇੜਾ, ਤੁਣ, ਟਾਹਲੀ, ਸਰੀਂਹ, ਕਿੱਕਰ, ਜਾਮਣ, ਕਚਨਾਰ, ਸੁਖਚੈਨ, ਲਸੂੜਾ, ਨਿੰਮ, ਅਰਜੁਨ, ਬਰਮਾ ਡੇਕ, ਅਮਲਤਾਸ, ਰੀਠਾ, ਬੇਲ, ਅੰਬ, ਅਮਰੂਦ, ਆਂਮਲਾ, ਸੁਹੰਜਨਾ ਆਦਿ ਪ੍ਰਮੁੱਖ ਹਨ। ਇਸ ਸਮਾਰੋਹ ਨੂੰ ਪਿੰਡ ਦੇ ਸਰਪੰਚ ਹਰਪਾਲ ਸਿੰਘ ਅਤੇ ਪੰਚਾਇਤ ਮੈਂਬਰਾਂ ਤਰਸੇਮ ਸਿੰਘ ਅਤੇ ਕੁਲਵਿੰਦਰ ਸਿੰਘ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਆਯੋਜਿਤ ਕੀਤਾ ਗਿਆ ਸੀ।
Summary in English: Great Initiative: 'Mini Jungle' established in Pathalawa village of District SBS Nagar, including 200 traditional trees including 24 types of fruit trees and shrubs