Doctorate Degree: ਰਾਜਸਥਾਨ ਦੇ ਕਰਨ ਨਰੇਂਦਰ ਖੇਤੀ ਯੂਨੀਵਰਸਿਟੀ ਜੋਬਨੇਰ ਦੇ ਪਹਿਲੇ ਡਿਗਰੀ ਵੰਡ ਸਮਾਰੋਹ ਵਿਚ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਪਦਮਸ਼੍ਰੀ ਡਾ. ਬਲਦੇਵ ਸਿੰਘ ਢਿੱਲੋਂ ਨੂੰ ਡਾਕਟਰ ਆਫ ਸਾਇੰਸ ਦੀ ਡਿਗਰੀ ਨਾਲ ਨਿਵਾਜਿਆ ਗਿਆ।
ਇਹ ਡਿਗਰੀ ਡਾ. ਢਿੱਲੋਂ ਨੂੰ ਖੇਤੀ ਵਿਗਿਆਨ ਅਤੇ ਪ੍ਰਸ਼ਾਸਨ ਸੰਬੰਧੀ ਕੀਤੇ ਕਾਰਜਾਂ ਨੂੰ ਧਿਆਨ ਵਿਚ ਰੱਖਦਿਆਂ ਦਿੱਤੀ ਗਈ। ਇਸ ਸਮਾਰੋਹ ਦੀ ਪ੍ਰਧਾਨਗੀ ਰਾਜਸਥਾਨ ਦੇ ਰਾਜਪਾਲ ਅਤੇ ਜੋਬਨੇਰ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਕਲਰਾਜ ਮਿਸ਼ਰ ਨੇ ਕੀਤੀ।
ਸ਼੍ਰੀ ਮਿਸ਼ਰ ਨੇ ਆਪਣੇ ਕਰ-ਕਮਲਾਂ ਨਾਲ ਡਾ. ਢਿੱਲੋਂ ਨੂੰ ਡਾਕਟਰ ਆਫ ਸਾਇੰਸ ਦੀ ਡਿਗਰੀ ਪ੍ਰਦਾਨ ਕਰਦਿਆਂ ਉਹਨਾਂ ਦੀ ਸ਼ਖਸ਼ੀਅਤ ਬਾਰੇ ਵਿਸ਼ੇਸ਼ ਟਿੱਪਣੀ ਕੀਤੀ। ਉਹਨਾਂ ਕਿਹਾ ਕਿ ਡਾ. ਢਿੱਲੋਂ ਨੇ ਨਾ ਸਿਰਫ ਇਕ ਵਿਗਿਆਨੀ ਦੇ ਤੌਰ 'ਤੇ ਮੱਕੀ ਦੀਆਂ ਨਵੀਆਂ ਕਿਸਮਾਂ ਦੀ ਖੋਜ ਕਰਕੇ ਦੇਸ਼ ਨੂੰ ਖੇਤੀ ਵਿਭਿੰਨਤਾ ਵੱਲ ਤੋਰਨ ਲਈ ਯੋਗਦਾਨ ਪਾਇਆ ਬਲਕਿ ਉਹਨਾਂ ਦੀ ਅਗਵਾਈ ਵਿਚ ਪੀ.ਏ.ਯੂ. ਨੇ ਖੇਤੀ ਖੋਜ, ਪਸਾਰ ਅਤੇ ਅਕਾਦਮਿਕ ਖੇਤਰ ਵਿਚ ਸਿਖਰਾਂ ਛੂਹੀਆਂ। ਸ਼੍ਰੀ ਮਿਸ਼ਰ ਨੇ ਕਿਹਾ ਕਿ ਅਜਿਹੇ ਉੱਚ ਦੁਮਾਲੜੇ ਖੇਤੀ ਵਿਗਿਆਨੀ ਦਾ ਸਨਮਾਨ ਕਰਦਿਆਂ ਸਮੁੱਚੇ ਭਾਰਤ ਦੀ ਖੇਤੀ ਵਿਗਿਆਨ ਖੇਤਰ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ।
ਇਸ ਮੌਕੇ ਆਪਣੀ ਟਿੱਪਣੀ ਵਿਚ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਇਕ ਵਿਗਿਆਨੀ ਅਤੇ ਪ੍ਰਸ਼ਾਸਕ ਵਜੋਂ ਉਹਨਾਂ ਦੀ ਪ੍ਰਤਿਭਾ ਦੇ ਨਿਖਾਰ ਵਿਚ ਪੀ.ਏ.ਯੂ. ਦਾ ਭਰਪੂਰ ਯੋਗਦਾਨ ਹੈ। ਉਹਨਾਂ ਨਵੇਂ ਖੇਤੀ ਵਿਗਿਆਨੀਆਂ ਨੂੰ ਲਗਾਤਾਰ ਮਿਹਤਨ ਕਰਨ ਅਤੇ ਆਪਣੀ ਨਿਸ਼ਾਨਿਆਂ ਦੀ ਪ੍ਰਾਪਤੀ ਤੱਕ ਡਟੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਢਿੱਲੋਂ ਨੇ ਜੋਬਨੇਰ ਯੂਨੀਵਰਸਿਟੀ ਦੇ ਸਮੂਹ ਪ੍ਰਸ਼ਾਸਕਾਂ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ : Educational Visit: ਪੀਏਯੂ ਦੇ ਐਗਰੀ-ਕਾਲਜ, ਬੱਲੋਵਾਲ ਸੌਂਖੜੀ ਦੇ ਵਿਦਿਆਰਥੀ ਲੁਧਿਆਣਾ ਦੇ ਵਿੱਦਿਅਕ ਦੌਰੇ 'ਤੇ ਰਵਾਨਾ
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਪੀ.ਏ.ਯੂ. ਦੇ ਉੱਚ ਅਧਿਕਾਰੀਆਂ, ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਸਮੁੱਚੇ ਕਰਮਚਾਰੀਆਂ ਨੇ ਡਾ. ਬਲਦੇਵ ਸਿੰਘ ਢਿੱਲੋਂ ਦੀ ਇਸ ਪ੍ਰਾਪਤੀ ਉੱਪਰ ਮਾਣ ਮਹਿਸੂਸ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।
Summary in English: Good News: Former PAU VC Dr BS Dhillon Conferred with doctorate degree.