ਪੰਜਾਬ ਸਰਕਾਰ ਨੇ ਸਹਾਇਕ ਕਿੱਤੇ ਸ਼ੁਰੂ ਕਰਨ ਵਾਲੇ ਕਿਸਾਨਾਂ ਲਈ ਅਹਿਮ ਐਲਾਨ ਕੀਤਾ ਹੈ। ਸਰਕਾਰ ਦੁੱਧ, ਮੀਟ ਤੇ ਪਸ਼ੂ ਆਹਾਰ ਦੇ ਕਾਰਖਾਨੇ ਲਾਉਣ ਵਾਲਿਆਂ ਨੂੰ ਵਿਆਜ ਦਰ ‘ਤੇ 3 ਫੀਸਦੀ ਸਬਸਿਡੀ ਦੇਵੇਗੀ। ਇਹ ਐਲਾਨ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਤੇ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਵਾਇਤੀ ਖੇਤੀਬਾੜੀ ਫਸਲੀ ਚੱਕਰ ਤੋਂ ਬਾਹਰ ਕੱਢਣ ਲਈ ਵੱਖ-ਵੱਖ ਸਕੀਮਾਂ ਸਮੇਂ-ਸਮੇਂ ‘ਤੇ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੂਬੇ ਵਿੱਚ ਸਹਾਇਕ ਧੰਦਿਆਂ ਨੂੰ ਵਿਕਸਤ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਦੁੱਧ ਪਦਾਰਥ, ਮੀਟ, ਕੈਟਲ ਫੀਡ ਦੀ ਕੁਆਲਟੀ ਵਧਾਉਣ, ਸਾਂਭ-ਸੰਭਾਲ ਤੇ ਵਧੀਆ ਮੰਡੀਕਰਨ ਲਈ ਨਵੇਂ ਉੱਦਮੀਆਂ, ਕੰਪਨੀਆਂ ਤੇ ਕਿਸਾਨ ਉਤਪਾਦਕ ਸੰਸਥਾਂਵਾਂ ਲਈ ਨਵੀਂ ਸਕੀਮ ਸ਼ੁਰੂ ਕੀਤੀ ਹੈ।
ਇਸ ਤਹਿਤ ਦੁੱਧ ਤੋਂ ਦੁੱਧ ਪਦਾਰਥ, ਮੀਟ, ਕੈਟਲ ਫੀਡ ਤੇ ਸਾਈਲੇਜ਼ ਦੇ ਕਾਰਖਾਨੇ/ਪਲਾਂਟ ਲਾਉਣ ਲਈ ਵਿਆਜ ਦਰ `ਤੇ 3 ਫੀਸਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ 15 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਪੂਰੇ ਦੇਸ਼ ਵਿੱਚ 3 ਫੀਸਦੀ ਵਿਆਜ ਦੀ ਸਬਸਿਡੀ ਦੇਣ ਲਈ ਲਈ ਰੱਖੀ ਗਈ ਹੈ ਤੇ ਇਹ ਸਕੀਮ ਤਿੰਨ ਸਾਲ ਲਈ ਚਾਲੂ ਰਹੇਗੀ।
ਉਨ੍ਹਾਂ ਕਿਹਾ ਕਿ ਇਹ ਆਮ ਦੇਖਿਆ ਗਿਆ ਹੈ ਕਿ ਕਿਸਾਨ ਸਹਾਇਕ ਧੰਦੇ ਅਪਣਾ ਕੇ ਵਧੀਆ ਉਪਜ ਤਾਂ ਲੈ ਰਹੇ ਹਨ, ਪਰ ਇਨ੍ਹਾਂ ਤੋਂ ਉਤਪਾਦ ਤਿਆਰ ਕਰਨਾ, ਉੁਨ੍ਹਾਂ ਦੀ ਵਧੀਆ ਸਾਂਭ ਸੰਭਾਲ ਤੇ ਮਿਆਰੀ ਮੰਡੀਕਰਨ ਦੀ ਵਧੇਰੇ ਲੋੜ ਹੈ ਤਾਂ ਜੋ ਕੁਆਲਟੀ ਦੇ ਉਤਪਾਦ ਖਪਤਕਾਰ ਤੱਕ ਪਹੁੰਚਾਏ ਜਾ ਸਕਣ। ਉਨ੍ਹਾਂ ਨਾਲ ਹੀ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਸੂਬੇ ਵਿੱਚ ਉਦਯੋਗ ਸਥਾਪਤ ਹੋਣਗੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਖਪਤਕਾਰਾਂ ਨੂੰ ਸੂਬੇ ਵਿੱਚ ਹੀ ਤਿਆਰ ਕੀਤੇ ਹੋਏ ਕੁਆਲਟੀ ਪਦਾਰਥ ਮਿਲਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਨਵੀ ਪੀੜੀ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲਣ ਕਰਕੇ ਹੁਣ ਨਿਰੋਲ ਘਿਓ ਤੇ ਪਾਊਡਰ ਬਣਾਉਣ ਦੇ ਕਾਰਖਾਨਿਆਂ ਨਾਲੋਂ ਵੱਖ ਵੱਖ ਤਰ੍ਹਾਂ ਦੇ ਪਨੀਰ ਤੇ ਚੀਜ਼, ਯੋਗਹਰਟ, ਸੁਗੰਧਤ ਦੁੱਧ, ਆਈਸਕਰੀਮ ਤੇ ਸਿਹਤ ਵਧਾਉਣ ਵਾਲੇ ਪਦਾਰਥਾਂ ਦੀ ਮੰਗ ਵਧ ਰਹੀ ਹੈ। ਇਸੇ ਤਰ੍ਹਾਂ ਮੀਟ ਤੋਂ ਮੀਟ ਦੇ ਵੱਖ ਵੱਖ ਉਤਪਾਦ ਬਣਾ ਕੇ ਵਧਦੀ ਆਬਾਦੀ ਦੀ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਤੇ ਨਵੇਂ ਉੱਦਮੀਆਂ ਨੂੰ ਜਾਣਕਾਰੀ ਤੇ ਹੋਰ ਸਹੂਲਤਾਂ ਦੇਣ ਲਈ ਨੋਡਲ ਅਧਿਕਾਰੀ ਲਾਏ ਜਾਣ।ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਨੇ ਸੂਬੇ ਦੇ ਨਵੇਂ ਅਤੇ ਪੁਰਾਣੇ ਉੱਦਮੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਸਕੀਮ ਤੋਂ ਲਾਭ ਲੈਣ ਲਈ ਵਿਭਾਗ ਦੇ ਮੁੱਖ ਦਫਤਰ, ਡਿਪਟੀ ਡਾਇਰੈਕਟਰ ਦਫਤਰਾਂ ਤੇ ਵਿਭਾਗੀ ਹੈਲਪਲਾਈਨ 0172-5027285 ‘ਤੇ ਸੰਪਰਕ ਕਰਨ।
Summary in English: Good news for dairy farmers! Punjab Government announces new scheme