'ਡੇਅਰੀ ਫਾਰਮਿੰਗ ਅਤੇ ਮਿਲਕ ਪ੍ਰੋਸੈਸਿੰਗ ਵਿੱਚ ਨਵੀਂ ਪਹਿਲਕਦਮੀ' ਲਈ ਨਾਬਾਰਡ ਵੱਲੋਂ ਸਿਖਲਾਈ ਪ੍ਰੋਗਰਾਮ ਸਪਾਂਸਰ ਕੀਤਾ ਗਿਆ।
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University), ਲੁਧਿਆਣਾ ਵਿਖੇ ਪਸਾਰ ਸਿੱਖਿਆ ਨਿਰਦੇਸ਼ਾਲੇ ਅਤੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵੱਲੋਂ ਸਾਂਝੇ ਤੌਰ ’ਤੇ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਨਾਬਾਰਡ ਬੈਂਕ ਵੱਲੋਂ ਪ੍ਰਾਯੋਜਿਤ ਇਸ ਸਿਖਲਾਈ ਦਾ ਵਿਸ਼ਾ ‘ਡੇਅਰੀ ਫਾਰਮਿੰਗ ਅਤੇ ਦੁੱਧ ਦੀ ਪ੍ਰਾਸੈਸਿੰਗ ਸੰਬੰਧੀ ਨਵੇਂ ਉਪਰਾਲੇ’ ਸੀ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਕੋਰਸ ਨਿਰਦੇਸ਼ਕ ਦੀ ਨਿਗਰਾਨੀ ਹੇਠ ਹੋਈ ਇਸ ਸਿਖਲਾਈ ਵਿਚ ਪੰਜਾਬ ਦੇ ਪੰਜ ਜ਼ਿਲ੍ਹਿਆਂ ਤੋਂ 17 ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਯੂਨੀਵਰਸਿਟੀ ਦੇ ਮਾਹਿਰਾਂ ਨੇ ਇਨ੍ਹਾਂ ਦੋਨਾਂ ਖੇਤਰਾਂ ਵਿੱਚ ਕਿਸਾਨਾਂ ਦੇ ਉਦਮੀ ਵਿਕਾਸ ਲਈ ਉਨ੍ਹਾਂ ਨੂੰ ਵਿਭਿੰਨ ਤਰੀਕੇ ਦਾ ਗਿਆਨ ਦਿੱਤਾ। ਉਨ੍ਹਾਂ ਨੂੰ ਭੋਜਨ ਸੁਰੱਖਿਆ ਦੇ ਭਾਰਤ ਸਰਕਾਰ ਦੇ ਨੇਮਾਂ ਅਤੇ ਮਾਪਦੰਡਾਂ ਬਾਰੇ ਵੀ ਦੱਸਿਆ ਗਿਆ।
ਇਹ ਵੀ ਪੜ੍ਹੋ: GADVASU: ਪਸ਼ੂ ਖੁਰਾਕ ਸੰਬੰਧੀ ਨਵੇਂ ਉਪਰਾਲਿਆਂ ਦਾ ਹੋਕਾ ਦੇ ਕੇ ਅੰਤਰ-ਰਾਸ਼ਟਰੀ ਕਾਨਫਰੰਸ ਹੋਈ ਸੰਪੂਰਨ
ਇਸ ਮੌਕੇ ਸਿੱਖਿਆਰਥੀਆਂ ਨੂੰ ਮੌਜ਼ਰੈਲਾ ਚੀਜ਼, ਮਿਲਕ ਕੇਕ, ਪਨੀਰ ਬਨਾਉਣ ਅਤੇ ਦੁੱਧ ਦੀ ਗੁਣਵੱਤਾ ਜਾਂਚਣ ਸੰਬੰਧੀ ਪ੍ਰਯੋਗੀ ਗਿਆਨ ਦਿੱਤਾ ਗਿਆ। ਉਨ੍ਹਾਂ ਨੂੰ ਯੂਨੀਵਰਸਿਟੀ ਦੇ ਪ੍ਰਯੋਗਿਕ ਦੁੱਧ ਪਲਾਂਟ ਦਾ ਦੌਰਾ ਵੀ ਕਰਵਾਇਆ ਗਿਆ।
ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਪਰਕਾਸ਼ ਸਿੰਘ ਬਰਾੜ ਨੇ ਉਨ੍ਹਾਂ ਨੂੰ ਦੁੱਧ ਦੀ ਪ੍ਰਾਸੈਸਿੰਗ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ ਆਰਥਿਕ ਤੌਰ ’ਤੇ ਬਹੁਤ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਦੇ ਪੇਸ਼ੇਵਰਾਂ ਨੇ ਅੰਤਰ-ਰਾਸ਼ਟਰੀ ਕਾਨਫਰੰਸ ਵਿੱਚ ਖੱਟਿਆ ਨਾਮਣਾ
ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਨੇ ਕਿਹਾ ਕਿ ਉਨ੍ਹਾਂ ਦਾ ਕਾਲਜ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੀ ਪੇਸ਼ੇਵਰ ਸਹਾਇਤਾ ਦੇਣ ਲਈ ਸਦਾ ਉਪਲਬੱਧ ਹੈ।
ਪ੍ਰੋਗਰਾਮ ਦੌਰਾਨ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਯੂਨੀਵਰਸਿਟੀ ਦਾ ਸਾਹਿਤ ਦਿੱਤਾ ਗਿਆ। ਸਿਖਲਾਈ ਦਾ ਸੰਯੋਜਨ ਡਾ. ਇੰਦਰਪ੍ਰੀਤ ਕੌਰ, ਡਾ. ਜਸਵਿੰਦਰ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਕੀਤਾ।
Summary in English: Good news for dairy farmers, know new initiatives related to dairy farming and milk processing