ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਵਲੋਂ ’ਆਜ਼ਾਦੀ ਦਾ ਅੰਮਿ੍ਰਤ ਮਹੋਤਸਵ - ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ’ ਸੰਕਲਪ ਅਧੀਨ ਬੱਕਰੀ ਪਾਲਣ ਸੰਬੰਧੀ ਇਕ ਹਫ਼ਤੇ ਦਾ ਸਿਖਲਾਈ ਕੋਰਸ ਕਰਵਾਇਆ ਗਿਆ।ਕੋਰਸ ਦਾ ਮੁੱਖ ਮੰਤਵ ਹਾਸ਼ੀਆਗਤ ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਬੱਕਰੀ ਪਾਲਣ ਨੂੰ ਇਕ ਉਦਮ ਵਜੋਂ ਸਥਾਪਿਤ ਕਰਨ ਸੰਬੰਧੀ ਸਿੱਖਿਅਤ ਕਰਨਾ ਸੀ।
ਕੋਰਸ ਦੇ ਸੰਯੋਜਕ, ਡਾ. ਰਾਜੇਸ਼ ਕਸਰੀਜਾ ਅਤੇ ਡਾ. ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਸਿਖਲਾਈ ਵਿਚ ਪੰਜਾਬ ਅਤੇ ਨਾਲ ਲਗਦੇ ਸੂਬਿਆਂ 21 ਸਿੱਖਿਆਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਇਕ ਔਰਤ ਵੀ ਸੀ।ਸਿੱਖਿਆਰਥੀਆਂ ਨੂੰ ਨਸਲ, ਆਮ ਪ੍ਰਬੰਧਨ, ਢਾਰਾ ਪ੍ਰਬੰਧ, ਮੌਸਮੀ ਪ੍ਰਬੰਧ, ਟੀਕਾਕਰਨ, ਬੀਮਾਰੀਆਂ ਅਤੇ ਉਨ੍ਹਾਂ ਦੇ ਬਚਾਅ, ਦੁੱਧ ਅਤੇ ਮੀਟ ਦੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨੇ ਅਤੇ ਬੱਕਰੀ ਪਾਲਣ ਦੀ ਆਰਥਿਕਤਾ ਬਾਰੇ ਪੁਰਨ ਜਾਣਕਾਰੀ ਦਿੱਤੀ ਗਈ।
ਸ਼ਬਦੀ ਗਿਆਨ ਦੇ ਨਾਲ ਉਨ੍ਹਾਂ ਨੂੰ ਵਿਹਾਰਕ ਅਤੇ ਪ੍ਰਯੋਗੀ ਸਿੱਖਿਆ ਵੀ ਦਿੱਤੀ ਗਈ।ਇਸ ਗਿਆਨ ਵਿਚ ਬੱਕਰੀਆਂ ਨੂੰ ਸੰਭਾਲਣਾ, ਤਾਪਮਾਨ ਲੈਣਾ, ਸਿਹਤਮੰਦ ਜਾਨਵਰ ਦੀ ਪਛਾਣ ਕਰਨਾ, ਉਮਰ ਦੀ ਪਛਾਣ ਕਰਨਾ ਅਤੇ ਖੁਰ ਪ੍ਰਬੰਧਨ ਬਾਰੇ ਦੱਸਿਆ ਗਿਆ।ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਬੱਕਰੀ ਪਾਲਣ ਦਾ ਕਿੱਤਾ ਇਕ ਟਿਕਾਊ ਅਤੇ ਚੰਗੀ ਆਮਦਨ ਦੇਣ ਵਾਲਾ ਵਸੀਲਾ ਹੈ ਜਿਸ ਸੰਬੰਧੀ ਨੌਜਵਾਨ ਕਿਸਾਨਾਂ ਅਤੇ ਔਰਤਾਂ ਭਾਰੀ ਰੁਚੀ ਵਿਖਾ ਰਹੇ ਹਨ।ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਕਿੱਤਾ ਕਰਨ ਵਾਲਿਆਂ ਨੂੰ ਗੁਣਵੱਤਾ ਭਰਪੂਰ ਉਤਪਾਦ ਜਰੂਰ ਤਿਆਰ ਕਰਨੇ ਚਾਹੀਦੇ ਹਨ।
ਉਨ੍ਹਾਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਆਜ਼ਾਦੀ ਦੇ 75ਵੇਂ ਵਰ੍ਹੇ ਦੇ ਸੰਬੰਧ ਵਿਚ ਯੂਨੀਵਰਸਿਟੀ ਵੱਲੋਂ ਆਪਣੀ ਪ੍ਰਕਾਸ਼ਨਾਵਾਂ ’ਤੇ 20 ਪ੍ਰਤੀਸ਼ਤ ਦੀ ਛੋਟ ਦਿੱਤੀ ਜਾ ਰਹੀ ਹੈ, ਜਿਸ ਦਾ ਕਿਸਾਨ ਵੀਰਾਂ ਨੂੰ ਲਾਭ ਲੈਣਾ ਚਾਹੀਦਾ ਹੈ।ਇਹ ਛੋਟ ਅਗਸਤ ਦਾ ਸਾਰਾ ਮਹੀਨਾ ਚਲਦੀ ਰਹੇਗੀ ਜਿਸ ਵਾਸਤੇ ਕਿਸਾਨ ਸੂਚਨਾ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਡਾ. ਰਾਕੇਸ਼ ਸ਼ਰਮਾ, ਵਿਭਾਗ ਮੁਖੀ ਨੇ ਕਿਹਾ ਕਿ ਬੱਕਰੀ ਪਾਲਣ ਸੰਬੰਧੀ ਗਿਆਨ ਲੈਣ ਵਾਸਤੇ ਪਸ਼ੂ ਪਾਲਕ ਇਸ ਸੰਬੰਧੀ ਪ੍ਰਕਾਸ਼ਿਤ ਪੁਸਤਕ ਵੀ ਲੈ ਸਕਦੇ ਹਨ ਜਾਂ ਫਿਰ ਗੂਗਲ ਪਲੇਅ ਸਟੋਰ ਤੋਂ ਯੂਨੀਵਰਸਿਟੀ ਦੀ ਬੱਕਰੀ ਪਾਲਣ ਐਪ ਵੀ ਡਾਊਨਲੋਡ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਇਸ ਮਹੀਨੇ ਹੋਰ ਸਿਖਲਾਈ ਕੋਰਸ ਵੀ ਕਰਵਾਏ ਜਾਣਗੇ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Goat rearing - sustainable and income generating occupation: veterinary specialist