ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਉਨ੍ਹਾਂ ਨੇ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਅਤੇ ਯੂਨੀਵਰਸਿਟੀ ਦੇ ਡੀਨ ਅਤੇ ਨਿਰਦੇਸ਼ਕਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਕੁੱਲ ਖੇਤੀ ਘਰੇਲੂ ਉਤਪਾਦ ਵਿੱਚ ਪਸ਼ੂ ਪਾਲਣ ਦਾ ਹਿੱਸਾ 38 ਫੀਸਦੀ ਹੈ, ਜਦੋਂਕਿ ਖੇਤੀ ਖੇਤਰ ਦੇ ਬਜਟ ਵਿੱਚ ਪਸ਼ੂ ਪਾਲਣ ਦਾ ਹਿੱਸਾ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਵਾਧਾ ਕਰਨਾ ਜ਼ਰੂਰੀ ਹੈ ਤਾਂ ਜੋ ਪਸ਼ੂ ਪਾਲਣ ਖੇਤਰ ਦਾ ਪੂਰਾ ਵਿਕਾਸ ਹੋ ਸਕੇ।
ਅੱਗੇ ਬੋਲਦਿਆਂ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਯੂਨੀਵਰਸਿਟੀ ਮੁਲਕ ਦੀ ਪਹਿਲੇ ਨੰਬਰ ਦੀ ਵੈਟਨਰੀ ਯੂਨੀਵਰਸਿਟੀ ਹੈ, ਇਸ ਲਈ ਯੂਨੀਵਰਸਿਟੀ ਨੂੰ ਵਿਤੀ ਤੌਰ ’ਤੇ ਵਧੇਰੇ ਗਰਾਂਟ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Dairy Animals ਦਾ ਉਤਪਾਦਨ ਵਧਾਉਣ ਸੰਬੰਧੀ ਉੱਚ ਪੱਧਰੀ ਵਿਚਾਰ ਵਟਾਂਦਰਾ
ਸ. ਸੰਧਵਾਂ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਪੰਜਾਬ ਦੇ ਪਸ਼ੂ ਪਾਲਣ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਯੂਨੀਵਰਸਿਟੀ ਦੀਆਂ ਵਿੱਤੀ ਮੰਗਾਂ ਨੂੰ ਵਿੱਤ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਣਗੇ ਅਤੇ ਉਨ੍ਹਾਂ ਦਾ ਹੱਲ ਕਰਵਾਉਣਗੇ।
ਮੀਟਿੰਗ ਵਿਚ ਬੇਸਹਾਰਾ ਪਸ਼ੂਆਂ ਕਾਰਣ ਸੜਕਾਂ ’ਤੇ ਹੁੰਦੀਆਂ ਦੁਰਘਟਨਾਵਾਂ, ਖੇਤਾਂ ਵਿੱਚ ਹੁੰਦੇ ਨੁਕਸਾਨ ਅਤੇ ਇਨ੍ਹਾਂ ਪਸ਼ੂਆਂ ਦੇ ਦੁਖਦਾਈ ਜੀਵਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸ. ਸੰਧਵਾਂ ਨੇ ਕਿਹਾ ਕਿ ਇਹ ਇਕ ਬਹੁਤ ਗੰਭੀਰ ਮਸਲਾ ਹੈ ਅਤੇ ਇਸ ਦਾ ਹੱਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : ਵੈਟਨਰੀ ਯੂਨੀਵਰਸਿਟੀ ਨੇ ‘One Health’ ਨੂੰ ਉਤਸਾਹਿਤ ਕਰਨ ਲਈ ਕੀਤਾ MoU Sign
ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਸਾਰੀਆਂ ਭਾਈਵਾਲ ਧਿਰਾਂ ਨਾਲ ਇਕ ਮੀਟਿੰਗ ਕਰਨਗੇੇ ਜਿਸ ਵਿੱਚ ਸਾਰਿਆਂ ਦੇ ਵਿਚਾਰ ਜਾਣ ਕੇ ਇਕ ਆਮ ਰਾਏ ’ਤੇ ਪਹੁੰਚਣ ਦਾ ਯਤਨ ਕੀਤਾ ਜਾਏਗਾ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਮਾਹਿਰ ਇਸ ਸਮੱਸਿਆ ਦੇ ਹੱਲ ਲਈ ਪੂਰੀ ਸੇਧ ਦੇਣ ਦੇ ਸਮਰੱਥ ਹਨ।
ਸ. ਸੰਧਵਾਂ ਨੇ ਡਾ. ਇੰਦਰਜੀਤ ਸਿੰਘ ਅਤੇ ਅਧਿਕਾਰੀਆਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਵਿਧਾਨ ਸਭਾ ਦੇ ਦੇ ਆਉਂਦੇ ਸੈਸ਼ਨ ਦੌਰਾਨ ਯੂਨੀਵਰਸਿਟੀ ਦਾ ਵਫ਼ਦ ਲੈ ਕੇ ਵਿਧਾਨ ਸਭਾ ਦਾ ਦੌਰਾ ਵੀ ਕਰਨ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Financial demands of Veterinary University will be resolved: Sandhwan