ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਨ ਹੈਲਥ ਕੇਂਦਰ ਦੇ ਨਿਰਦੇਸ਼ਕ, ਡਾ. ਜਸਬੀਰ ਸਿੰਘ ਬੇਦੀ ਨੂੰ ਇੰਡੀਅਨ ਐਸੋਸੀਏਸ਼ਨ ਆਫ ਵੈਟਨਰੀ ਪਬਲਿਕ ਹੈਲਥ ਸਪੈਸ਼ਲਿਸਟ ਨੇ ਬਤੌਰ ਫੈਲੋ ਸਨਮਾਨ ਦਿੱਤਾ ਹੈ।
ਡਾ. ਬੇਦੀ ਨੇ ਸਾਲ 2004 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਹਾਇਕ ਪ੍ਰੋਫੈਸਰ ਦੇ ਰੂਪ ਵਿਚ ਆਪਣੀ ਸੇਵਾ ਸ਼ੁਰੂ ਕੀਤੀ।ਉਹ ਵੈਟਨਰੀ ਜਨਤਕ ਸਿਹਤ ਅਤੇ ਮਹਾਂਮਾਰੀ ਵਿਗਿਆਨ ਦੇ ਖੇਤਰ ਦੇ ਮਾਹਿਰ ਹਨ।ਉਨ੍ਹਾਂ ਨੂੰ 17 ਸਾਲ ਦਾ ਅਧਿਆਪਨ, ਖੋਜ ਅਤੇ ਪਸਾਰ ਸਿੱਖਿਆ ਦਾ ਤਜਰਬਾ ਹੈ।ਉਨ੍ਹਾਂ ਨੇ ਰਾਸ਼ਟਰ ਮੰਡਲ ਵਜੀਫੇ ਰਾਹੀਂ ਆਪਣੀ ਐਮ. ਐਸ. ਸੀ ਦੀ ਡਿਗਰੀ ਅਤੇ ਪੀਐਚ.ਡੀ ਦੀ ਪੜ੍ਹਾਈ ਇੰਗਲੈਂਡ ਦੀਆਂ ਨਾਮੀ ਯੂਨੀਵਰਸਿਟੀਆਂ ਤੋਂ ਕੀਤੀ।ਉਨ੍ਹਾਂ ਨੇ ਅਮਰੀਕਾ ਦੀ ਵਰਜੀਨੀਆ ਪੌਲੀਟੈਕਨਿਕ ਯੂਨੀਵਰਸਿਟੀ ਤੋਂ ਵੀ ਖੋਜਾਰਥੀ ਦੇ ਤੌਰ ’ਤੇ ਖੋਜ ਤਜਰਬਾ ਹਾਸਿਲ ਕੀਤਾ।
ਡਾ. ਬੇਦੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖੋਜ ਰਸਾਲਿਆਂ ਵਿਚ ਆਪਣੇ 100 ਤੋਂ ਵਧੇਰੇ ਖੋਜ ਪੱਤਰ ਪ੍ਰਕਾਸ਼ਿਤ ਕਰਵਾ ਚੁੱਕੇ ਹਨ।ਉਨ੍ਹਾਂ ਨੇ ਵੈਟਨਰੀ ਵਿਗਿਆਨ ਦੇ ਵਿਸ਼ੇ ਵਿਚ 30 ਤੋਂ ਵਧੇਰੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਹੈ।ਡਾ. ਬੇਦੀ ਨੇ ਭਾਰਤ ਸਰਕਾਰ ਦੇ ਨਾਮੀ ਅਦਾਰਿਆਂ ਅਤੇ ਖੋਜ ਸੰਸਥਾਵਾਂ ਦੀ ਸਹਾਇਤਾ ਨਾਲ ਕਈ ਖੋਜ ਪ੍ਰਾਜੈਕਟਾਂ ਦੀ ਨਿਗਰਾਨੀ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਵਨ ਹੈਲਥ ਦੇ ਵਿਸ਼ੇ ’ਤੇ ਕਈ ਵੈਬੀਨਾਰ, ਸੈਮੀਨਾਰ ਅਤੇ ਕਾਰਜਸ਼ਾਲਾਵਾਂ ਦਾ ਆਯੋਜਨ ਕੀਤਾ ਹੈ, ਜਿਸ ਵਿਚ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ, ਭੋਜਨ ਸੁਰੱਖਿਆ ਅਤੇ ਐਂਟੀਮਾਇਕਰੋਬੀਅਲ ਪ੍ਰਤੀਰੋਧ ਸਮਰੱਥਾ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।ਡਾ. ਬੇਦੀ ਨੂੰ ਕਈ ਮਾਣਮੱਤੇ ਸਨਮਾਨ ਵੀ ਪ੍ਰਾਪਤ ਹੋ ਚੁੱਕੇ ਹਨ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਉਹ ਅਜਿਹੇ ਉਪਰਾਲੇ ਕਰਦੇ ਰਹਿਣਗੇ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Fellow of the National Society of Veterinary University Educationist