Farmer First Project: ਪੰਜਾਬ ਦੇ ਕਿਸਾਨ ਜਗਤਾਰ ਸਿੰਘ ਅਜਿਹੇ ਚਿਹਰੇ ਵੱਜੋਂ ਉਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਰਿਵਾਇਤੀ ਖੇਤੀ ਦੇ ਚੱਕਰ ਨੂੰ ਛੱਡ ਕੇ ਨਵੇਕਲਾ ਢੰਗ ਅਪਣਾਇਆ ਤੇ ਸੂਬੇ 'ਚ ਆਪਣੀ ਵੱਖਰੀ ਪਛਾਣ ਬਣਾਉਣ 'ਚ ਸਫਲਤਾ ਹਾਸਿਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ‘ਫਾਰਮਰ ਫਸਟ ਪ੍ਰਾਜੈਕਟ’ ਨਾਲ ਜੁੜੇ ਕਿਸਾਨ ਨੂੰ ਕੌਮੀ ਪੱਧਰ ’ਤੇ ਸਨਮਾਨਿਤ ਕੀਤਾ ਗਿਆ ਹੈ।
National Award: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਚਲਾਏ ਜਾ ਰਹੇ ‘ਫਾਰਮਰ ਫਸਟ ਪ੍ਰਾਜੈਕਟ’ ਨਾਲ ਜੁੜੇ ਕਿਸਾਨ ਜਗਤਾਰ ਸਿੰਘ ਨੂੰ ਕੌਮੀ ਪੱਧਰ ’ਤੇ ਸਨਮਾਨਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਕਿਸਾਨ ਜਗਤਾਰ ਸਿੰਘ ਨੇ ਏਕੀਕ੍ਰਿਤ ਖੇਤੀ ਢਾਂਚਾ ਆਪਣਾ ਕੇ ਇਹ ਸਫ਼ਲਤਾ ਹਾਸਿਲ ਕੀਤੀ ਹੈ। ਕਿਸਾਨ ਜਗਤਾਰ ਸਿੰਘ ਨੂੰ ਇਹ ਸਨਮਾਨ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਹੈਦਰਾਬਾਦ ਵਿਖੇ ਕਾਰਜਸ਼ੀਲ ਸੰਸਥਾ ਵਿੱਚ ਦਿੱਤਾ ਗਿਆ।
ਦੱਸ ਦੇਈਏ ਕਿ ਜਗਤਾਰ ਸਿੰਘ ਨਵੰਬਰ 2016 ਤੋਂ ਇਸ ਪ੍ਰਾਜੈਕਟ ਨਾਲ ਜੁੜੇ ਹੋਏ ਹਨ। ਪਹਿਲਾਂ ਉਹ ਸਿਰਫ ਕਣਕ-ਝੋਨੇ ਦੀ ਕਾਸ਼ਤ ਕਰਦੇ ਸਨ, ਜੋ ਕਿ ਬਹੁਤੀ ਮੁਨਾਫ਼ੇਵੰਦ ਨਹੀਂ ਸੀ, ਪਰ ਇਸ ਪ੍ਰਾਜੈਕਟ ਨਾਲ ਜੁੜ ਕੇ ਅਤੇ ਜਾਗਰੂਕਤਾ ਪ੍ਰਾਪਤ ਕਰਦਿਆਂ ਉਨ੍ਹਾਂ ਨੇ ਵਿਗਿਆਨੀ ਕਿਸਾਨ ਮਿਲਣੀਆਂ, ਸਿਖਲਾਈ ਪ੍ਰੋਗਰਾਮ, ਵਿਭਿੰਨ ਪ੍ਰਦਰਸ਼ਨੀਆਂ ਆਦਿ ਦਾ ਲਾਭ ਲੈਂਦਿਆਂ ਹੋਇਆਂ ਧਾਤਾਂ ਦਾ ਚੂਰਾ, ਪਸ਼ੂ ਚਾਟ ਅਤੇ ਹੋਰ ਕਈ ਤਕਨਾਲੋਜੀਆਂ ਸਿੱਖੀਆਂ।
ਇਸ ਪ੍ਰਾਜੈਕਟ ਤਹਿਤ ਕਿਸਾਨਾਂ ਨੂੰ ਵਿਭਿੰਨ ਤਰੀਕਿਆਂ ਦੀਆਂ ਕਿੱਟਾਂ ਵੀ ਮੁਹੱਈਆ ਕੀਤੀਆਂ ਜਾਂਦੀਆਂ ਹਨ। ਇਸ ਏਕੀਕਿ੍ਰਤ ਢਾਂਚੇ ਨਾਲ ਹੁਣ ਸਾਰਾ ਸਾਲ ਉਨ੍ਹਾਂ ਨੂੰ ਵਧੀਆ ਆਮਦਨ ਹੁੰਦੀ ਹੈ। ਉਹ ਡੇਢ ਏਕੜ ਭੂਮੀ ’ਤੇ ਬਾਗਬਾਨੀ, ਸਬਜ਼ੀ ਅਤੇ ਡੇਅਰੀ ਦਾ ਕਿੱਤਾ ਕਰ ਰਹੇ ਹਨ। ਇਹ ਪ੍ਰਾਜੈਕਟ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਵਿਤੀ ਸਹਾਇਤਾ ਪ੍ਰਾਪਤ ਹੈ, ਜੋ ਕਿ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਦੀ ਨਿਗਰਾਨੀ ਅਧੀਨ ਚਲਾਇਆ ਜਾ ਰਿਹਾ ਹੈ।
ਡਾ. ਵਾਈ ਐਸ ਜਾਦੋਂ, ਮੁੱਖ ਨਿਰੀਖਕ ਦੇ ਤੌਰ ’ਤੇ ਸੇਵਾਵਾਂ ਦੇ ਰਹੇ ਹਨ। ਡਾ. ਬਰਾੜ ਨੇ ਇਸ ਕੌਮੀ ਸਨਮਾਨ ਲਈ ਸਾਰੀ ਟੀਮ ਨੂੰ ਵਧਾਈ ਦਿੱਤੀ। ਡਾ. ਰਾਜਬੀਰ ਸਿੰਘ, ਨਿਰਦੇਸ਼ਕ, ਅਟਾਰੀ, ਭਾਰਤੀ ਖੇਤੀ ਖੋਜ ਪਰਿਸ਼ਦ ਨੇ ਮੁਬਾਰਕ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਕਿਸਾਨਾਂ ਨੂੰ ਉਦਮੀ ਬਣਨ ਵਿੱਚ ਸਫ਼ਲਤਾ ਪ੍ਰਾਪਤ ਹੋ ਰਹੀ ਹੈ।
ਇਹ ਵੀ ਪੜ੍ਹੋ : ਹੁਣ ਕਿਸਾਨਾਂ ਨੂੰ ਖਾਦਾਂ ਤੇ ਕੀਟਨਾਸ਼ਕਾਂ ਦੇ ਛਿੜਕਾਅ ਲਈ ਮਿਲੇਗਾ ਡਰੋਨ, ਜਾਣੋ ਕੀ ਹੈ ਯੋਜਨਾ
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਰੀ ਟੀਮ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਅਗਾਂਹਵਧੂ ਕਿਸਾਨ ਦੂਸਰੇ ਕਿਸਾਨਾਂ ਲਈ ਵੀ ਪ੍ਰੇਰਣਾ ਦਾ ਪ੍ਰਤੀਕ ਬਣਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਵਿਧੀਆਂ ਨਾਲ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕੀਤਾ ਜਾ ਸਕਦਾ ਹੈ।
Summary in English: Farmer's honor at the National level, success achieved through 'Farmer First Project'